ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 30 ਲੱਖ ਠੱਗੇ

08/19/2019 3:30:22 AM

ਮੋਗਾ, (ਆਜ਼ਾਦ)- ਪੁਲਸ ਜ਼ਿਲਾ ਜਗਰਾਓਂ ਅਧੀਨ ਪੈਂਦੇ ਪਿੰਡ ਰਸੂਲਪੁਰ (ਮੱਲਾ) ਨਿਵਾਸੀ ਸੇਵਕ ਸਿੰਘ ਦੇ ਬੇਟੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਾਂਗਰਸੀ ਨੇਤਾ ਸਮੇਤ ਟਰੈਵਲ ਏਜੰਟ ਵੱਲੋਂ 30 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ

ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸੇਵਕ ਸਿੰਘ ਨੇ ਕਿਹਾ ਕਿ ਉਹ ਖੇਤੀਬਾਡ਼ੀ ਦਾ ਕੰਮ ਕਰਦਾ ਹੈ ਅਤੇ ਆਪਣੇ ਬੇਟੇ ਗੁਰਪ੍ਰੀਤ ਸਿੰਘ, ਜੋ 12ਵੀਂ ਪਾਸ ਹੈ, ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ, ਜਿਸ ’ਤੇ ਮੈਂ ਆਪਣੀ ਮਾਸੀ ਦੇ ਬੇਟੇ ਦਵਿੰਦਰ ਸਿੰਘ ਰਣੀਆਂ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਸੁੱਚਾ ਸਿੰਘ ਨਿਵਾਸੀ ਪਿੰਡ ਘੱਲ ਕਲਾਂ, ਜੋ ਲੋਕਾਂ ਨੂੰ ਅਮਰੀਕਾ, ਕੈਨੇਡਾ ਭੇਜਣ ਦਾ ਕੰਮ ਕਰਦਾ ਹੈ, ਮੈਨੂੰ ਜਾਣਦਾ ਹੈ, ਜਿਸ ’ਤੇ ਉਸ ਨੇ ਸਾਡੀ ਮੁਲਾਕਾਤ ਟਰੈਵਲ ਏਜੰਟ ਸੁੱਚਾ ਸਿੰਘ ਨਾਲ ਕਰਵਾਈ, ਜਦ ਅਸੀਂ ਉਸ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਅਮਰੀਕਾ, ਕੈਨੇਡਾ ਜਾਣ ਲਈ 30 ਲੱਖ ਰੁਪਏ ਦਾ ਖਰਚ ਆਵੇਗਾ, ਜਿਸ ’ਤੇ ਮੈਂ ਅਪ੍ਰੈਲ 2015 ਨੂੰ 12 ਲੱਖ ਰੁਪਏ ਪਹਿਲਾਂ ਆਪਣੇ ਰਿਸ਼ਤੇਦਾਰ ਦਵਿੰਦਰ ਸਿੰਘ ਰਣੀਆਂ ਦੇ ਘਰ ’ਚ ਦਿੱਤੇ ਅਤੇ ਬਾਕੀ 18 ਲੱਖ ਰੁਪਏ ਵੀਜ਼ਾ ਲੱਗਣ ਦੇ ਬਾਅਦ ਦੇਣ ਦੀ ਗੱਲ ਤੈਅ ਹੋਈ। ਸਾਨੂੰ ਸੁੱਚਾ ਸਿੰਘ ਨੇ ਕਿਹਾ ਕਿ ਆਪ ਪੈਸਿਆਂ ਦਾ ਜਲਦ ਪ੍ਰਬੰਧ ਕਰੋ, ਅਸੀਂ ਇੰਟਰਵਿਊ ਕਰਵਾ ਕੇ ਅਮਰੀਕਾ ਦਾ ਵੀਜ਼ਾ ਲਵਾ ਦੇਵਾਂਗੇ ਪਰ ਜਦ ਉਨ੍ਹਾਂ ਮੇਰੇ ਬੇਟੇ ਗੁਰਪ੍ਰੀਤ ਸਿੰਘ ਦੀ ਅਮਰੀਕਾ ਅੰਬੈਸੀ ’ਚ ਇੰਟਰਵਿਊ ਕਰਵਾਈ ਤਾਂ ਉਸ ਨੂੰ ਵੀਜ਼ਾ ਨਾ ਮਿਲਿਆ, ਜਿਸ ’ਤੇ ਉਨ੍ਹਾਂ ਕਿਹਾ ਕਿ ਅਸੀਂ ਗੁਰਪ੍ਰੀਤ ਸਿੰਘ ਦੀ ਫਾਈਲ ਕੈਨੇਡਾ ਵੀਜ਼ਾ ਲਈ ਅਪਲਾਈ ਕੀਤੀ ਹੈ, 18 ਲੱਖ ਰੁਪਏ ਦਾ ਪ੍ਰਬੰਧ ਕਰੋ, ਜਿਸ ’ਤੇ ਮੈਂ ਦਵਿੰਦਰ ਸਿੰਘ ਰਣੀਆਂ ਦੇ ਘਰ ਆ ਕੇ ਸੁੱਚਾ ਸਿੰਘ ਨੂੰ 18 ਲੱਖ ਰੁਪਏ ਦੇ ਦਿੱਤੇ, ਜਿਨ੍ਹਾਂ ਨੇ ਸਾਨੂੰ ਗੁਰਪ੍ਰੀਤ ਸਿੰਘ ਦੇ ਪਾਸਪੋਰਟ ਲੱਗੇ ਕੈਨੇਡਾ ਵੀਜ਼ੇ ਦੀਆਂ ਫੋਟੋ ਕਾਪੀਆਂ ਦਿਖਾਈਆਂ, ਜਿਸ ’ਤੇ ਇਕ ਸਾਲ ਦਾ ਸਟੱਡੀ ਵੀਜ਼ਾ ਲੱਗਾ ਹੋਇਆ ਸੀ ਅਤੇ ਉਨ੍ਹਾਂ ਵਿਦੇਸ਼ ਜਾਣ ਲਈ ਟਿਕਟ ਵੀ ਲੈ ਕੇ ਦਿੱਤੀ, ਜੋ ਚਾਈਨਾ ਏਅਰ ਲਾਈਨ ਦੀ ਸੀ, ਜਦ ਅਸੀਂ ਪਰਿਵਾਰ ਸਮੇਤ 24 ਅਪ੍ਰੈਲ 2016 ਨੂੰ ਆਪਣੇ ਬੇਟੇ ਨੂੰ ਕੈਨੇਡਾ ਭੇਜਣ ਲਈ ਇੰਦਰਾ ਗਾਂਧੀ ਏਅਰਪੋਰਟ ’ਤੇ ਪਹੁੰਚੇ ਤਾਂ ਏਅਰਪੋਰਟ ’ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਪਾਸਪੋਰਟ ’ਤੇ ਲੱਗੀ ਮੋਹਰ ਜਾਅਲੀ ਹੈ ਅਤੇ ਅਸੀਂ ਵਾਪਸ ਆ ਗਏ। ਉਨ੍ਹਾਂ ਦਵਿੰਦਰ ਸਿੰਘ ਰਣੀਆਂ ਨੂੰ ਆ ਕੇ ਇਸ ਬਾਰੇ ਦੱਸਿਆ ਤਾਂ ਉਸ ਨੇ ਮੇਰੇ ਬੇਟੇ ਦਾ ਪਾਸਪੋਰਟ ਫਡ਼ਿਆ ਅਤੇ ਉਸ ’ਤੇ ਲੱਗਾ ਵੀਜ਼ੇ ਵਾਲਾ ਸਟਿੱਕਰ ਪਾਡ਼ ਦਿੱਤਾ ਅਤੇ ਪਾਸਪੋਰਟ ਆਪਣੇ ਕੋਲ ਰੱਖ ਲਿਆ। ਜਦ ਅਸੀਂ ਸੁੱਚਾ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਨਹੀਂ ਹੋ ਸਕਿਆ। ਜਦ ਮੈਂ ਸੁੱਚਾ ਸਿੰਘ ਵੱਲੋਂ ਦਿੱਤੇ ਗਏ ਚੈੱਕ ਨੂੰ ਬੈਂਕ ਵਿਚ ਲਾਇਆ ਤਾਂ ਉਹ ਪਾਸ ਨਹੀਂ ਹੋ ਸਕਿਆ। ਇਸ ਤਰ੍ਹਾਂ ਕਥਿਤ ਦੋਵਾਂ ਨੇ ਮਿਲੀਭੁਗਤ ਕਰ ਕੇ ਮੇਰੇ ਨਾਲ 30 ਲੱਖ ਰੁਪਏ ਦੀ ਠੱਗੀ ਕੀਤੀ ਹੈ।

