ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਮੌਕੇ ਕੀਤੇ ਫਾਇਰ, 1  ਕਾਬੂ

09/27/2018 5:47:14 AM

ਗੁਰੂਹਰਸਹਾਏ, (ਆਵਲਾ)– ਹਲਕੇ  ’ਚ ਚੋਰੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ  ਲੈ ਰਹੀਆਂ ਅਤੇ ਆਏ ਦਿਨ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਬੀਤੀ ਰਾਤ ਕਰੀਬ ਸਵਾ 9 ਵਜੇ ਪਿੰਡ ਗੋਲੂ ਕਾ ਮੋਡ਼ ਵਿਖੇ ਇਕ ਦੁਕਾਨਦਾਰ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਉਂਦੇ ਹੋਏ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 
ਇਸ ਸਬੰਧੀ ਪੀਡ਼ਤ ਦੁਕਾਨਦਾਰ ਨੇ ਜਾਣਕਾਰੀ ਦਿੰਦਿਅਾਂ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਜਦ ਘਰ ਨੂੰ ਜਾਣ ਲੱਗਾ ਤਾਂ ਮੋਟਰਸਾਈਕਲ ਸਵਾਰ 2 ਵਿਅਕਤੀ ਜਿਨ੍ਹਾਂ ਦੇ ਹੈਲਮੇਟ ਪਹਿਨੇ ਹੋਏ ਸੀ, ਨੇ ਉਸ ਤੋਂ ਪੈਸਿਆਂ ਵਾਲੇ ਬੈਗ ਦੀ ਜ਼ਬਰਦਸਤੀ ਮੰਗ ਕੀਤੀ, ਜਿਸ ’ਚ 13 ਹਜ਼ਾਰ ਰੁਪਏ ਦੀ ਨਕਦੀ ਸੀ। 
ਦੁਕਾਨਦਾਰ ਨੇ ਦੱਸਿਆ ਕਿ ਜਦ ਉਸ ਨੇ ਬੈਗ ਦੇਣ ਤੋਂ ਨਾਂਹ ਕੀਤੀ ਤਾਂ ਉਨ੍ਹਾਂ ਵਿਅਕਤੀਆਂ ਨੇ ਪਿਸਤੌਲ ਤਾਣ ਕੇ ਬੈਗ ਖੋਹ ਲਿਆ। ਦੁਕਾਨਦਾਰ ਨੇ ਦੱਸਿਆ ਕਿ ਉਹ ਆਪਣੀ ਜਾਨ ਬਚਾਉਂਦਾ ਹੋਇਆ ਕਾਰ ’ਚ ਬੈਠ ਗਿਆ ਤੇ ਲੁਟੇਰਿਆਂ ਨੂੰ ਕਿਹਾ ਕਿ ਮੈਂ ਤੁਹਾਨੂੰ ਪਛਾਣ ਲਿਆ ਹੈ, ਜਿਸ ’ਤੇ ਲੁਟੇਰਿਆਂ ਨੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਦਾਗ ਦਿੱਤਾ ਪਰ ਉਹ ਵਾਲ-ਵਾਲ ਬਚ ਗਿਆ। ਉਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਕਾਰ ਦਾ ਪਿੱਛਾ ਵੀ ਕੀਤਾ ਤੇ ਰਸਤੇ   ’ਚ ਫਿਰ ਇਕ ਹੋਰ ਫਾਇਰ ਦਾਗ ਦਿੱਤਾ ਅਤੇ ਪਿੰਡ ਪਿੰਡੀ ਦੇ ਕੋਲ ਉਸ ਨੇ ਆਪਣੀ ਜਾਨ ਬਚਾਉਂਦੇ ਹੋਏ ਮੋਟਰਸਾਈਕਲ ਨੂੰ ਕਾਰ ਨਾਲ ਫੇਟ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ ਸਵਾਰ ਡਿੱਗ ਪਏ ਤੇ ਇਕ ਦੀ ਲੱਤ ਫਸ ਗਈ।  ਜਦ ਉਸ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਲੁਟੇਰਿਆਂ ਨੇ ਫਿਰ ਉਸ ’ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਰਤੂਸ ਫਸ ਗਿਆ ਤੇ ਇੰਨੇ ਨੂੰ ਮੌਕੇ ’ਤੇ ਇਕ ਲੁਟੇਰੇ ਨੂੰ ਪਿੰਡ ਵਾਸੀਆਂ ਨੇ ਦਬੋਚ ਲਿਆ, ਜਦਕਿ ਦੂਸਰਾ ਚੋਰ ਫਰਾਰ ਹੋ ਗਿਆ। ਦੁਕਾਨਦਾਰ ਅਨੁਸਾਰ ਪਿੰਡ ਵਾਸੀਆਂ ਨੇ ਫਡ਼ੇ ਲੁਟੇਰੇ ਦੀ ਛਿੱਤਰ ਪਰੇਡ ਕਰ ਕੇ  ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਹੈ ਤੇ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 
®ਦੂਸਰੇ ਪਾਸੇ ਥਾਣਾ ਗੁਰੂਹਰਸਹਾਏ ਪੁਲਸ ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਡ਼ੇ ਗਏ ਚੋਰ ਤੋਂ 38 ਬੋਰ ਦਾ ਪਿਸਟਲ ਅਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਹੋਇਆ ਹੈ ਤੇ ਦੂਸਰੇ ਦੀ ਭਾਲ ਕੀਤੀ ਜਾ ਰਹੀ ਹੈ।