ਮੋਟਰਸਾਈਕਲ ਸਵਾਰ ਤੋਂ ਲੁਟੇਰਾ ਮੋਬਾਇਲ ਤੇ ਨਕਦੀ ਖੋਹ ਕੇ ਫਰਾਰ

11/13/2018 5:56:28 AM

 ਗੁਰੂਹਰਸਹਾਏ, (ਆਵਲਾ)– ਪਿੰਡ ਜੀਵਾਅਰਾਈਂ ਦੇ ਨਜ਼ਦੀਕ ਦੁਪਹਿਰ ਦੇ ਸਮੇਂ ਇਕ ਮੋਟਰਸਾਈਕਲ ਸਵਾਰ  ਵਿਕਅਤੀ ਤੋਂ ਇਕ ਅਣਪਛਾਤਾ ਲੁਟੇਰਾ ਮੋਬਾਇਲ  ਤੇ 54 ਹਜ਼ਾਰ  ਦੀ ਨਕਦੀ ਖੋਹ ਕੇ ਫਰਾਰ ਹੋ ਗਿਆ, ਜਿਸ ਸਬੰਧੀ ਪੀਡ਼ਤ ਵਿਅਕਤੀ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। 
ਜਾਣਕਾਰੀ ਅਨੁਸਾਰ ਇਸ ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਗੁਰੂਹਰਸਹਾਏ ਦੇ ਮੁੱਖ ਅਫਸਰ ਰਮਨ ਕੁਮਾਰ ਨੇ ਮੌਕੇ ’ਤੇ ਜਾ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀਡ਼ਤ ਮਨਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਦਸਮੇਸ਼ ਨਗਰ ਜਲਾਲਾਬਾਦ ਜ਼ਿਲਾ ਫਾਜ਼ਿਲਕਾ ਨੇ ਦੱਸਿਆ ਕਿ ਉਹ ਜੈਕਾਰਾ ਇੰਟਰਪ੍ਰਾਈਜਿਜ਼ ਜਲਾਲਾਬਾਦ ’ਚ ਕੰਪਿਊਟਰ ਅਾਪ੍ਰੇਟਰ ਦਾ ਕੰਮ ਕਰਦਾ ਹੈ ਤੇ ਜਦ ਉਹ ਦੁਪਹਿਰ ਦੇ ਸਮੇਂ ਪੰਜਾਬ ਨੈਸ਼ਨਲ ਬੈਂਕ ਜਲਾਲਾਬਾਦ ’ਚੋਂ 54 ਹਜ਼ਾਰ ਰੁਪਏ ਕੱਢਵਾ ਕੇ ਕੇਵਲ ਪ੍ਰਧਾਨ ਦੇ ਸ਼ੈਲਰ ਫਰੀਦਕੋਟ ਰੋਡ ਗੁਰੂਹਰਸਹਾਏ ’ਚ ਦੇਣ ਲਈ  ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਰਸਤੇ ਵਿਚ ਜੀਵਾਅਰਾਈਂ ਦੇ ਨਜ਼ਦੀਕ ਇਕ  ਮੋਟਰਸਾਈਕਲ ਸਵਾਰ ਵਿਅਕਤੀ ਨੇ ਉਸ ਦੇ ਮੋਟਰਸਾਈਕਲ ’ਚ ਲੱਤ ਮਾਰੀ, ਜਿਸ ਨਾਲ ਉਹ ਡਿੱਗ ਗਿਆ,   ਉਪਰੰਤ ਉਸ ਵਿਅਕਤੀ ਨੇ ਉਸ ਦੀ ਕੁੱਟ-ਮਾਰ ਕੀਤੀ ਤੇ ਉਸ ਤੋਂ ਮੋਬਾਇਲ  ਤੇ  ਉਕਤ ਨਕਦੀ ਖੋਹ ਕੇ ਫਰਾਰ ਹੋ ਗਿਆ।
 ਮਾਮਲੇ ਦੀ ਜਾਂਚ ਕਰ ਰਹੇ ਰਮਨ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਦੋਸ਼ੀ ਨੂੰ ਫਡ਼ ਲਿਆ ਜਾਵੇਗਾ।