ਵਿਸਾਖੀ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਸਜਾਏ ਧਾਰਮਿਕ ਦੀਵਾਨ

04/15/2018 10:40:47 AM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਵਿਸਾਖੀ ਦੇ ਪਾਵਨ ਦਿਹਾੜੇ ਨੂੰ ਲੈ ਕੇ ਸਥਾਨਕ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਮੱਥਾ ਟੇਕਿਆ ਅਤੇ ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤਾ। ਇਸ ਵਿਸ਼ੇਸ਼ ਮੌਕੇ 'ਤੇ ਦੌਰਾਨ ਸ੍ਰੀ ਦਰਬਾਰ ਸਾਹਿਬ ਨੂੰ ਰੰਗ ਬਿਰੰਗੀ ਲੜੀਆਂ ਨਾਲ ਸਜਾਇਆ। 
ਇਸ ਮੌਕੇ ਖਾਲਸਾ ਸਾਜਨਾ ਦਿਵਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ, ਜਿਸ 'ਚ ਰਾਗੀ, ਢਾਡੀ ਜੱਥਿਆਂ ਅਤੇ ਪ੍ਰਚਾਰਕਾਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂੰ ਕਰਵਾਇਆ। ਇਸ ਮੌਕੇ ਭਾਈ ਗੁਰਜੀਤ ਸਿੰਘ ਦੇ ਰਾਗੀ ਜੱਥੇ ਵੱਲੋਂ ਕੀਰਤਨ ਕੀਤਾ, ਜਦਕਿ ਭਾਈ ਜਸਬੀਰ ਸਿੰਘ ਮਿੱਢਾ ਦੇ ਢਾਡੀ ਜੱਥੇ ਵੱਲੋਂ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ ਨੇ ਦੱਸਿਆ ਕਿ ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਨੇ ਪਹੁੰਚਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਮੱਥਾ ਟੇਕਿਆ। ਇਸ ਦੌਰਾਨ 190 ਪ੍ਰਾਣੀਆਂ ਨੇ ਗੁਰਦੁਆਰਾ ਤੰਬੂ ਸਾਹਿਬ ਵਿਖੇ ਅਮ੍ਰਿੰਤਪਾਨ ਕੀਤਾ। ਇਸੇ ਦੌਰਾਨ ਆਈਆਂ ਸੰਗਤਾਂ ਲਈ ਵਿਸ਼ਾਲ ਲੰਗਰ ਲਾਇਆ ਗਿਆ। ਇਸ ਮੌਕੇ ਅਡੀਸ਼ਨਲ ਮੈਨੇਜ਼ਰ ਮਨਿੰਦਰ ਸਿੰਘ, ਅਕਾਉਂਟੈਂਟ ਕੁਲਵੰਤ ਸਿੰਘ ਆਦਿ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰ ਹਾਜ਼ਰ ਸਨ।