ਕਾਂਗਰਸ ਪਾਰਟੀ ’ਚ ਸ਼ੁਰੂ ਹੋਈ ਨੰਬਰਾਂ ਦੀ ਖੇਡ, ਧੜਿਆਂ ’ਚ ਵੰਡੀ ਪਾਰਟੀ

05/11/2021 8:17:52 PM

ਪਟਿਆਲਾ/ਰੱਖੜਾ (ਰਾਣਾ ਰੱਖੜਾ)-ਸੂਬੇ ’ਚ ਜਿਵੇਂ-ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਕਾਂਗਰਸ ਪਾਰਟੀ ’ਚ ਨੰਬਰਾਂ ਦੀ ਖੇਡ ਸ਼ੁਰੂ ਹੋ ਗਈ ਹੈ। ਬਹਿਬਲ ਕਲਾਂ ਗੋਲੀਕਾਂਡ ਸਬੰਧੀ ਹਾਈਕੋਰਟ ਦੇ ਫੈਸਲੇ ਅਤੇ ਕੈਪਟਨ ਸਰਕਾਰ ਦੀ ਇਸ ਮਾਮਲੇ ਨੂੰ ਲੈ ਕੇ ਢਿੱਲੀ ਕਾਰਵਾਈ ਨੂੰ ਮੁੱਦਾ ਬਣਾ ਕੇ ਵਿਰੋਧੀ ਪੱਖ ਤਾਂ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲੈ ਹੀ ਰਿਹਾ ਹੈ, ਹੁਣ ਆਪਣੇ ਆਪ ਕਾਂਗਰਸ ਪਾਰਟੀ ਵਿਚ ਹੀ ਕਈ ਮੰਤਰੀ ਅਤੇ ਵਿਧਾਇਕ ਬਗਾਵਤ ਕਰਨ ਲੱਗੇ ਹਨ। ਕਾਂਗਰਸੀ ਮੰਤਰੀਆਂ ਦੀਆਂ ਹੋ ਰਹੀਆਂ ਗੁਪਤ ਮੀਟਿੰਗਾਂ ਨਾਲ ਪੰਜਾਬ ਦੀ ਸਿਆਸਤ ਭਖ ਗਈ ਹੈ। ਵਰਣਨਯੋਗ ਹੈ ਕਿ ਸਾਬਕਾ ਕਾਂਗਰਸੀ ਮੰਤਰੀ ਅਤੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਕੈਪਟਨ ਦੇ ਵਿਰੁੱਧ ਖੁੱਲ੍ਹ ਕੇ ਬੋਲ ਰਹੇ ਹਨ ਅਤੇ ਬਹਿਬਲ ਕਲਾਂ ਗੋਲੀਕਾਂਡ ਵਿਚ ਆਪਣੀ ਹੀ ਸਰਕਾਰ ਨੂੰ ਲਗਾਤਾਰ ਘੇਰ ਰਹੇ ਹਨ। ਉਨ੍ਹਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਅਜਿਹਾ ਲੱਗ ਰਿਹਾ ਹੈ ਕਿ ਪੰਜਾਬ ਵਿਚ ਕਾਂਗਰਸ ਦੀਆਂ ਨਹੀਂ ਸਗੋਂ ਅਕਾਲੀ ਦਲ ਦੀ ਸਰਕਾਰ ਚੱਲ ਰਹੀ ਹੈ। ਕੈਪਟਨ ਅਤੇ ਸਿੱਧੂ ਦੇ ਖਰਾਬ ਹੁੰਦੇ ਰਿਸ਼ਤਿਆਂ ਨਾਲ ਪੰਜਾਬ ਵਿਚ ਪਾਰਟੀ ਦੋ ਧੜਿਆਂ ’ਚ ਵੰਡਦੀ ਦਿਖਾਈ ਦੇ ਰਹੀ ਹੈ, ਜਿਸ ਦਾ ਸਿੱਧਾ ਅਸਰ ਅਗਲੀਆਂ ਵਿਧਾਨ ਸਭਾ ਚੋਣਾਂ ’ਤੇ ਪੈਣਾ ਤੈਅ ਹੈ। ਲਿਹਾਜ਼ਾ ਇਕ ਦਰਜਨ ਤੋਂ ਜ਼ਿਆਦਾ ਕਾਂਗਰਸੀ ਵਿਧਾਇਕ ਤਾਂ ਸਰਕਾਰ ਬਣਨ ਤੋਂ ਇਕ ਸਾਲ ਬਾਅਦ ਤੋਂ ਹੀ ਨਾਰਾਜ਼ ਚੱਲ ਰਹੇ ਹਨ। ਹੁਣ ਖੁੱਲ੍ਹ ਕੇ ਕੈਪਟਨ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੋਟਾਂ ਲਈ ਲੋਕਾਂ ਕੋਲ ਜਾਣ ਤੋਂ ਡਰ ਲੱਗਣ ਲੱਗਾ ਹੈ।
 
