ਫਿਰੋਜ਼ਪੁਰ ’ਚ RSS ਦੇ ਦਫ਼ਤਰ ’ਚੋਂ ਚੋਰ LED ਲਾਹ ਕੇ ਲੈ ਗਏ, ਘਟਨਾ ਹੋਈ ਕੈਮਰੇ ’ਚ ਕੈਦ

04/16/2022 4:03:50 PM

ਫਿਰੋਜ਼ਪੁਰ (ਕੁਮਾਰ) : ਪਿਛਲੇ ਕਾਫੀ ਸਮੇਂ ਤੋਂ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ। ਕਦੇ ਕਿਸੇ ਦੁਕਾਨ, ਕਦੇ ਕਿਸੇ ਘਰ, ਕਦੇ ਬੈਂਕਾਂ ਜਾਂ ਘਰਾਂ ਅਤੇ ਪਾਰਕਾਂ ਆਦਿ ਦੇ ਬਾਹਰ ਖੜ੍ਹੇ ਮੋਟਰਸਾਈਕਲ ਚੋਰੀ ਹੋਣ ਆਉਂਦੀਆਂ ਜਾਂਦੀਆਂ ਔਰਤਾਂ ਦੇ ਪਰਸ ਤੇ ਮੋਬਾਇਲ ਫੋਨ ਖੋਹਣ ਅਤੇ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਬੇਸ਼ੱਕ ਪੁਲਸ ਨੇ ਬੀਤੇ ਸਮੇਂ ਦੌਰਾਨ ਵੱਡੇ ਪੱਧਰ ’ਤੇ ਚੋਰ ਵਾਹਨ ਗਿਰੋਹ ਨੂੰ ਫੜ ਕੇ ਚੋਰੀ ਦੇ ਮੋਟਰਸਾਈਕਲ ਅਤੇ ਸਕੂਟਰ ਆਦਿ ਬਰਾਮਦ ਕੀਤੇ ਹਨ, ਪਰ ਚੋਰੀ ਅਤੇ ਲੁੱਟਖੋਹ ਦੀਆਂ ਅਜਿਹੀਆਂ ਘਟਨਾਵਾਂ ਤੋਂ ਆਮ ਲੋਕ ਕਾਫੀ ਪ੍ਰੇਸ਼ਾਨ ਹਨ। ਚੋਰਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਚੌਕ ਨੇੜੇ ਸਥਿਤ ਆਰ. ਐੱਸ.ਐੱਸ. ਦਫ਼ਤਰ ਨੂੰ ਵੀ ਨਹੀਂ ਬਖਸ਼ਿਆ ਅਤੇ ਕੰਧ ਟੱਪ ਕੇ ਸੰਘ ਦੇ ਦਫ਼ਤਰ ਵਿੱਚ ਲੱਗੀ ਐੱਲ.ਈ.ਡੀ ਲਾਹ ਕੇ ਲੈ ਗਏ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਇਹ ਵੀ ਪੜ੍ਹੋ : ਸ਼ਰਾਬ ਛੁਡਵਾਉਣ ਆਏ ਮਰੀਜ਼ ਦੀ ਹੋਈ ਮੌਤ, ਪਰਿਵਾਰ ਨੇ ਡਾਕਟਰਾਂ ’ਤੇ ਲਗਾਏ ਗਲਤ ਦਵਾਈ ਦੇਣ ਦੇ ਦੋਸ਼

