ਵਿਅਕਤੀ ਤੋਂ ਲੱਖਾਂ ਰੁਪਏ ਖੋਹ ਕੇ ਲਿਜਾਣ ਵਾਲੇ ਲੁਟੇਰੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ

11/29/2019 9:23:01 PM

ਫਿਰੋਜ਼ਪੁਰ, (ਕੁਮਾਰ)- ਫਿਰੋਜ਼ਪੁਰ ਸ਼ਹਿਰ ਦੇ ਪਿੰਡ ਸੱਦੂ ਸ਼ਾਹ ਵਾਲਾ ਦੇ ਸੇਵਾ-ਮੁਕਤ ਸਬ-ਇੰਸਪੈਕਟਰ ਤਾਰਾ ਸਿੰਘ ਤੋਂ ਉਸ ਦਾ 2 ਲੱਖ 64 ਹਜ਼ਾਰ ਰੁਪਏ ਵਾਲਾ ਥੈਲਾ ਖੋਹ ਕੇ ਲਿਜਾਣ ਵਾਲੇ 3 ਮੋਟਰਸਾਈਕਲ ਸਵਾਰ ਲੁਟੇਰੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ, ਜਿਨ੍ਹਾਂ ਦੀ ਅੱਜ ਫੋਟੋ ਰਿਲੀਜ਼ ਕੀਤੀ ਗਈ ਹੈ।
ਸੇਵਾ-ਮੁਕਤ ਸਬ-ਇੰਸਪੈਕਟਰ ਤਾਰਾ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੇ ਆਪਣੇ ਆੜ੍ਹਤੀ ਤੋਂ ਢਾਈ ਲੱਖ ਦਾ ਚੈੱਕ ਲਿਆ ਅਤੇ ਫਿਰੋਜ਼ਪੁਰ ਸ਼ਹਿਰ ਦੇ ਐੱਚ. ਡੀ. ਐੱਫ. ਸੀ. ਬੈਂਕ ਤੋਂ ਕੈਸ਼ ਕੱਢਵਾ ਕੇ ਉਸ ਨੇ ਉਹ ਢਾਈ ਲੱਖ ਰੁਪਏ ਅਤੇ 14 ਹਜ਼ਾਰ ਰੁਪਏ ਹੋਰ ਥੈਲੇ ਵਿਚ ਪਾ ਦਿੱਤੇ ਅਤੇ ਮੋਟਰਸਾਈਕਲ 'ਤੇ ਆਪਣੇ ਪਿੰਡ ਵੱਲ ਚੱਲ ਪਿਆ। ਤਾਰਾ ਸਿੰਘ ਅਨੁਸਾਰ ਪਿੰਡ ਵਿਚ ਖੇਤਾਂ ਕੋਲ ਜਦੋਂ ਉਸ ਨੇ ਆਪਣਾ ਮੋਟਰਸਾਈਕਲ ਖੜ੍ਹਾ ਕੀਤਾ ਤਾਂ ਇਕ ਮੋਟਰਸਾਈਕਲ 'ਤੇ ਤਿੰਨ ਲੁਟੇਰੇ ਆਏ ਅਤੇ ਉਸ ਦਾ ਕੈਸ਼ ਵਾਲਾ ਥੈਲਾ ਖੋਹ ਕੇ ਫਰਾਰ ਹੋ ਗਏ। ਉਸ ਨੇ ਆਪਣੇ ਪੱਧਰ 'ਤੇ ਇਨ੍ਹਾਂ ਲੁਟੇਰਿਆਂ ਦੀ ਤਲਾਸ਼ ਜਾਰੀ ਰੱਖੀ ਅਤੇ ਫਿਰੋਜ਼ਪੁਰ ਸ਼ਹਿਰ ਦੇ ਐੱਚ. ਡੀ. ਐੱਫ. ਸੀ. ਬੈਂਕ ਤੋਂ ਲੈ ਕੇ ਆਪਣੇ ਪਿੰਡ ਤੱਕ ਜਾਂਦੇ ਰਸਤੇ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਤਾਂ ਦੇਖਿਆ ਕਿ ਫਿਰੋਜ਼ਪੁਰ ਸ਼ਹਿਰ ਦੇ ਬੈਂਕ ਤੋਂ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਉਸ ਦਾ ਪਿੰਡ ਤੱਕ ਪਿੱਛਾ ਕਰਦੇ ਰਹੇ ਅਤੇ ਉਸ ਦਾ ਕੈਸ਼ ਨਾਲ ਭਰਿਆ ਥੈਲਾ ਖੋਹ ਕੇ ਫਰਾਰ ਹੋ ਗਏ। ਤਾਰਾ ਸਿੰਘ ਨੇ ਕਿਹਾ ਕਿ ਇਨ੍ਹਾਂ ਲੁਟੇਰਿ ਆਂ ਨੂੰ ਫੜਵਾਉਣ ਲਈ ਉਹ ਲਗਾਤਾਰ ਪੁਲਸ ਦੇ ਸੰਪਰਕ ਵਿਚ ਹਨ। ਪੀੜਤ ਨੇ ਐੱਸ. ਐੱਸ. ਪੀ. ਫਿਰੋਜ਼ਪੁਰ ਤੋਂ ਮੰਗ ਕੀਤੀ ਕਿ ਇਨ੍ਹਾਂ ਲੁਟੇਰਿਆਂ ਦਾ ਪਤਾ ਲਾਉਣ ਅਤੇ ਫੜਨ ਲਈ ਵਿਸ਼ੇਸ਼ ਤੌਰ 'ਤੇ ਪੁਲਸ ਟੀਮ ਲਾਈ ਜਾਵੇ।

