ਪ੍ਰਦੂਸ਼ਣ ਦੀ ਚਾਦਰ ਨਾਲ ਆਸਮਾਨ ਢਕਿਆ, ਹਵਾ ’ਚ ਘੁਲੇ ਜ਼ਹਿਰ ਨਾਲ  ਸਾਹ ਲੈਣਾ ਵੀ ਮੁਸ਼ਕਲ

11/12/2018 12:30:36 AM

ਸ਼ੇਰਪੁਰ, (ਅਨੀਸ਼)- ਇਨ੍ਹਾਂ ਦਿਨਾਂ ’ਚ ਪ੍ਰਦੂਸ਼ਣ ਦੀ ਚਾਦਰ ਨਾਲ ਪੂਰਾ ਆਸਮਾਨ ਢਕਿਆ ਹੋਇਆ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਹਵਾ ’ਚ ਘੁਲੇ ਜ਼ਹਿਰ ਨਾਲ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ। ਦੀਵਾਲੀ ਦੌਰਾਨ ਪਟਾਕੇ ਅਤੇ ਇਸ ਤੋਂ ਪਹਿਲਾਂ ਤੇ ਬਾਅਦ ’ਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਕਾਰਨ ਇਲਾਕੇ ’ਚ ਤੇਜ਼ੀ ਨਾਲ ਪ੍ਰਦੂਸ਼ਣ ਵਧਿਆ ਹੈ। ਇਥੋਂ ਦੀ ਗੁਣਵੱਤਾ ਵੀ ਲਗਾਤਾਰ ਖਰਾਬ ਸਥਿਤੀ ’ਚ ਹੈ।  ਅੱਜ ਸਾਰਾ ਦਿਨ ਖੇਤਰ ’ਚ ਪ੍ਰਦੂਸ਼ਣ ਦੀ ਚਾਦਰ ਆਸਮਾਨ ’ਤੇ ਛਾਈ ਰਹੀ। ਲੋਕਾਂ ਨੂੰ ਹਵਾ ’ਚ ਘੁਲੇ ਹੋਏ ਪ੍ਰਦੂਸ਼ਣ ਦਾ ਅਹਿਸਾਸ ਹੋਇਆ ਤਾਂ ਲੋਕਾਂ ਨੇ ਘਰਾਂ ’ਚ ਹੀ ਰਹਿਣ ’ਚ ਭਲਾਈ ਸਮਝੀ। ਫਿਲਹਾਲ ਲੋਕ ਪ੍ਰਦੂਸ਼ਣ ਤੋਂ ਬਚਣ ਲਈ ਮੂੰਹ ’ਤੇ ਮਾਸਕ ਪਾ ਕੇ ਜਾਂ ਰੁਮਾਲ ਨਾਲ ਮੂੰਹ ਢੱਕ ਕੇ ਚਲਣ ਲੱਗੇ ਹਨ। 
ਜ਼ਹਿਰੀਲੇ ਧੂੰਏਂ ਤੋਂ ਸਾਵਧਾਨੀ ਹੀ ਸਭ ਤੋਂ ਵੱਡਾ ਬਚਾਅ
1.ਘਰੋਂ ਬਾਹਰ ਨਿਕਲਦੇ ਸਮੇਂ ਮੂੰਹ ’ਤੇ ਮਾਸਕ ਜ਼ਰੂਰ ਲਗਾਓ।
2. ਅੱਖਾਂ ’ਤੇ ਚਸ਼ਮੇ ਦੀ ਵਰਤੋਂ ਜ਼ਰੂਰ ਕਰੋ।
3.ਸਵੇਰ ਅਤੇ ਸ਼ਾਮ ਦੀ ਸੈਰ ਤੋਂ ਪ੍ਰਹੇਜ਼ ਕਰੋ।
4.ਇਸ ਮੌਸਮ ’ਚ ਛੋਟੇ ਬੱਚੇ ਅਤੇ  ਬਜ਼ੁਰਗਾਂ  ਦਾ  ਵਿਸ਼ੇਸ਼  ਧਿਆਨ ਰੱਖੋ।
5. ਪਾਣੀ ਜ਼ਿਆਦਾ  ਮਾਤਰਾ ’ਚ ਪੀਓ।
