ਲੇਡੀਜ਼ ਸੰਗੀਤ ਪ੍ਰੋਗਰਾਮ ਦੌਰਾਨ ਗਲੀ ’ਚ ਮੋਟਰਸਾਈਕਲ ਨੂੰ ਲੈ ਕੇ ਹੋਇਆ ਝਗੜਾ, 6 ਨਾਮਜ਼ਦ

03/12/2021 12:55:42 AM

ਜਲਾਲਾਬਾਦ,(ਨਿਖੰਜ,ਜਤਿੰਦਰ,ਟੀਨੂੰ, ਸੁਮਿਤ)– ਸ਼ਹਿਰ ਦੇ ਮੁਹੱਲਾ ਰਠੋੜਾ ਵਾਲਾ ’ਚ ਇਕ ਪਰਿਵਾਰ ਦੇ ਘਰ ਚੱਲ ਰਹੇ ਲੇਡੀਜ਼ ਸੰਗੀਤ ਪ੍ਰੋਗਰਾਮ ਦੌਰਾਨ ਗਲੀ ’ਚ ਖੜੇ ਮੋਟਰਸਾਈਕਲ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਹੋਏ ਝਗੜੇ ’ਚ ਅੱਧਾ ਦਰਜ਼ਨ ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ। ਉਧਰ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਅੰਕੁਸ਼ ਸ਼ਰਮਾ ਪੁੱਤਰ ਵਿਜੇ ਸ਼ਰਮਾ ਦੇ ਬਿਆਨਾਂ ਦੇ ਆਧਾਰ ’ਤੇ 6 ਵਿਅਕਤੀ ਨਾਮਜ਼ਦ ਤੇ 15-20 ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਹੈ। ਨਾਮਜ਼ਦਾਂ ’ਚ ਮੋਨੂੰ, ਸੋਨੂੰ ਪੁੱਤਰ ਸੁਖਵਿੰਦਰ ਸਿੰਘ, ਸਤਪਾਲ ਸਿੰਘ ਪੁੱਤਰ ਅਜੈਬ ਸਿੰਘ, ਛਿੰਦਾ ਪੁੱਤਰ ਸਤਪਾਲ, ਮਲਕੀਤ ਸਿੰਘ ਪੁੱਤਰ ਬਲਵੰਤ ਸਿੰਘ, ਭੀਮਾ ਪੁੱਤਰ ਜੰਗੀਰ ਸਿੰਘ ਵਾਸੀ ਜਲਾਲਾਬਾਦ ਸ਼ਾਮਲ ਹਨ।

ਪੁਲਸ ਨੂੰ ਦਿੱਤੇ ਬਿਆਨਾਂ ’ਚ ਅੰਕੁਸ਼ ਕੁਮਾਰ ਨੇ ਦੱਸਿਆ ਕਿ ਘਰ ’ਚ ਉਸਦੇ ਭਰਾ ਸੁਰਿੰਦਰ ਕੁਮਾਰ ਦਾ ਵਿਆਹ ਸਮਾਗਮ ਰੱਖਿਆ ਹੋਇਆ ਸੀ। ਬੀਤੇ ਦਿਨ 10 ਮਾਰਚ ਰਾਤ ਕਰੀਬ 10 ਵਜੇ ਮੋਨੂੰ ਪੁੱਤਰ ਸੁਖਵਿੰਦਰ ਸਿੰਘ 4-5 ਅਣਪਛਾਤਿਆਂ ਨੂੰ ਨਾਲ ਲੈ ਕੇ ਗੇਟ ਅੱਗੇ ਆਇਆ ਤੇ ਸਾਨੂੰ ਕਹਿਣ ਲੱਗਾ ਇਸ ਮੋਟਰਸਾਈਕਲ ਨੂੰ ਪਾਸੇ ਕਰੋ ਨਹੀਂ ਤਾਂ ਅਸੀਂ ਫੂਕ ਦੇਵਾਂਗੇ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸੋਨੂੰ ਨੂੰ ਸਮਝਾ ਕੇ ਘਰੋਂ ਭਜਾ ਦਿੱਤਾ ਪਰ ਕੁੱਝ ਸਮੇਂ ਬਾਅਦ ਮੋਨੂੰ ਨਾਮਜ਼ਦ ਮੁਲਜ਼ਮਾਂ ਤੇ ਅਣਪਛਾਤਿਆਂ ਨੂੰ ਨਾਲ ਲੈ ਕੇ ਤੇਜਧਾਰ ਹਥਿਆਰਾਂ ਨਾਲ ਘਰ ਦੇ ਬਾਹਰ ਆਇਆ ਅਤੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ।

ਇਸ ਦੌਰਾਨ ਜਦ ਉਨ੍ਹਾਂ ਦੇ ਰਿਸ਼ਤੇਦਾਰ ਬਾਹਰ ਆਏ ਤਾਂ ਉਨ੍ਹਾਂ ਮੁਲਜ਼ਮਾਂ ਨੇ ਘੇਰ ਕੇ ਸੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ’ਚ ਉਨ੍ਹਾਂ ਦੇ ਰਿਸ਼ਤੇਦਾਰ ਜ਼ਖਮੀ ਹੋ ਗਏ ਅਤੇ ਉਸਦੀ ਭੂਆ ਵਿਦਿਆ ਰਾਣੀ ਪਤਨੀ ਬਿੱਟੂ ਸ਼ਰਮਾ ਵਾਸੀ ਜੰਮੂ ਬਸਤੀ ਦੀ ਇੱਜਤ ਨੂੰ ਵੀ ਹੱਥ ਪਾਇਆ। ਇਸ ਤੋਂ ਬਾਅਦ ਜਦ ਹੋਰ ਲੋਕ ਇਕੱਠੇ ਹੋਏ ਤਾਂ ਉਕਤ ਹਮਲਾਵਰ ਭੱਜਣ ’ਚ ਕਾਮਯਾਬ ਹੋ ਗਏ।
 

Bharat Thapa

This news is Content Editor Bharat Thapa