ਲੜਕੀ ਵੱਲੋਂ ਨਹਿਰ ’ਚ ਛਾਲ ਮਾਰ ਕੇ ਆਤਮ-ਹੱਤਿਆ ਦੀ ਕੋਸ਼ਿਸ਼

05/22/2019 1:41:35 AM

ਪਟਿਆਲਾ, (ਜੋਸਨ)- ਅੱਜ ਨਾਭਾ ਰੋਡ ਭਾਖਡ਼ਾ ਨਹਿਰ ’ਚ ਇਕ ਲਡ਼ਕੀ ਵੱਲੋਂ ਛਾਲ ਮਾਰ ਕੇ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੇ ਜਾਣ ਦੀ ਸੂਚਨਾ ਹੈ। ਜਾਣਕਾਰੀ ਮੁਤਾਬਕ ਅਬਲੋਵਾਲ ਸਥਿਤ ਜਨਤਾ ਕਾਲੋਨੀ ਦੀ ਵਸਨੀਕ ਲਡ਼ਕੀ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਘਰੋਂ ਪਡ਼੍ਹਨ ਆਈ। ਉਸ ਦੇ ਨਾਲ ਇਕ ਸਹੇਲੀ ਵੀ ਮੌਜੂਦ ਸੀ। ਜਾਣਕਾਰੀ ਦਿੰਦਿਆਂ ਗੋਤਾਖੋਰ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਦੁਪਹਿਰ ਵੇਲੇ ਨਹਿਰ ਕੰਢੇ ਖਡ਼੍ਹੇ 2 ਲਡ਼ਕੇ ਅਤੇ 2 ਲਡ਼ਕੀਆਂ ਗੱਲਾਂ ਕਰ ਰਹੇ ਸਨ। ਇਹ ਪਹਿਲਾਂ ਤਾਂ ਕਾਫੀ ਦੇਰ ਖਡ਼੍ਹੇ ਗੱਲਾਂ ਕਰਦੇ ਰਹੇ। ਕੁਝ ਹੀ ਦੇਰ ਬਾਅਦ ਵੇਖਦਿਆਂ ਹੀ ਵੇਖਦਿਆਂ ਇਨ੍ਹਾਂ ’ਚੋਂ ਇਕ ਲਡ਼ਕੀ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਇਹ ਘਟਨਾ ਵੇਖਦਿਆਂ ਹੀ ਉਥੇ ਖਡ਼੍ਹੇ ਦੋਵੇਂ ਲਡ਼ਕੇ ਭੱਜ ਗਏ। ਦੂਜੀ ਲਡ਼ਕੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸ਼ੰਕਰ ਨੇ ਦੱਸਿਆ ਕਿ ਜਦੋਂ ਗੋਤਾਖੋਰਾਂ ਨੇ ਲਡ਼ਕੀ ਨੂੰ ਲੱਭਣ ਲਈ ਨਹਿਰ ਵਿਚ ਗੋਤਾ ਲਾਇਆ ਤਾਂ ਇਹ ਕਾਫੀ ਹੇਠਾਂ ਜਾ ਚੁੱਕੀ ਸੀ। ਕਿਸਮਤ ਚੰਗੀ ਕਿ ਲਡ਼ਕੀ ਨੂੰ ਸਮਾਂ ਰਹਿੰਦਿਆਂ ਕੱਢ ਕੇ ਰਾਜਿੰਦਰਾ ਹਸਪਤਾਲ ਇਲਾਜ ਲਈ ਭੇਜ ਦਿੱਤਾ, ਜਿਥੇ ਉਹ ਆਪਣੇ ਮਾਪਿਆਂ ਦੀ ਹਾਜ਼ਰੀ ਵਿਚ ਜ਼ੇਰੇ-ਇਲਾਜ ਹੈ।

ਸ਼ੰਕਰ ਭਾਰਦਵਾਜ ਮੁਤਾਬਕ ਉਥੇ ਮੌਜੂਦ ਦੂਜੀ ਲਡ਼ਕੀ ਨੇ ਦੱਸਿਆ ਕਿ ਅਸੀਂ ਦੋਵੇਂ ਹੀ ਇਥੇ ਨਹਿਰ ਵਿਚ ਛਾਲ ਮਾਰਨ ਆਈਆਂ ਸਾਂ। ਇਥੇ ਆ ਕੇ ਮੇਰਾ ਮਨ ਬਦਲ ਗਿਆ ਅਤੇ ਮੈਂ ਆਪਣੀ ਸਹੇਲੀ ਨੂੰ ਸਮਝਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ। ਉਹ ਮੇਰੇ ਲੱਖ ਸਮਝਾਉਣ ਦੇ ਬਾਵਜੂਦ ਵੀ ਅਚਾਨਕ ਛਾਲ ਮਾਰ ਗਈ। ਇਸ ਮਾਮਲੇ ਦੀ ਥਾਣਾ ਸਿਵਲ ਲਾਈਨਜ਼ ਪੁਲਸ ਜਾਂਚ ਕਰ ਰਹੀ ਹੈ।

Bharat Thapa

This news is Content Editor Bharat Thapa