ਮਰਨ ਵਰਤ ’ਤੇ ਬੈਠੇ ਅਧਿਆਪਕਾਂ ਦੇ ਹੱਕ ’ਚ ਪੰਜਾਬ ਸਰਕਾਰ ਦੀ ਅਰਥੀ ਫੂਕੀ

10/18/2018 6:04:48 AM

ਭੁੱਚੋ ਮੰਡੀ, (ਨਾਗਪਾਲ)- ਪੰਜਾਬ ਕੈਬਨਿਟ  ਦੁਆਰਾ ਪਿਛਲੇ ਦਸ ਸਾਲਾਂ ਤੋਂ ਠੇਕੇ ’ਤੇ ਕੰਮ ਕਰਦੇ 8886 ਐੱਸ. ਐੱਸ. ਏ./ਰਮਸਾ ਅਧਿਆਪਕਾਂ, ਅਾਦਰਸ਼ ਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ’ਚ ਰੈਗੂਲਰ ਕਰਨ ਦੀ ਆਡ਼ ’ਚ ਮੌਜੂਦਾ ਮਿਲ ਰਹੀਆਂ ਤਨਖ਼ਾਹਾਂ ’ਤੇ 65 ਤੋਂ 75 ਫੀਸਦੀ ਕਟੌਤੀ ਕਰਨ ਦੇ ਫੈਸਲੇ ਖ਼ਿਲਾਫ ਅਤੇ ਪੂਰੀਆਂ ਤਨਖ਼ਾਹਾਂ ’ਤੇ ਰੈਗੂਲਰ ਕਰਵਾਉਣ ਲਈ 7 ਅਕਤੂਬਰ ਤੋਂ ਪਟਿਆਲਾ ਦੂਖ ਨਿਵਾਰਨ ਸਾਹਮਣੇ ‘ਸਾਂਝਾ ਅਧਿਆਪਕ ਮੋਰਚਾ’ ਦੀ ਅਗਵਾਈ ਹੇਠ ਚੱਲ ਰਹੇ ਪੱਕੇ ਮੋਰਚੇ ’ਚ ਮਰਨ ਵਰਤ ’ਤੇ ਬੈਠੇ 11 ਅਧਿਆਪਕਾਂ ਤੇ 6 ਮਹਿਲਾ ਅਧਿਆਪਕਾਂ ਦੀ ਹਾਲਤ ਵਿਗਡ਼ਨ ’ਤੇ 11ਵੇਂ ਦਿਨ ਤੱਕ ਵੀ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਨਾ ਕਰਨ ਅਤੇ ਕਿਸੇ ਵੀ ਸਰਕਾਰੀ ਅਧਿਕਾਰੀ ਵੱਲੋਂ ਸਾਰ ਨਾ ਲੈਣ ਦੇ ਰੋਸ ਵਜੋਂ ਸੂਬਾ ਪੱਧਰੀ ਫੈਸਲੇ ਅਨੁਸਾਰ ਅਧਿਆਪਕਾਂ ਵੱਲੋਂ ‘ਕਾਲਾ ਹਫ਼ਤਾ’ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਂਝਾ ਅਧਿਆਪਕ ਮੋਰਚੇ ਨੇ ਦੱਸਿਆ ਕਿ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਲਡ਼ਕੇ ਅਤੇ ਲਡ਼ਕੀਆਂ, ਸਰਕਾਰੀ ਹਾਈ ਸਕੂਲ ਚੱਕ ਰਾਮ ਸਿੰਘ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਕਾਹਨ ਸਿੰਘ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਭੁੱਚੋ ਮੰਡੀ, ਸਰਕਾਰੀ ਪ੍ਰਾਇਮਰੀ ਸਕੂਲ ਚੱਕ ਫਤਿਹ ਸਿੰਘ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਲਹਿਰਾ ਖਾਨਾ ਆਦਿ ਸਕੂਲਾਂ ਦੇ ਅਧਿਆਪਕ ਸ਼ਾਮਲ ਹੋਏ ਅਤੇ ਸਰਕਾਰ ਦੀ ਅਰਥੀ ਫੂਕੀ ਗਈ।
 ਇਸ ਸਮੇਂ ਅਧਿਆਪਕਾਂ ਦਾ ਸਹਿਯੋਗ ਦੇ ਰਹੇ ਕਿਸਾਨ ਆਗੂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਦਾ ਛੇਤੀ ਕੋਈ ਹੱਲ ਨਾ ਕੱਢਿਆ ਤੇ ਮਰਨ ਵਰਤ ’ਤੇ ਬੈਠੇ ਕਿਸੇ ਵੀ ਅਧਿਆਪਕ ਦਾ ਕਿਸੇ ਕਿਸਮ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। 
ਅੰਤ ’ਚ ਆਗੂਆਂ ਨੇ ਕਿਹਾ ਕਿ 18 ਅਕਤੂਬਰ ਨੂੰ ਪੂਰੇ ਪੰਜਾਬ ਵਿਚ ਰਾਵਣ ਰੂਪੀ ਪੰਜਾਬ ਕੈਬਨਿਟ ਦੇ ਪੁਤਲਿਆਂ ਦਾ ਕਾਂਗਰਸੀ ਲੀਡਰਾਂ ਦੀਆਂ ਕੋਠੀਆਂ ਅੱਗੇ ਦਹਨ ਕੀਤਾ ਜਾਵੇਗਾ ਤੇ 21 ਅਕਤੂਬਰ ਨੂੰ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਇਨਕਲਾਬੀ, ਇਸਤਰੀ ਤੇ ਜਨਤਕ ਜਥੇਬੰਦੀਆਂ ਦੇ ਨਾਲ ਪਟਿਆਲੇ ਵਿਸ਼ਾਲ ਰੈਲੀ ਕੀਤੀ ਜਾਵੇਗੀ, ਜੋ ਪੰਜਾਬ ਸਰਕਾਰ ਦੀਆਂ ਜਡ਼੍ਹਾਂ ਹਿਲਾ ਕੇ ਰੱਖ ਦੇਵੇਗੀ। ਇਸ ਸਮੇਂ ਮੈਡਮ ਰੇਨੂੰ ਬਾਲਾ, ਅੰਜੂ ਬਾਲਾ, ਸਰਬਜੀਤ ਕੌਰ, ਪੁਸ਼ਪਾ ਲਤਾ ਨੇ ਵੀ ਸੰਬੋਧਨ ਕੀਤਾ।