2 ਮਹੀਨਿਆਂ ''ਚ ਚੋਰੀ ਦੀਆਂ 40 ਵਾਰਦਾਤਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼

10/15/2019 1:02:47 AM

ਲੁਧਿਆਣਾ, (ਰਿਸ਼ੀ)— ਬੱਸ ਅੱਡਾ ਤੇ ਰੇਲਵੇ ਸਟੇਸ਼ਨ 'ਤੇ ਰਾਤ ਦੇ ਸਮੇਂ ਸੁੱਤੇ ਪਏ ਲੋਕਾਂ ਦੇ ਮੋਬਾਇਲ ਚੋਰੀ ਕਰਨ ਵਾਲੇ ਗੈਂਗ ਦਾ ਡਵੀਜ਼ਨ ਨੰ. 5 ਦੀ ਐੱਸ. ਐੱਚ. ਓ. ਰਿਚਾ ਦੀ ਪੁਲਸ ਵਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ ਗੈਂਗ ਦੇ 2 ਮੈਂਬਰਾਂ ਨੂੰ ਦਬੋਚ ਕੇ ਉਨ੍ਹਾਂ ਕੋਲੋਂ ਚੋਰੀ ਕੀਤੇ ਗਏ 19 ਮੋਬਾਇਲ ਬਰਾਮਦ ਕੀਤੇ ਹਨ। ਪੁਲਸ ਦਾ ਦਾਅਵਾ ਹੈ ਕਿ ਇਸ ਗੈਂਗ ਵਲੋਂ 2 ਮਹੀਨੇ 'ਚ 40 ਵਾਰਦਾਤਾਂ ਕੀਤੀਆਂ ਗਈਆਂ ਹਨ। ਉਪਰੋਕਤ ਜਾਣਕਾਰੀ ਡੀ. ਸੀ. ਪੀ. ਸਿਮਰਤਪਾਲ ਸਿੰਘ ਢੀਂਡਸਾ, ਏ. ਡੀ. ਸੀ. ਪੀ. ਗੁਰਪ੍ਰੀਤ ਕੌਰ ਪੁਰੇਵਾਲ, ਏ. ਡੀ. ਸੀ. ਪੀ. ਕ੍ਰਾਈਮ ਹਰੀਸ਼ ਕੁਮਾਰ, ਏ. ਸੀ. ਪੀ. ਸਿਵਲ ਲਾਈਨ ਜਤਿੰਦਰ ਕੁਮਾਰ ਨੇ ਪੱਤਰਕਾਰ ਸਮਾਗਮ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਹਨੀ ਸ਼ਰਮਾ ਅਤੇ ਬੰਟੀ ਵਜੋਂ ਹੋਈ ਹੈ। ਦੋਵੇਂ ਰਾਤ ਦੇ ਸਮੇਂ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ 'ਤੇ ਘੁੰਮ ਕੇ ਅਜਿਹੇ ਲੋਕਾਂ ਨੂੰ ਲੱਭਦੇ ਸਨ ਜੋ ਸ਼ਰਾਬ ਦੇ ਨਸ਼ੇ 'ਚ ਬੇਸੁੱਧ ਹੁੰਦੇ ਅਤੇ ਮੌਕਾ ਮਿਲਦੇ ਹੀ ਉਨ੍ਹਾਂ ਦਾ ਮੋਬਾਇਲ ਚੋਰੀ ਕਰ ਲੈਂਦੇ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਹੀ ਅੱਧੇ ਰੇਟ 'ਤੇ ਵੇਚ ਦਿੰਦੇ। ਦੋਵਾਂ ਖਿਲਾਫ ਪਹਿਲਾਂ ਵੀ 8 ਤੋਂ ਜ਼ਿਆਦਾ ਵੱਖ-ਵੱਖ ਪੁਲਸ ਸਟੇਸ਼ਨਾਂ 'ਚ ਕੇਸ ਦਰਜ ਹਨ ਤੇ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਏ ਹਨ। ਪੁਲਸ ਮੁਤਾਬਕ ਦੋਵੇਂ ਨਸ਼ਾ ਕਰਨ ਲਈ ਵਾਰਦਾਤਾਂ ਕਰਦੇ ਹਨ।


KamalJeet Singh

Content Editor

Related News