ਕੀ ਹੋਈ ਪੁਲਸ ਕਾਰਵਾਈ

ਇਸ ਮਾਮਲੇ ਦੀ ਜਾਂਚ ਐਂਟੀ ਫਰਾਡ ਸੈੱਲ ਮੋਗਾ ਦੇ ਇੰਚਾਰਜ ਵੇਦ ਪ੍ਰਕਾਸ਼ ਸ਼ਰਮਾ ਵੱਲੋਂ ਕੀਤੀ ਗੲਂ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਦੇ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਥਾਣਾ ਸਿਟੀ ਮੋਗਾ ਵੱਲੋਂ ਕਾਂਗਰਸੀ ਨੇਤਾ ਦਵਿੰਦਰ ਸਿੰਘ ਰਣੀਆਂ ਅਤੇ ਟਰੈਵਲ ਏਜੰਟ ਸੁੱਚਾ ਸਿੰਘ ਨਿਵਾਸੀ ਪਿੰਡ ਘੱਲ ਕਲਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਵੇਦ ਪ੍ਰਕਾਸ਼ ਸ਼ਰਮਾ ਵੱਲੋਂ ਕੀਤੀ ਜਾ ਰਹੀ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।

Bharat Thapa

This news is Content Editor Bharat Thapa