ਵਧਣਗੀਆਂ ਮੁਸ਼ਕਲਾਂ : ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਜਲਦ ਹੀ ਆਸਮਾਨ ’ਚ ਫੈਲਿਆ ਧੂੰਆਂ ਖਤਮ ਨਹੀਂ ਹੋਇਆ ਤਾਂ ਮੁਸ਼ਕਲਾਂ ਹੋਰ ਵੀ ਵਧ ਸਕਦੀਆਂ ਹਨ ਅਤੇ ਬੀਮਾਰੀਆਂ ’ਚ ਵਾਧਾ ਹੋਵੇਗਾ। ਡਾਕਟਰਾਂ ਅਨੁਸਾਰ ਲੋਕਾਂ ਨੂੰ ਸਾਹ ਅਤੇ ਖਾਂਸੀ ਦੀ ਪ੍ਰੇਸ਼ਾਨੀ ਵੱਧ ਸਕਦੀ ਹੈ। ਇਹ ਜ਼ਹਿਰੀਲਾ ਧੂੰਆਂ ਸਾਹ ਅਤੇ ਦਿਲ ਦੇ ਮਰੀਜ਼ਾਂ ਲਈ ਬਹੁਤ ਨੁਕਸਾਨਦੇਹ ਹੈ । 
ਵ੍ਹੀਕਲਾਂ ਵਾਲੇ ਪ੍ਰੇਸ਼ਾਨ : ਇਸ ਜ਼ਹਿਰੀਲੇ ਧੂੰਏਂ ਕਾਰਨ ਵ੍ਹੀਕਲ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਇਹ ਧੁੰਦ ਵਰਗਾ ਧੂੰਆਂ ਸਾਰਾ ਦਿਨ ਆਸਮਾਨ ਤੋਂ ਲੈ ਕੇ ਥੱਲੇ ਤੱਕ ਫੈਲਿਆ ਰਹਿੰਦਾ ਹੈ, ਜਿਸ ਕਾਰਨ ਘੱਟ ਵਿਖਾਈ ਦਿੰਦਾ ਹੈ। ਇਸ ਕਾਰਨ ਛੋਟੇ ਤੋਂ ਵੱਡੇ ਵ੍ਹੀਕਲ ਚਾਲਕਾਂ ਨੂੰ ਆਪਣੇ ਵ੍ਹੀਕਲਾਂ ਦੀਆਂ ਦਿਨ-ਦਿਹਾਡ਼ੇ ਲਾਈਟਾਂ ਜਗਾਉਣੀਆਂ ਪੈ ਰਹੀਆਂ ਹਨ।
ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਉਸ ਨੂੰ ਵੇਚੋ ਜਾਂ ਦਾਨ ਕਰੋ 
ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਵਾਤਾਵਰਣ ਪ੍ਰੇਮੀਆਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਨਾ ਲੱਗੇ, ਇਸ ਲਈ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾਣ, ਜਦਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਾ ਕੇ ਇਸ ਤੋਂ ਆਰਥਕ ਲਾਭ ਲੈ ਸਕਦੇ ਹਨ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪਰਾਲੀ ਨੂੰ ਅੱਗ ਲਾਉਣ ਦੀ ਜਗ੍ਹਾ ਉਸ ਨੂੰ ਵੇਚਣ। ਜੇ ਉਹ ਵੇਚਣਾ ਨਹੀਂ ਚਾਹੁੰਦੇ ਤਾਂ ਉਹ ਪਰਾਲੀ ਗਊਸ਼ਾਲਾ ’ਚ ਦਾਨ ਦੇਣ। ਇਸ ਤੋਂ ਇਲਾਵਾ ਪਸ਼ੂਆਂ ਦੇ ਚਾਰੇ ਲਈ ਪਰਾਲੀ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਖੇਤਾਂ ’ਚ ਇਸਤੇਮਾਲ ਕਰਨ ਲਈ ਕਾਫੀ ਸਮਾਂ ਅਤੇ ਆਰਥਕ ਨੁਕਸਾਨ ਹੁੰਦਾ ਹੈ। ਜੇ ਸਰਕਾਰ ਕਿਸਾਨਾਂ ਨੂੰ 7000 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਵੇ ਤਾਂ ਪਰਾਲੀ ਦੀ ਸਦਵਰਤੋਂ ਹੋ ਸਕਦੀ ਹੈ ।
ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲਾ ਨੁਕਸਾਨ  
ਇਕ ਟਨ ਪਰਾਲੀ ਨੂੰ ਅੱਗ ਲਾਉਣ ਨਾਲ 3 ਕਿਲੋ ਧੂਡ਼ ਦੇ ਕਣ, 60 ਕਿਲੋ ਕਾਰਬਨ ਮੋਨੋਆਕਸਾਈਡ, 1460 ਕਿਲੋ ਕਾਰਬਨ ਡਾਈਆਕਸਾਈਡ ਅਤੇ 2 ਕਿਲੋ ਸਲਫਰ ਡਾਈਆਕਸਾਈਡ ਆਦਿ ਖਤਰਨਾਕ ਗੈਸਾਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਨਾਲ ਮਨੁੱਖ ਨੂੰ ਨੁਕਸਾਨ ਜ਼ਿਆਦਾ ਹੁੰਦਾ ਹੈ ।
ਪਟਾਕਿਆਂ ’ਤੇ  ਰੈਗੂਲੇਸ਼ਨ ਦੀ ਸਖਤ ਜ਼ਰੂਰਤ 
 ਵੈਸੇ ਕਈ ਦੇਸ਼ਾਂ ’ਚ ਨਵੇਂ ਸਾਲ  ਮੌਕੇ ਆਤਿਸ਼ਬਾਜ਼ੀ ਦਾ ਰਿਵਾਜ ਹੈ ਪਰ ਇਸ ਨੂੰ ਸਰਕਾਰ ਰੈਗੂਲੇਟ ਕਰਦੀ ਹੈ। ਭਾਰਤ ’ਚ ਵੀ ਪਟਾਕਿਆਂ ’ਤੇ ਇਸ ਤਰ੍ਹਾਂ ਹੀ ਰੈਗੂਲੇਸ਼ਨ ਦੀ ਸਖਤ ਜ਼ਰੂਰਤ ਹੈ। ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਪ੍ਰਦੂਸ਼ਣ ’ਤੇ ਕੁਝ ਫਰਕ ਜ਼ਰੂਰ ਪਵੇਗਾ ਪਰ ਇਥੇ ਪਟਾਕਿਆਂ  ਦੀ 2 ਘੰਟੇ ਛੋਟ ਦੇ ਬਾਵਜੂਦ ਦੇਰ ਰਾਤ ਤੱਕ ਖਾਸ ਕਰਕੇ ਪਿੰਡਾਂ ’ਚ ਪਟਾਕੇ ਚਲਦੇ ਰਹੇ। ਦੂਜੇ ਦਿਨ ਵੀ ਕਾਫੀ ਦੇਰ ਤੱਕ ਪਟਾਕੇ ਚੱਲੇ। ਉਥੇ ਹੀ ਵਾਹਨਾਂ ਦੀ ਵਧਦੀ ਗਿਣਤੀ ਕਾਰਨ ਵੀ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ। ਤਕਰੀਬਨ 90 ਫੀਸਦੀ ਘਰਾਂ ’ਚ ਕੋਈ ਨਾ ਕੋਈ ਵਾਹਨ ਜ਼ਰੂਰ ਹੈ। ਇਸ ਤੋਂ ਇਲਾਵਾ ਵੀ ਹਰ ਘਰ, ਗਲੀ ’ਚ ਪ੍ਰਦੂਸ਼ਣ ਦਾ ਕੋਈ ਨਾ ਕੋਈ ਹੋਰ ਸਾਧਨ ਵੀ ਜ਼ਰੂਰ ਹੈ ।