ਸਰਕਾਰ ਲੋਕਾਂ ਨੂੰ ਘਰਾਂ ’ਚ ਡੱਕ ਕੇ ਬੀਮਾਰੀ ਤੋਂ ਪਹਿਲਾਂ ਭੁੱਖ ਨਾਲ ਚਾਹੁੰਦੀ ਏ ਮਰਵਾਉਣਾ : ਸ਼ਿੰਗਾਰਾ ਸਿੰਘ ਮਾਨ

05/10/2021 12:50:49 PM

ਭਵਾਨੀਗੜ੍ਹ/ਨਵੀਂ ਦਿੱਲੀ (ਕਾਂਸਲ)-ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਅੰਦੋਲਨ ’ਚ ਟਿਕਰੀ ਹੱਦ ’ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਸਟੇਜ ’ਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਨੌਜਵਾਨ ਮੁੰਡੇ-ਕੁੜੀਆਂ ਨੂੰ ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਮੌਜੂਦਾ ਚੱਲ ਰਹੇ ਅੰਦੋਲਨ ’ਚ ਜੋਸ਼ ਭਰਨ ਲਈ ਸਾਡੇ ਗੁਰੂਆਂ-ਪੀਰਾਂ ਦੀ ਦਿੱਤੀ ਹੋਈ ਸਿੱਖਿਆ ਨੂੰ ਤਰਕ ਨਾਲ ਪੇਸ਼ ਕਰਦਿਆਂ ਕਿਹਾ ਕਿ ਕੱਲ੍ਹ ਜਦੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਨੂੰ ਲਾਗੂ ਕਰਦਿਆਂ ਪੰਜਾਬ ਦੀ ਧਰਤੀ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸ਼ਹਿਰਾਂ, ਕਸਬਿਆਂ ’ਚ ਦੁਕਾਨਾਂ ਨੂੰ ਜਬਰੀ ਬੰਦ ਕਰਾਉਣ ਲਈ ਲਾਕਡਾਊਨ ਦਾ ਬਹਾਨਾ ਲਾ ਕੇ ਰੇਹੜੀ ਫੜ੍ਹੀ ਵਾਲਿਆਂ ਦੇ ਰੁਜ਼ਗਾਰ ’ਤੇ ਸੱਟ ਮਾਰੀ ਜਾ ਰਹੀ ਹੈ, ਨੂੰ ਰੋਕਣ ਲਈ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਮਾਵਾਂ-ਭੈਣਾਂ ਨੇ ਆਪਣੇ ਭਾਸ਼ਣਾਂ ਦੌਰਾਨ ਕਿਹਾ ਕਿ ਲਾਕਡਾਊਨ ਬੀਮਾਰੀ ਦਾ ਕੋਈ ਸਾਰਥਕ ਹੱਲ ਨਹੀਂ ਹੈ।

PunjabKesari

ਸਰਕਾਰ ਕਿਰਤੀ ਲੋਕਾਂ ਦੀ ਸਹਾਇਤਾ ਕਰਨ ਦੀ ਬਜਾਏ ਉਨ੍ਹਾਂ ਨੂੰ ਘਰਾਂ ਅੰਦਰ ਬੰਦ ਕਰ ਕੇ ਭੁੱਖ ਨਾਲ ਬੀਮਾਰੀ ਤੋਂ ਪਹਿਲਾਂ ਹੀ ਮਾਰਨਾ ਚਾਹੁੰਦੀ ਹੈ ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਨਾ ਤਾਂ ਹਸਪਤਾਲਾਂ ਵਿੱਚ ਕੋਈ ਡਾਕਟਰਾਂ ਦੀ ਨਵੀਂ ਭਰਤੀ ਕੀਤੀ ਅਤੇ ਨਾ ਹੀ ਦਵਾਈਆਂ ਦਾ ਕੋਈ ਸਹੀ ਪ੍ਰਬੰਧ ਕੀਤਾ ਹੈ ਉਲਟਾ ਦਹਿਸ਼ਤ ਦਾ ਮਾਹੌਲ ਬਣਾ ਕੇ ਲੋਕਾਂ ’ਚ ਖ਼ੌਫ਼ ਤੇ ਡਰ ਪੈਦਾ ਕਰ ਕੇ ਜਬਰੀ ਘਰਾਂ ਅੰਦਰ ਡੱਕਿਆ ਜਾ ਰਿਹਾ ਹੈ। ਇਸ ਦਹਿਸ਼ਤ ਭਰੇ ਜਬਰ ਦਾ ਕੱਲ ਪੰਜਾਬ ਅੰਦਰ ਮੂੰਹ-ਤੋੜਵਾਂ ਜਵਾਬ ਦਿੱਤਾ ਗਿਆ ਹੈ।

