ਐਕਟਿਵਾ ਖੋਹਣ ’ਚ ਸਫਲ ਨਾ ਹੋਣ ’ਤੇ ਮਾਰੀ ਗੋਲੀ, ਮੌਤ

05/09/2019 12:56:03 AM

ਗੋਨਿਆਣਾ, (ਗੋਰਾ ਲਾਲ)- ਸ਼ਹਿਰ ’ਚ ਐਕਟਿਵਾ ਖੋਹਣ ’ਚ ਸਫਲ ਨਾ ਹੋਣ ’ਤੇ ਚਲਾਈ ਗਈ ਗੋਲੀ ’ਚ ਐਕਟਿਵਾ ਸਵਾਰ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਗੋਨਿਆਣਾ-ਦਾਨ ਸਿੰਘ ਵਾਲਾ ਮੁੱਖ ਸੜਕ ਮਾਰਗ ’ਤੇ ਕੁਝ ਨੌਜਵਾਨਾਂ ਵਲੋਂ ਇਕ ਵਿਅਕਤੀ ਤੋਂ ਐਕਟਿਵਾ ਖੋਹਣ ਦੀ ਅਸਫਲ ਕੋਸ਼ਿਸ਼ ਕਰਨ ’ਤੇ ਉਸ ਦੀ ਛਾਤੀ ’ਚ ਗੋਲੀ ਮਾਰ ਕੇ ਭੱਜਣ ’ਚ ਸਫਲ ਹੋ ਗਏ। ਜ਼ਖਮੀ ਹਾਲਤ ’ਚ ਉਸ ਨੁੰ ਚੁੱਕ ਕੇ ਸਿਵਲ ਹਸਪਤਾਲ ਗੋਨਿਆਣਾ ਵਿਖੇ ਦਾਖਲ ਕਰਵਾਇਆ ਗਿਆ। ਹਾਲਤ ਵਿਗੜਦੀ ਦੇਖ ਕੇ ਉਸ ਨੂੰ ਪ੍ਰਾਈਵੇਟ ਹਸਪਤਾਲ ਬਠਿੰਡਾ ਵਿਖੇ ਰੈਫਰ ਕੀਤਾ ਗਿਆ। ਜਿਥੇ ਉਸ ਦੀ ਮੌਤ ਹੋ ਗਈ।

ਸੂਤਰਾਂ ਅਨੁਸਾਰ ਪੁਸਪਿੰਦਰ ਪਾਲ (85) ਉਰਫ ਬਿੱਟੂ ਗੁਲਾਟੀ ਪੁੱਤਰ ਹਰਬੰਸ ਲਾਲ ਵਾਸੀ ਗੋਨਿਆਣਾ ਮੰਡੀ ਰਾਤ 8.30 ਵਜੇ ਦੇ ਕਰੀਬ ਪਿੰਡ ਕੋਠੇ ਨੱਥਾ ਸਿੰਘ ਵਾਲਾ ਤੋਂ ਗੋਨਿਆਣਾ ਮੰਡੀ ਆ ਰਿਹਾ ਸੀ ਕਿ ਰਸਤੇ ’ਚ ਉਸ ਤੋਂ ਕੁਝ ਨੌਜਵਾਨਾਂ ਨੇ ਐਕਟਿਵਾ ਖੋਹਣ ਦੀ ਕੋਸ਼ਿਸ਼ ਕੀਤੀ, ਉਸ ਵਲੋਂ ਐਕਟਿਵਾ ਨਾ ਛੱਡਣ ’ਤੇ ਉਨ੍ਹਾਂ ਨੇ ਉਸ ਦੇ ਗੋਲੀ ਮਾਰ ਦਿੱਤੀ ਤੇ ਭੱਜਣ ’ਚ ਸਫਲ ਹੋ ਗਏ। ਪੁਸਪਿੰਦਰ ਜ਼ਖਮੀ ਹਾਲਤ ’ਚ ਸੜਕ ਕਿਨਾਰੇ ਡਿੱਗ ਪਿਆ। ਜਿਉਂ ਹੀ ਨਜ਼ਦੀਕੀ ਪਿੰਡ ਵਾਸੀਆਂ ਨੂੰ ਉਸ ਦੇ ਡਿੱਗੇ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਸਿਵਲ ਹਸਪਤਾਲ ਗੋਨਿਆਣਾ ਵਿਖੇ ਦਾਖਲ ਕਰਵਾਇਆ। ਡਾਕਟਰਾਂ ਦੀ ਟੀਮ ਨੇ ਉਸ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਪ੍ਰਾਈਵੇਟ ਹਸਪਤਾਲ ਬਠਿੰਡਾ ਵਿਖੇ ਭੇਜ ਦਿੱਤਾ। ਜਿਥੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਥਾਣਾ ਨੇਹੀਆਂ ਵਾਲਾ ਦੀ ਪੁਲਸ ਅਤੇ ਡੀ. ਐੱਸ. ਪੀ. ਹਲਕਾ ਭੁੱਚੋ ਵੀ ਪਹੁੰਚ ਗਏ ਜਿਨ੍ਹਾਂ ਨੇ ਉੱਚ ਅਧਿਕਾਰੀਆਂ ਦੇ ਹੁਕਮ ਅਨੁਸਾਰ ਸਾਰੇ ਸ਼ਹਿਰ ’ਚ ਨਾਕਾਬੰਦੀ ਕਰ ਦਿੱਤੀ ਹੈ।


Bharat Thapa

Content Editor

Related News