ਮਾਮੂਲੀ ਤਕਰਾਰ ''ਚ ਭਤੀਜੇ ਨੇ ਇੱਟ ਮਾਰ ਕੀਤਾ ਤਾਏ ਦਾ ਕਤਲ

01/06/2020 8:22:55 PM

ਖਨੌਰੀ,(ਹਰਜੀਤ)- ਪਿੰਡ ਚਾਂਦੂ ਵਿਖੇ ਪੰਜ ਮਰਲਿਆਂ ਦੇ ਸਾਂਝੇ ਪਲਾਟ ਨੂੰ ਲੈ ਕੇ ਦੋ ਪਰਿਵਾਰਾਂ 'ਚ ਹੋਈ ਤਕਰਾਰ ਦੌਰਾਨ ਭਤੀਜੇ ਵੱਲੋਂ ਸਿਰ 'ਚ ਮਾਰੀ ਇੱਟ ਨਾਲ ਤਾਏ ਦੀ ਪੀ. ਜੀ. ਆਈ. ਚੰਡੀਗੜ੍ਹ ਵਿਖੇ ਮੌਤ ਹੋ ਗਈ। ਮ੍ਰਿਤਕ ਦੇ ਲੜਕੇ ਧਰਮਪਾਲ ਵਾਸੀ ਚਾਂਦੂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਸ ਦੇ ਦਾਦੇ ਗੁਪਾਲ ਰਾਮ ਨੇ ਉਸ ਦੇ ਪਿਤਾ ਮੀਚੀਆ ਰਾਮ ਅਤੇ ਉਸ ਦੇ ਚਾਚੇ ਮਾਂਗਾ ਰਾਮ ਨੂੰ ਇਕ ਪੰਜ ਮਰਲਿਆਂ ਦਾ ਪੰਚਾਇਤੀ ਪਲਾਟ ਸਾਂਝੇ ਤੌਰ 'ਤੇ ਦਿੱਤਾ ਸੀ, ਜਿਸ ਵਿਚ ਉਨ੍ਹਾਂ ਨੇ ਪੁਰਾਣੇ ਰੋੜੇ ਰੱਖੇ ਹੋਏ ਹਨ। ਮਿਤੀ 3 ਜਨਵਰੀ 2020 ਦੀ ਸ਼ਾਮ ਨੂੰ ਕਰੀਬ 7:30 ਵਜੇ ਉਸ ਦਾ ਚਾਚਾ ਮਾਂਗਾ ਰਾਮ ਅਤੇ ਉਸ ਦਾ ਲੜਕਾ ਗੁਰਨਾਮ ਸਿੰਘ ਉਨ੍ਹਾਂ ਦੇ ਘਰ ਦੇ ਬਾਹਰ ਗਲੀ 'ਚ ਆ ਕੇ ਗਾਲ੍ਹਾਂ ਕੱਢਣ ਲੱਗੇ, ਜਿਸ 'ਤੇ ਉਸ ਨੇ ਘਰੋਂ ਬਾਹਰ ਆ ਕੇ ਕਿਹਾ ਕਿ ਤੁਸੀਂ ਗਾਲ੍ਹਾਂ ਕਿਉਂ ਕੱਢ ਰਹੇ ਹੋ ਤਾਂ ਗੁਰਨਾਮ ਸਿੰਘ ਨੇ ਕਿਹਾ ਕਿ ਤੁਸੀਂ ਪਲਾਟ 'ਚੋਂ ਇੱਟਾਂ ਚੁੱਕੋ। ਜਿਨ੍ਹਾਂ ਨੂੰ ਉਸ ਨੇ ਕਿਹਾ ਕਿ ਅਸੀਂ ਇੱਟਾਂ ਚੁੱਕ ਲਵਾਂਗੇ ਤਾਂ ਇੰਨੇ 'ਚ ਗੁਰਨਾਮ ਸਿੰਘ ਅਤੇ ਮਾਂਗਾ ਰਾਮ ਉਨ੍ਹਾਂ ਨਾਲ ਝਗੜਾ ਕਰਨ ਲੱਗ ਪਏ ਅਤੇ ਉਨ੍ਹਾਂ ਦਾ ਰੌਲਾ ਸੁਣ ਕੇ ਉਸ ਦੇ ਪਿਤਾ ਮੀਚੀਆ ਰਾਮ ਅਤੇ ਉਸ ਦਾ ਛੋਟਾ ਭਰਾ ਬਲਵਿੰਦਰ ਵੀ ਬਾਹਰ ਆ ਗਏ ਅਤੇ ਉਨ੍ਹਾਂ ਨੂੰ ਛੁਡਾਉਣ ਲੱਗੇ। ਇਸੇ ਦੌਰਾਨ ਗੁਰਨਾਮ ਸਿੰਘ ਨੇ ਇੱਟ ਚੁੱਕ ਕੇ ਉਸ ਦੇ ਪਿਤਾ ਮੀਚੀਆ ਰਾਮ ਦੇ ਸਿਰ 'ਚ ਮਾਰੀ, ਜਿਸ ਨਾਲ ਉਸ ਦਾ ਪਿਤਾ ਮੀਚੀਆ ਰਾਮ ਬੇਹੋਸ਼ ਹੋ ਕੇ ਡਿੱਗ ਗਿਆ। ਉਨ੍ਹਾਂ ਵੱਲੋਂ ਰੌਲਾ ਪਾਉਣ 'ਤੇ ਆਂਢ-ਗੁਆਂਢ ਦੇ ਲੋਕ ਬਾਹਰ ਆ ਗਏ, ਜਿਸ ਦੌਰਾਨ ਉਕਤ ਦੋਵੇਂ ਮੌਕੇ ਤੋਂ ਭੱਜ ਗਏ। ਧਰਮਪਾਲ ਨੇ ਦੱਸਿਆ ਕਿ ਉਨ੍ਹਾਂ ਉਸ ਦੇ ਪਿਤਾ ਨੂੰ ਇਲਾਜ ਲਈ ਮੂਨਕ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਤਾਂ ਡਾਕਟਰਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਉਨ੍ਹਾਂ ਨੂੰ ਸੰਗਰੂਰ ਰੈਫ਼ਰ ਕਰ ਦਿੱਤਾ, ਜਿੱਥੋਂ ਉਸ ਦੇ ਪਿਤਾ ਦੀ ਹਾਲਤ ਹੋਰ ਖ਼ਰਾਬ ਹੋ ਜਾਣ ਕਾਰਣ ਉਸ ਨੂੰ ਪਟਿਆਲਾ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਅਤੇ ਹਾਲਤ ਜ਼ਿਆਦਾ ਖ਼ਰਾਬ ਹੋਣ ਕਰਕੇ ਡਾਕਟਰਾਂ ਨੇ ਪਟਿਆਲਾ ਤੋਂ ਪੀ. ਜੀ. ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ, ਜਿੱਥੇ ਉਸ ਦੇ ਪਿਤਾ ਮੀਚੀਆ ਰਾਮ ਦੀ ਇਲਾਜ ਦੌਰਾਨ ਮੌਤ ਹੋ ਗਈ।

ਥਾਣਾ ਖਨੌਰੀ ਦੇ ਐੱਸ. ਐੱਚ. ਓ. ਇੰਸਪੈਕਟਰ ਕਰਤਾਰ ਸਿੰਘ ਮਾਨ ਨੇ ਕਿਹਾ ਕਿ ਮੀਚੀਆ ਰਾਮ ਦੇ ਲੜਕੇ ਦੇ ਬਿਆਨ 'ਤੇ ਥਾਣਾ ਖਨੌਰੀ ਵਿਖੇ ਗੁਰਨਾਮ ਸਿੰਘ ਪੁੱਤਰ ਮਾਂਗਾ ਰਾਮ ਅਤੇ ਮਾਂਗਾ ਰਾਮ ਪੁੱਤਰ ਗੋਪਾਲ ਰਾਮ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਟੀਮਾਂ ਬਣਾ ਦਿੱਤੀਆਂ ਗਈ ਹਨ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


Bharat Thapa

Content Editor

Related News