PunjabKesari

\ਮਾਸਟਰ ਗੁਰਚਰਨ ਸਿੰਘ ਖੋਖਰ ਨੇ ਕਿਹਾ ਕਿ ਕੋਰੋਨਾ ਸੰਕਟ ਭਾਰਤ ਦੀ ਆਬਾਦੀ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕਰ ਕੇ ਭਾਰਤ ਵਿੱਚ ਵੱਖ-ਵੱਖ ਪੱਧਰ ਦੀ ਨਾਬਰਾਬਰੀ ਪੈਦਾ ਕਰ ਰਿਹਾ ਹੈ।ਇਸ ਨਾਬਰਾਬਰੀ ਦਾ ਸਭ ਤੋਂ ਵੱਡਾ ਸਬੂਤ ਸਿੱਖਿਆ ਦੇ ਖੇਤਰ ਵਿੱਚ ਹੈ।ਕੋਰੋਨਾ ਸੰਕਟ ਦੌਰਾਨ ਸਕੂਲ ਬੰਦ ਕਰਨ ਦਾ ਸਿਲਸਿਲਾ ਵਿੱਢਿਆ ਗਿਆ ਹੈ, ਉਸ ਨਾਲ 1.57 ਬਿਲੀਅਨ ਬੱਚੇ ਸਕੂਲਾਂ ਤੋਂ ਬਾਹਰ ਹੋਏ ਅਤੇ 370 ਮਿਲੀਅਨ ਬੱਚੇ ਦੁਪਹਿਰ ਦੇ ਖਾਣੇ ਤੋਂ ਵਾਂਝੇ ਹੋਏ ਹਨ। ਚਾਹੀਦਾ ਤਾਂ ਇਹ ਹੈ ਕਿ ਦੇਸ਼ ਅੰਦਰ ਸਿੱਖਿਆ ਅਤੇ ਸਿਹਤ ਸਹੂਲਤਾਂ ਲਈ ਵਧੀਆ ਸਕੂਲ ਅਤੇ ਚੰਗੇ ਹਸਪਤਾਲ ਹੋਣ ਪਰ ਮੋਦੀ ਹਕੂਮਤ ਕੋਰੋਨਾ ਸੰਕਟ ਦੇ ਸਾਰਥਕ ਹੱਲ ਦੀ ਬਜਾਏ ਕਿਰਤੀ ਲੋਕਾਂ ਦੇ ਟੈਕਸਾਂ ਦੇ ਰੂਪ ’ਚ ਦਿੱਤੇ ਰੁਪਿਆਂ ਨਾਲ ਭਰੇ ਖ਼ਜ਼ਾਨੇ ਨੂੰ ਅਜਾਈਂ ਖਰਚ ਰਹੀ ਹੈ।

ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਮੋਦੀ ਸਰਕਾਰ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਪਹਿਲਾਂ ਵਾਂਗ ਹੀ ਕੋਰੋਨਾ ਦੀ ਆੜ ’ਚ ਸੰਘਰਸ਼ ਨੂੰ ਲੰਬਾ ਕਰਵਾ ਰਹੀ ਹੈ ਅਤੇ ਗੱਲਬਾਤ ਕਰਨ ਦਾ ਕੋਈ ਵੀ ਰਾਹ ਅਖਤਿਆਰ ਨਹੀਂ ਕਰ ਰਹੀ। ਪਹਿਲਾਂ ਵੀ ਈਸਟ ਇੰਡੀਆ ਕੰਪਨੀ ਵਪਾਰ ਕਰਨ ਦੇ ਬਹਾਨੇ ਆਈ ਤੇ ਦੋ ਸੌ ਸਾਲ ਤਕ ਰਾਜ ਕਰ ਕੇ ਭਾਰੀ ਲੁੱਟ ਕੀਤੀ ਗਈ ਅਤੇ ਹੁਣ ਸੈਂਕੜਿਆਂ ਦੀ ਗਿਣਤੀ ਵਿੱਚ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਖੇਤੀ ’ਤੇ ਕਬਜ਼ਾ ਕਰਾਉਣ ਲਈ ਸੱਦਿਆ ਜਾ ਰਿਹਾ ਹੈ। ਪਰਮਜੀਤ ਕੌਰ ਕੋਟੜਾ ਨੇ ਅੱਜ ਦਿੱਲੀ ਮੋਰਚੇ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ, ਜਿਵੇਂ ਕਿ ਪੰਜਾਬ ’ਚ 500 ਕਰੋੜ ਅਤੇ ਭਾਰਤ ’ਚ 800 ਏਕੜ ਦਾ ਫ਼ਾਇਦਾ ਹੋਇਆ ਹੈ। ਅੱਜ ਸਟੇਜ ਸੰਚਾਲਨ ਦੀ ਭੂਮਿਕਾ ਜਰਨੈਲ ਸਿੰਘ ਜਵੰਦਾ ਨੇ ਬਾਖ਼ੂਬੀ ਨਿਭਾਈ ਅਤੇ ਬਲਦੇਵ ਸਿੰਘ ਉੱਭਿਆ,ਗੁਰਪ੍ਰੀਤ ਸਿੰਘ ਨੂਰਪੁਰਾ, ਅਜੈਪਾਲ ਸਿੰਘ ਘੁੱਦਾ ਅਤੇ ਹਰਬੰਸ ਸਿੰਘ ਕੋਟਲੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
 


Manoj

Content Editor

Related News