ਭਾਜਪਾ ਆਗੂ ਸ੍ਰੀ ਦਵਿੰਦਰ ਬਜਾਜ ਅਤੇ ਅਸ਼ਵਨੀ ਗਰੋਵਰ ਨੇ ਦੱਸਿਆ ਕਿ ਸੰਘ ਦੇ ਦਫ਼ਤਰ ਵਿੱਚ ਚੋਰੀ ਕਰਨ ਵਾਲੇ ਚੋਰਾਂ ਦੀਆਂ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋਈਆਂ ਸਾਰੀਆਂ ਤਸਵੀਰਾਂ ਪੁਲਸ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ ਅਤੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਦੋਂ ਚੋਰ ਫੜੇ ਜਾਂਦੇ ਹਨ ਅਤੇ ਕਦੋਂ ਉਨ੍ਹਾਂ ਤੋਂ ਚੋਰੀ ਹੋਈ ਐੱਲ.ਈ.ਡੀ ਬਰਾਮਦ ਕੀਤੀ ਜਾਂਦੀ ਹੈ। ਭਾਜਪਾ ਆਗੂ ਸ੍ਰੀ ਦਵਿੰਦਰ ਬਜਾਜ, ਅਸ਼ਵਨੀ ਗਰੋਵਰ, ਚਰਨ ਦਾਸ ਹਾਂਡਾ, ਗੋਬਿੰਦ ਰਾਮ ਅਗਰਵਾਲ, ਦਵਿੰਦਰ ਨਾਰੰਗ ਨੇ ਦੱਸਿਆ ਕਿ ਬੀਤੇ ਦਿਨੀਂ ਭਾਜਪਾ ਵਰਕਰਾਂ ਦਾ ਇੱਕ ਵਫ਼ਦ ਫਿਰੋਜ਼ਪੁਰ ਦੇ ਨਵੇਂ ਆਏ ਐੱਸ.ਐੱਸ.ਪੀ ਸਰਦਾਰ ਚਰਨਜੀਤ ਸਿੰਘ ਸੋਹਲ ਨੂੰ ਮਿਲਿਆ ਅਤੇ ਉਨ੍ਹਾਂ ਦਾ ਸਵਾਗਤ ਕਰਦਿਆਂ ਭਾਜਪਾ ਵਰਕਰਾਂ ਨੇ ਉਨ੍ਹਾਂ ਨੂੰ ਸ਼ਹਿਰ ਛਾਉਣੀ ਦੀ ਸਥਿਤੀ ਅਤੇ ਅਮਨ ਕਾਨੂੰਨ ਦੀ ਸਥਿਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਲੋਕਾਂ ਦੇ ਦਿਲਾਂ ਵਿੱਚ ਬੈਠਾ ਚੋਰਾਂ ਅਤੇ ਲੁਟੇਰਿਆਂ ਦਾ ਡਰ ਦੂਰ ਕੀਤਾ ਜਾਵੇ ਤਾਂ ਜੋ ਲੋਕ ਬੇਫਿਕਰ ਹੋ ਕੇ ਸੜਕਾਂ ’ਤੇ ਘੁੰਮ ਸਕਣ ਅਤੇ ਸ਼ਾਂਤੀ ਭਰਿਆ ਜੀਵਨ ਬਤੀਤ ਕਰ ਸਕਣ।

PunjabKesari

ਇਹ ਵੀ ਪੜ੍ਹੋ : ਤਨਖਾਹਾਂ ਨਾ ਵਧਾ ਕੇ ‘ਆਪ’ ਸਰਕਾਰ ਨੇ ਕੀਤਾ ਧੋਖਾ, ਪੰਜਾਬ ’ਚ ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਐੱਸ.ਐੱਸ.ਪੀ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਚੋਰ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ ਅਤੇ ਕਿਸੇ ਨੂੰ ਵੀ ਅਮਨ ਕਾਨੂੰਨ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੁਟੇਰਿਆਂ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ ਜਾਵੇਗਾ ਅਤੇ ਪੁਲਸ ਵੱਲੋਂ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਚੋਰਾਂ ਅਤੇ ਲੁਟੇਰਿਆਂ ਨੂੰ ਫੜਨ ਲਈ ਵੱਡੀ ਯੋਜਨਾ ਬਣਾਈ ਗਈ ਹੈ ਅਤੇ ਜਲਦੀ ਹੀ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News