ਚੋਰ ਗਿਰੋਹ ਕਾਰਨ ਲੋਕਾਂ ''ਚ ਦਹਿਸ਼ਤ ਦਾ ਮਾਹੌਲ

07/03/2018 11:40:16 AM

ਭੀਖੀ, (ਸੰਦੀਪ)— ਬੀਤੇ ਕੁੱਝ ਦਿਨ ਪਹਿਲਾਂ ਰਾਤ ਸਮੇਂ ਸ਼ਹਿਰ ਅੰਦਰ ਘੁੰਮ ਰਹੇ ਚੋਰ ਗਿਰੋਹ ਨੇ ਸ਼ਹਿਰਵਾਸੀਆਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਜਦ ਕਿ ਇਸ ਦੇ ਉਲਟ ਪੁਲਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਰਾਤ ਸਮੇਂ ਇੱਕ ਚੋਰ ਗਿਰੋਹ ਸ਼ਹਿਰ ਅੰਦਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਸ਼ਰੇਆਮ ਘੁੰਮਦਾ ਨਜ਼ਰ ਆਇਆ। ਜਿੰਨ੍ਹਾਂ ਦੀਆਂ ਤਸਵੀਰਾਂ ਸ਼ਹਿਰ ਵਿੱਚ ਲੱਗੇ ਕੁੱਝ ਸੀ.ਸੀ.ਟੀ.ਵੀ ਕੈਮਰਿਆਂ 'ਚ ਕੈਦ ਹੋ ਗਈਆਂ ਜੋ ਅੱਜ ਕੱਲ ਸ਼ਹਿਰਵਾਸੀਆਂ ਦੇ ਮੋਬਾਇਲਾਂ ਰਾਹੀਂ ਵਾਇਰਲ ਹੋ ਰਹੀਆਂ ਹਨ। ਉਕਤ ਵੀਡੀਓ ਫੁਟੇਜ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਕਰੀਬ ਅੱਧੇ ਦਰਜਨ ਚੋਰ ਖੁੱਲ੍ਹੇਆਮ ਸ਼ਹਿਰ ਦੀਆਂ ਗਲੀਆਂ ਅਤੇ ਸੜਕਾਂ 'ਤੇ ਘੁੰਮ ਰਹੇ ਹਨ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਹਨ ਪਰ ਦੂਜੇ ਪਾਸੇ ਭੀਖੀ ਪੁਲਸ ਕੁੰਭਕਰਨੀ ਨੀਂਦ ਸੌਂ ਰਹੀ ਹੈ ਕਿਉਂਕਿ ਚੋਰ ਗਿਰੋਹ ਦਾ ਇਸ ਤਰ੍ਹਾਂ ਸ਼ਹਿਰ ਅੰਦਰ ਘੁੰਮਣਾ ਪੁਲਸ ਪ੍ਰਸ਼ਾਸਨ ਦੀ ਕਾਰਗੁਜਾਰੀ 'ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਪੁਲਸ ਪ੍ਰਸ਼ਾਸਨ ਕਿਸੇ ਵੱਡੀ ਵਾਰਦਾਤ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਉੱਧਰ ਇਸ ਗੱਲ ਨੂੰ ਲੈ ਕੇ ਸ਼ਹਿਰ ਵਾਸੀ ਸਹਿਮ ਦੇ ਮਾਹੌਲ ਹੇਠ ਰਹਿ ਰਹੇ ਹਨ ਅਤੇ ਲੋਕਾਂ ਅੰਦਰ ਦਹਿਸ਼ਤ ਦਾ ਆਲਮ ਹੈ। ਸ਼ਹਿਰ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇੰਨ੍ਹਾਂ ਚੋਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਸ਼ਹਿਰ ਵਾਸੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।