ਬੈਂਕਾਂ ਅੰਦਰ ਅਤੇ ਬਾਹਰ ਰੈਕੀ ਕਰਦੇ ਹਨ ਇਹ ਚੋਰ-ਲੁਟੇਰੇ

ਤਾਰਾ ਸਿੰਘ ਸੇਵਾ-ਮੁਕਤ ਸਬ-ਇੰਸਪੈਕਟਰ ਨੇ ਦੱਸਿਆ ਕਿ ਚੋਰੀ ਅਤੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹ ਚੋਰ-ਲੁਟੇਰੇ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਬੈਂਕ ਅੰਦਰ ਅਤੇ ਬਾਹਰ ਰੈਕੀ ਕਰਦੇ ਹਨ। ਇਨ੍ਹਾਂ ਦੇ 1-2 ਸਾਥੀ ਬੈਂਕ ਵਿਚ ਪੈਸਾ ਜਮ੍ਹਾ ਕਰਵਾਉਣ ਜਾਂ ਕਢਵਾਉਣ ਦੇ ਫਰਮ ਫੜ ਕੇ ਇਧਰ-ਉਧਰ ਘੁੰਮਦੇ ਰਹਿੰਦੇ ਹਨ ਅਤੇ ਫਿਰ ਫੋਨ ਕਰ ਕੇ ਆਪਣੇ ਬਾਹਰ ਖੜ੍ਹੇ ਸਾਥੀਆਂ ਨੂੰ ਦੱਸਦੇ ਹਨ ਕਿ ਕਿਸ ਵਿਅਕਤੀ ਨੇ ਕਿੰਨਾ ਕੈਸ਼ ਕਢਵਾਇਆ ਹੈ ਅਤੇ ਉਸ ਵਿਅਕਤੀ ਦੇ ਪਿੱਛੇ ਲੱਗ ਜਾਂਦੇ ਹਨ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ।

ਬੈਂਕਾਂ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾਣ ਅਤੇ ਬੈਂਕਾਂ ਦੇ ਬਾਹਰ ਖੜ੍ਹੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾਵੇ

ਫਿਰੋਜ਼ਪੁਰ ਦੇ ਲੋਕਾਂ ਦੀ ਮੰਗ ਹੈ ਕਿ ਐੱਸ. ਐੱਸ. ਪੀ. ਫਿਰੋਜ਼ਪੁਰ ਪੁਲਸ ਅਧਿਕਾਰੀਆਂ ਦੀ ਟੀਮ ਗਠਿਤ ਕਰ ਕੇ ਬੈਂਕ ਦੇ ਅੰਦਰ ਅਤੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ ਅਤੇ ਪਤਾ ਲਾਉਣ ਕਿ ਉਹ ਕੈਮਰੇ ਚਾਲੂ ਹਾਲਤ ਵਿਚ ਹਨ ਜਾਂ ਨਹੀਂ। ਲੋਕਾਂ ਦਾ ਮੰਨਣਾ ਹੈ ਕਿ ਜਦੋਂ ਜ਼ਰੂਰਤ ਪੈਂਦੀ ਹੈ ਤਾਂ ਜ਼ਿਆਦਾਤਰ ਬੈਂਕਾਂ ਦੇ ਕੈਮਰੇ ਬੰਦ ਹੁੰਦੇ ਹਨ ਜਾਂ ਉਸ ਵਿਚ ਕਿਸੇ ਵੀ ਵਿਅਕਤੀ ਦੀ ਠੀਕ ਤਰ੍ਹਾਂ ਫੋਟੋ ਨਜ਼ਰ ਨਹੀਂ ਆਉਂਦੀ।


Bharat Thapa

Content Editor

Related News