ਲੁਟੇਰਿਆਂ ਨੇ ਇਕੋ ਰਾਤ ’ਚ ਵੱਖ-ਵੱਖ ਥਾਵਾਂ ’ਤੇ ਦਿੱਤਾ ਵਾਰਦਾਤਾਂ ਨੂੰ ਅੰਜਾਮ

09/19/2018 7:09:10 AM

ਫਿਲੌਰ, (ਗੁੰਬਰ)- ਫਿਲੌਰ ਸ਼ਹਿਰ ਪਹਿਲਾਂ ਹੀ ਚੋਰੀਆਂ ਦੀ ਵਾਰਦਾਤਾਂ ਤੋਂ ਦਹਿਲਿਅਾ ਪਿਆ ਹੈ, ਹੁਣ ਉਤੋਂ ਲੁਟੇਰਿਆਂ ਨੇ ਸ਼ਹਿਰ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਵੀ ਆਪਣੀ ਜਕਡ਼ ਵਿਚ ਲੈ ਲਿਆ ਹੈ।
 ਬੀਤੀ ਰਾਤ ਫਿਲੌਰ-ਗੁਰਾਇਆ ਹਾਈਵੇ ’ਤੇ ਪਿੰਡ ਖਹਿਰਾ-ਭੱਟੀਆਂ ਨੇਡ਼ੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਗੋਬਿੰਦ ਭਾਰਤੀ, ਜੋ ਸਿਵਲ ਹਸਪਤਾਲ ਵਿਚ ਮੁਲਾਜ਼ਮ ਹੈ, ਨੂੰ ਕਰੀਬ 8 ਵਜੇ ਰਾਤ ਨੂੰ  ਦਾਤਰ ਦਿਖਾ ਕੇ ਰੋਕ ਲਿਆ ਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਕੋਲੋਂ 10,000 ਰੁਪਏ, ਇਕ ਸੋਨੇ ਦੀ ਮੁੰਦਰੀ, ਮੋਬਾਇਲ ਫੋਨ ਤੇ ਮੋਟਰਸਾਈਕਲ ਖੋਹ ਲਿਆ।  ਪੁਲਸ ਨੂੰ ਇਸ ਵਾਰਦਾਤ ਦੀ ਸੂਚਨਾ ਦੇ ਦਿੱਤੀ ਹੈ। ਦੂਜੀ ਵਾਰਦਾਤ ਰਾਤ 10.45 ਵਜੇ ਦੀ ਹੈ। ਅਵਤਾਰ ਪੁੱਤਰ ਨਿਰੰਜਣ ਲੁਧਿਆਣੇ ਤੋਂ ਕੰਮ ਕਰ ਕੇ ਵਾਪਸ ਆਪਣੇ ਪਿੰਡ ਪੁਆਰੀ ਜਾ ਰਿਹਾ ਸੀ ਤਾਂ ਪਿੰਡ ਛਿੱਛੋਵਾਲ ਕੋਲ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਅਾਂ ਨੇ ਉਸ ਦੇ ਮੋਟਰਸਾਈਕਲ ਨੂੰ ਲੱਤ ਮਾਰ ਕੇ ਥੱਲੇ ਸੁੱਟ ਦਿੱਤਾ ਤੇ ਉਨ੍ਹਾਂ ਵਿਚੋਂ ਇਕ ਨੇ ਉਸ ਦੇ ਮੋਢੇ ’ਤੇ ਦਾਤਰ ਮਾਰਿਆ।
 ਉਸ ਦੇ ਦੱਸਣ ਮੁਤਾਬਿਕ ਲੁਟੇਰੇ ਇਕ ਮੋਟਰਸਾਈਕਲ ’ਤੇ 2 ਜਾਣੇ ਤੇ ਇਕ ਲੁਟੇਰਾ ਇਕ ਵੱਖਰੇ ਮੋਟਰਸਾਈਕਲ ’ਤੇ ਸੀ,  ਨੇ ਉਨ੍ਹਾਂ ਕੋਲੋਂ 4 ਹਜ਼ਾਰ ਰੁਪਏ ਨਕਦ ਅਤੇ ਇਕ ਮੋਬਾਇਲ ਫੋਨ ਖੋਹ ਕੇ ਲੈ ਗਏ।  ਉਸ ਨੇ ਦੱਸਿਆ ਕਿ ਫਿਰ ਉਹ ਫਿਲੌਰ ਵਾਪਸ ਆਪਣੇ ਸਹੁਰੇ ਘਰ ਆ ਗਿਆ ਤੇ  ਰਾਤ ਨੂੰ ਥਾਣੇ ਇਤਲਾਹ ਦਿੱਤੀ।