ਜ਼ਿਲ੍ਹੇ ''ਚ ਫੈਲਿਆ ਡੇਂਗੂ ਦਾ ਕਹਿਰ, 10 ਸਾਲਾ ਮਾਸੂਮ ਦੀ ਹੋਈ ਮੌਤ

11/10/2023 3:14:13 PM

ਲੁਧਿਆਣਾ (ਸਹਿਗਲ) : ਮਹਾਨਗਰ ’ਚ ਡੇਂਗੂ ਹੁਣ ਕਹਿਰ ਢਾਹੁਣ ਲੱਗਾ ਹੈ। ਇਸ ਦੇ ਕਹਿਰ ਨਾਲ ਇਕ 10 ਸਾਲਾ ਲੜਕੇ ਦੀ ਮੌਤ ਹੋ ਗਈ। ਮ੍ਰਿਤਕ ਆਨੰਦ ਵਿਹਾਰ ਕਾਲੋਨੀ ਕੋਲ ਸਥਿਤ ਆਜ਼ਾਦ ਨਗਰ ਦਾ ਰਹਿਣ ਵਾਲਾ ਸੀ ਅਤੇ ਇਲਾਜ ਲਈ ਦਯਾਨੰਦ ਹਸਪਤਾਲ ’ਚ ਦਾਖਲ ਸੀ। ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ ’ਚ ਅੱਜ 80 ਦੇ ਕਰੀਬ ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ’ਚ 6-7 ਹਸਪਤਾਲਾਂ ’ਤੇ ਆਧਾਰਿਤ ਰਿਪੋਰਟ ਦੇ ਆਧਾਰ ’ਤੇ 24 ਮਰੀਜ਼ਾਂ ਵਿਚ ਡੇਂਗੂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ’ਚ 18 ਮਰੀਜ਼ ਸ਼ਹਿਰੀ ਇਲਾਕਿਆਂ ਦੇ ਰਹਿਣ ਵਾਲੇ ਹਨ, ਜਦੋਂਕਿ 6 ਪੇਂਡੂ ਇਲਾਕਿਆਂ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ : ਇੰਗਲੈਂਡ ਤੋਂ ਆਏ ਪਿਓ ਨੇ ਹਥਿਆਰਾਂ ਦੀ ਨੋਕ 'ਤੇ ਆਪਣੇ ਹੀ ਪੁੱਤ ਨੂੰ ਕੀਤਾ ਅਗਵਾ, ਮਾਮਲਾ ਜਾਣ ਹੋ ਜਾਓਗੇ ਹੈਰਾਨ

ਇਸ ਸਿਲਸਿਲੇ ’ਚ ਸਿਵਲ ਸਰਜਨ ਵੱਲੋਂ ਜਾਰੀ ਪ੍ਰੈੱਸ ਨੋਟ ’ਚ ਦੱਸਿਆ ਗਿਆ ਹੈ ਕਿ ਜ਼ਿਲੇ ’ਚ ਹੁਣ ਤੱਕ 944 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਮੌਜੂਦਾ ਸਮੇਂ ’ਚ 7 ਹਸਪਤਾਲਾਂ ਤੋਂ ਮਿਲੀ ਜਾਣਕਾਰੀ ਮੁਤਾਬਕ 112 ਐਕਟਿਵ ਮਰੀਜ਼ ਹਨ, ਜਿਨ੍ਹਾਂ ’ਚੋਂ 86 ਸ਼ਹਿਰੀ ਇਲਾਕਿਆਂ ਅਤੇ 26 ਪੇਂਡੂ ਇਲਾਕਿਆਂ ਨਾਲ ਸਬੰਧਤ ਹਨ। ਇਨ੍ਹਾਂ 7 ਹਸਪਤਾਲਾਂ ਦੀ ਰਿਪੋਰਟ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਦਯਾਨੰਦ ਹਸਪਤਾਲ ’ਚ 80, ਦੀਪ ਹਸਪਤਾਲ ਵਿਚ 20, ਜੀ. ਟੀ. ਬੀ. ਹਸਪਤਾਲ ਵਿਚ 3, ਗਲੋਬਲ ਹਸਪਤਾਲ ਵਿਚ 2, ਐੱਸ. ਪੀ. ਐੱਸ. ਹਸਪਤਾਲ ਵਿਚ 4, ਸੀ. ਐੱਮ. ਸੀ. ਹਸਪਤਾਲ ਵਿਚ 2 ਅਤੇ ਸਿਵਲ ਹਸਪਤਾਲ ’ਚ 1 ਮਰੀਜ਼ ਜ਼ੇਰੇ ਇਲਾਜ ਹੈ। ਸਿਹਤ ਅਧਿਕਾਰੀਆਂ ਮੁਤਾਬਕ ਜ਼ਿਲੇ ’ਚ ਡੇਂਗੂ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ।

