ਮਾਈਨਿੰਗ ਵਿਭਾਗ ਨੇ ਨਾਜਾਇਜ਼ ਰੇਤਾ ਦੇ 5 ਵਾਹਨ ਕੀਤੇ ਕਾਬੂ

02/11/2020 7:12:02 PM

ਮਾਛੀਵਾਡ਼ਾ ਸਾਹਿਬ, (ਟੱਕਰ, ਸਚਦੇਵਾ)- ਮਾਈਨਿੰਗ ਵਿਭਾਗ ਵਲੋਂ ਸਤਲੁਜ ਦਰਿਆ ’ਚ ਰੇਤਾ ਦੀ ਨਾਜਾਇਜ਼ ਮਾਈਨਿੰਗ ਰੋਕਣ ਲਈ ਕੀਤੀ ਜਾ ਰਹੀ ਗਸ਼ਤ ਦੌਰਾਨ 5 ਵਾਹਨ ਨਾਜਾਇਜ਼ ਰੇਤਾ ਦੇ ਭਰੇ ਕਾਬੂ ਕੀਤੇ, ਜਿਨ੍ਹਾਂ ਨੂੰ ਕੂੰਮਕਲਾਂ ਪੁਲਸ ਦੇ ਸਪੁਰਦ ਕਰ ਕੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵਲੋਂ ਸਤਲੁਜ ਦਰਿਆ ਨੇਡ਼ੇ ਪਿੰਡ ਹਾਦੀਵਾਲ ਵਿਖੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਕੁਝ ਰੇਤੇ ਨਾਲ ਭਰੀਆਂ ਨਾਜਾਇਜ਼ ਟਰਾਲੀਆਂ ਦਰਿਆ ’ਚੋਂ ਨਿਕਲੀਆਂ, ਜਿਨ੍ਹਾਂ ਨੂੰ ਵਿਭਾਗ ਦੀਆਂ ਗੱਡੀਆਂ ਦੇਖ ਚਾਲਕਾਂ ਨੇ ਭਜਾਉਣ ਦੀ ਕੋਸ਼ਿਸ਼ ਕੀਤੀ। ਮਾਈਨਿੰਗ ਵਿਭਾਗ ਵਲੋਂ ਮੌਕੇ ’ਤੇ 3 ਟ੍ਰੈਕਟਰ-ਟਰਾਲੀਆਂ ਅਤੇ ਇਕ ਟਰਾਲੀ ਸਮੇਤ 4 ਵਾਹਨ ਕਾਬੂ ਕਰ ਲਏ ਗਏ, ਜਿਨ੍ਹਾਂ ਦੇ ਚਾਲਕ ਮੌਕੇ ਤੋਂ ਫ਼ਰਾਰ ਹੋ ਗਏ। ਮਾਈਨਿੰਗ ਵਿਭਾਗ ਵਲੋਂ ਰੇਤਾ ਦੇ ਭਰੇ ਇਨ੍ਹਾਂ ਵਾਹਨਾਂ ਦੀ ਸੂਚਨਾ ਕੂੰਮਕਲਾਂ ਪੁਲਸ ਨੂੰ ਦਿੱਤੀ ਗਈ, ਪੁਲਸ ਨੇ ਮੌਕੇ ’ਤੇ ਆ ਕੇ ਦੇਖਿਆ ਤਾਂ ਕਿਸੇ ਵੀ ਟ੍ਰੈਕਟਰ ’ਚੋਂ ਮਾਈਨਿੰਗ ਦੀ ਪਰਚੀ ਨਹੀਂ ਮਿਲੀ ਅਤੇ ਚਾਲਕ ਫ਼ਰਾਰ ਹੋ ਚੁੱਕੇ ਸਨ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਇਸ ਤੋਂ ਇਲਾਵਾ ਮਾਈਨਿੰਗ ਵਿਭਾਗ ਵਲੋਂ ਪਿੰਡ ਦੋਆਬਾ ਭੈਣੀ ਵਿਖੇ ਗਸ਼ਤ ਦੌਰਾਨ ਇਕ ਰੇਤ ਦੇ ਭਰੇ ਟਿੱਪਰ ਨੂੰ ਜਾਂਚ ਲਈ ਇਸ਼ਾਰਾ ਕਰ ਕੇ ਰੋਕਿਆ। ਟਿੱਪਰ ਚਾਲਕ ਵਿਭਾਗ ਦੇ ਅਧਿਕਾਰੀਆਂ ਨੂੰ ਦੇਖ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਇਸ ਸਬੰਧੀ ਵੀ ਕੂੰਮਕਲਾਂ ਪੁਲਸ ਨੂੰ ਬੁਲਾ ਕੇ ਇਹ ਨਾਜਾਇਜ਼ ਰੇਤ ਦਾ ਭਰਿਆ ਟਿੱਪਰ ਉਸਦੇ ਸਪੁਰਦ ਕਰ ਦਿੱਤਾ। ਕੂੰਮਕਲਾਂ ਪੁਲਸ ਵਲੋਂ ਇਸ ਟਿੱਪਰ ਚਾਲਕ ਖਿਲਾਫ਼ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ।


Bharat Thapa

Content Editor

Related News