 ਗਲਤ ਨੀਤੀਆਂ ਕਾਰਨ ਮੰਤਰੀ ਤੇ ਵਿਧਾਇਕ ਵੀ ਨੇ ਨਾਰਾਜ਼
ਜਿਸ ਦਿਨ ਤੋਂ ਕਾਂਗਰਸ ਸਰਕਾਰ ਨੇ ਪੰਜਾਬ ਦੀ ਸੱਤਾ ਸੰਭਾਲੀ ਹੈ, ਉਦੋਂ ਤੋਂ ਹੀ ਕਈ ਕਾਂਗਰਸੀ ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਨਾਖੁਸ਼ ਹਨ। ਹਮੇਸ਼ਾ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਆਪਣੇ ਪਾਰਟੀ ਦੇ ਵਫਾਦਾਰ ਵਰਕਰਾਂ ਵਲੋਂ ਦੂਰੀ ਬਣਾ ਕਰ ਰੱਖਣਾ ਚਰਚਾ ਦਾ ਵਿਸ਼ਾ ਰਿਹਾ ਹੈ। ਕਈ ਕਾਂਗਰਸੀ ਜਿਨ੍ਹਾਂ ਨੇ ਕਾਂਗਰਸ ਸਰਕਾਰ ਬਣਾਉਣ ਲਈ ਦਿਨ-ਰਾਤ ਮਿਹਨਤ ਕੀਤੀ, ਨੂੰ ਕੈਪਟਨ ਸਾਹਿਬ ਵਲੋਂ ਬਣਦਾ ਮਾਣ-ਸਨਮਾਨ ਅਤੇ ਅਹੁਦੇ ਨਾ ਦਿੱਤੇ ਜਾਣ ਦਾ ਦੁੱਖ ਵੀ ਕਈ ਕਾਂਗਰਸੀਆਂ ਨੂੰ ਰਿਹਾ। ਇਹੀ ਕਾਰਨ ਹੈ ਕਿ ਹੁਣ ਕਾਂਗਰਸ ਦੇ ਕਈ ਮੰਤਰੀ ਅਤੇ ਵਿਧਾਇਕ ਖੁੱਲ੍ਹ ਕੇ ਕੈਪਟਨ ਦੇ ਵਿਰੋਧ ਵਿਚ ਆਉਂਦੇ ਦਿਖਾਈ ਦੇ ਰਹੇ ਹਨ।
 
ਨਸ਼ੇ, ਬੇਰੋਜ਼ਗਾਰੀ ਤੇ ਵਿਕਾਸ ਵਰਗੇ ਮੁੱਦੇ ਬਣੇ ਵੱਡੀ ਮੁਸੀਬਤ
ਸਰਕਾਰ ਬਣਨ ਤੋਂ ਇਕ ਮਹੀਨੇ ’ਚ ਪੰਜਾਬ ’ਚੋਂ ਨਸ਼ੇ ਦਾ ਨਾਮੋ-ਨਿਸ਼ਾਨ ਮਿਟਾ ਦੇਣ ਦੀ ਗੁਟਕਾ ਸਾਹਿਬ ਹੱਥ ’ਚ ਫੜ ਕਰ ਸਹੁੰ ਚੁੱਕਣ ਵਾਲੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਰਾਜ ਵਿਚ ਨਸ਼ਾ ਖਤਮ ਹੋਣ ਦੀ ਬਜਾਏ ਵਧ ਗਿਆ ਹੈ। ਇਸ ਲਈ ਨਸ਼ਾ, ਬੇਰੋਜ਼ਗਾਰੀ, ਵਿਕਾਸ, ਭੂ-ਮਾਫੀਆ ਆਦਿ ਅਜਿਹੇ ਹੋਰ ਮੁੱਦੇ ਵੀ ਹਨ, ਜਿਨ੍ਹਾਂ ਨਾਲ ਆਪਣੇ ਆਪ ਕੈਪਟਨ ਖੇਮੇ ਦੇ ਮੰਤਰੀ ਅਤੇ ਵਿਧਾਇਕ ਦੁਖੀ ਹਨ। ਕਾਂਗਰਸੀ ਐੱਮ. ਪੀ. ਰਵਨੀਤ ਬਿੱਟੂ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਹਰ ਵਾਰ ਨਵੀਂ ਕਮੇਟੀ ਦਾ ਗਠਨ ਕਰਨ ਨਾਲ ਲੋਕਾਂ ’ਚ ਸਰਕਾਰ ਪ੍ਰਤੀ ਗ਼ਲਤ ਸੰਦੇਸ਼ ਜਾਂਦਾ ਹੈ। 


Manoj

Content Editor

Related News