ਡੇਂਗੂ ਤੋਂ ਬਚਾਅ ਲਈ ਸਾਵਧਾਨੀ ਹੀ ਸਭ ਤੋਂ ਵੱਡਾ ਹਥਿਆਰ : ਡਾ. ਵਿਵੇਦ ਕਟਾਰੀਆ
ਡੇਂਗੂ ਖਤਰਨਾਕ ਬਿਮਾਰੀ ਹੈ, ਜਿਸ ਵਿਚ ਸਾਨੂੰ ਕੁਝ ਸਾਵਧਾਨੀਆਂ ਵਰਤਣ ਦੀ ਲੋੜ ਹੈ। ਜੇਕਰ ਅਸੀਂ ਮੱਛਰਾਂ ਤੋਂ ਆਪਣਾ ਬਚਾਅ ਕਰਾਂਗੇ ਤਾਂ ਡੇਂਗੂ ਰੋਗ ਤੋਂ ਅਸੀਂ ਸੰਭਵ ਤੌਰ ’ਤੇ ਸੁਰੱਖਿਅਤ ਰਹਾਂਗੇ। ਡੇਂਗੂ ਤੋਂ ਬਚਾਅ ਹੀ ਸਭ ਤੋਂ ਵੱਡਾ ਹਥਿਆਰ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਸਲੇਮ ਟਾਬਰੀ ਇਲਾਕੇ ’ਚ ਇਕ ਡੇਂਗੂ ਪੀੜਤ ਨਾਲ ਮੁਲਾਕਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਡੇਂਗੂ ਦਾ ਮੌਸਮ ਚੱਲ ਰਿਹਾ ਹੈ। ਇਸ ਲਈ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਫ੍ਰਿਜ਼, ਗਮਲਿਆਂ ਆਦਿ ਦੀ ਪਿਛਲੀ ਟ੍ਰੇਅ ’ਚ ਪਾਣੀ ਜਮ੍ਹਾ ਹੋ ਜਾਂਦਾ ਹੈ, ਜਿਸ ਕਾਰਨ ਉੱਥੇ ਡੇਂਗੂ ਦੇ ਮੱਛਰ ਆਸਾਨੀ ਨਾਲ ਪੈਦਾ ਹੁੰਦੇ ਹਨ।

ਇਹ ਵੀ ਪੜ੍ਹੋ : ਸ਼ੋਰ ਪ੍ਰਦੂਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਇਨ੍ਹਾਂ ਸ਼ਹਿਰਾਂ 'ਚ ਲੱਗਣਗੇ Noise Monitoring Terminal

5 ਮਿਲੀਲਿਟਰ ਪਾਣੀ ’ਚ ਵੀ ਪੈਦਾ ਹੋ ਸਕਦੈ ਡੇਂਗੂ ਦਾ ਮੱਛਰ
ਡਾਕਟਰ ਕਟਾਰੀਆ ਨੇ ਦਸਿਆ ਕਿ ਜਿੱਥੇ 5 ਮਿ. ਲਿ. ਪਾਣੀ ਜਮ੍ਹਾ ਹੋ ਜਾਵੇ, ਉੱਥੇ ਵੀ ਮੱਛਰ ਪੈਦਾ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਹਫਤੇ ’ਚ ਇਕ ਵਾਰ ਆਪਣੇ ਘਰਾਂ ਦੇ ਕੂਲਰਾਂ, ਪੰਛੀਆਂ ਦੇ ਪਾਣੀ ਦੇ ਭਾਂਡੇ, ਗਮਲਿਆਂ, ਛੱਤਾਂ ’ਤੇ ਲੱਗੇ ਸਜਾਵਟੀ ਬੂਟਿਆਂ ਦਾ ਪਾਣੀ ਬਦਲਣਾ ਚਾਹੀਦਾ ਹੈ ਅਤੇ ਸੁੱਕਣ ਤੋਂ ਬਾਅਦ ਮੁੜ ਪਾਣੀ ਭਰਨਾ ਚਾਹੀਦਾ ਹੈ। ਸਰੀਰ ਨੂੰ ਮੱਛਰਾਂ ਤੋਂ ਬਚਾਉਣ ਲਈ ਸਰੀਰ ਢਕਣ ਵਾਲੇ ਕੱਪੜੇ ਪਹਿਨਣ, ਮੱਛਰਦਾਨੀ ਦੀ ਵਰਤੋਂ ਕਰਨ, ਮੱਛਰ ਭਜਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ। ਸਿਹਤ ਮੁਲਾਜ਼ਮ ਘਰਾਂ ਵਿਚ ਜਾ ਕੇ ਮੱਛਰਾਂ ਦੇ ਪੈਦਾ ਹੋਣ ਦੀ ਜਾਂਚ ਕਰ ਰਹੇ ਹਨ ਅਤੇ ਲੋਕਾਂ ਨੂੰ ਬਚਾਅ ਸਬੰਧੀ ਜਾਗਰੂਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੁਖਾਰ ਹੋਣ ’ਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਨਹੀਂ ਲੈਣੀ ਚਾਹੀਦੀ। ਇਸ ਮੌਕੇ ਉਨ੍ਹਾਂ ਦੇ ਨਾਲ ਐਪੀਡੈਮਿਓਲਾਜਿਸਟ ਡਾ. ਰਮੇਸ਼ ਕੁਮਾਰ ਅਤੇ ਡਿਪਟੀ ਮਾਸ ਮੀਡੀਆ ਅਫਸਰ ਰਜਿੰਦਰ ਸਿੰਘ ਮੌਜੂਦ ਸਨ।

ਇਹ ਵੀ ਪੜ੍ਹੋ : ਕਾਰ ਸਵਾਰ ਬਾਰਾਤੀਆਂ ਵੱਲੋਂ ਟਰੱਕ ਡਰਾਈਵਰ ਤੇ ਸਾਥੀ ਨਾਲ ਕੁੱਟਮਾਰ, ਖੋਹੇ ਪੈਸੇ ਤੇ ਚਾਬੀਆਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha