ਮੰਡੀਆਂ ’ਚ ਕਣਕ ਦੀ ਖਰੀਦ ਦੇ ਮਾੜੇ ਪ੍ਰਬੰਧਾਂ ਤੋਂ ਦੁਖੀ ਕਿਸਾਨਾਂ ਨੇ ਤੀਜੇ ਦਿਨ ਵੀ ਆਵਾਜਾਈ ਕੀਤੀ ਠੱਪ

04/20/2021 7:03:48 PM

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਨੇੜਲੇ ਪਿੰਡ ਘਰਾਚੋਂ ਵਿਖੇ ਅਨਾਜ ਮੰਡੀਆਂ ’ਚ ਕਣਕ ਦੀ ਖਰੀਦ ਦੇ ਮਾੜੇ ਪ੍ਰਬੰਧਾਂ ਤੋਂ ਦੁਖੀ ਕਿਸਾਨਾਂ ਨੇ ਅੱਜ ਤੀਜੇ ਦਿਨ ਫਿਰ ਅਨਾਜ ਮੰਡੀ ਨੇੜੇ ਪਿੰਡ ’ਚੋਂ ਲੰਘਦੀ ਭਵਾਨੀਗੜ੍ਹ-ਸੁਨਾਮ ਮੁੱਖ ਸੜਕ ਉਪਰ ਆਵਾਜਾਈ ਠੱਪ ਕਰ ਕੇ ਰੋਸ ਧਰਨਾ ਦਿੰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਪਣੇ ਸੰਬੋਧਨ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮਨਜੀਤ ਸਿੰਘ ਘਰਾਚੋਂ, ਹਰਜਿੰਦਰ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾ, ਸੰਦੀਪ ਸਿੰਘ ਘੁੰਮਣ, ਗੁਰਤੇਜ ਸਿੰਘ ਭੱਟੀਵਾਲ, ਕਮਸ਼ੀਰ ਸਿੰਘ ਆਲੋਅਰਖ, ਗੁਰਜੰਟ ਸਿੰਘ ਨਾਗਰਾ, ਰਘਵੀਰ ਸਿੰਘ ਮੀਤ ਪ੍ਰਧਾਨ ਪਿੰਡ ਇਕਾਈ, ਚਮਕੌਰ ਸਿੰਘ ਮਹਿਲਾ ਤਰਕਸ਼ੀਲ ਆਗੂ ਅਤੇ ਜੋਗਿੰਦਰ ਸਿੰਘ ਆਲੋਅਰਖ ਸਮੇਤ ਕਈ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਮੰਡੀਆਂ ਦਾ ਭੋਗ ਪਾਉਣ ਦੀ ਪੂਰੀ ਤਿਆਰੀ ’ਚ ਹਨ, ਇਸੇ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਆਪਸੀ ਮਿਲੀਭੁਗਤ ਕਰਕੇ ਜਾਣਬੁੱਝ ਕੇ ਹੀ ਬਾਰਦਾਨੇ ਦੀ ਆਰਜ਼ੀ ਕਿੱਲਤ ਪੈਦਾ ਕਰ ਕੇ ਅਤੇ ਮੰਡੀਆਂ ’ਚੋਂ ਬੋਰੀਆਂ ਦੀ ਲਿਫਟਿੰਗ ਨਾ ਕਰਵਾ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਆਪਣੇ ਆਪ ਹੀ ਮਜਬੂਰ ਹੋ ਕੇ ਸਰਕਾਰੀ ਮੰਡੀਆਂ ਦੀ ਥਾਂ ਵੱਡੇ ਕਾਰਪੋਰੇਟ ਘਰਾਣਿਆਂ ਵੱਲੋਂ ਉਸਾਰੇ ਜਾ ਰਹੇ ਆਪਣੇ ਨਿੱਜੀ ਗੋਦਾਮਾਂ (ਨਿੱਜੀ ਮੰਡੀਆਂ) ’ਚ ਆਪਣੀ ਫ਼ਸਲ ਵੇਚਣ।

PunjabKesari

ਉਨ੍ਹਾਂ ਕਿਹਾ ਕਿ ਮੌਸਮ ਦੇ ਲਗਾਤਾਰ ਵਿਗੜ ਰਹੇ ਮਿਜਾਜ਼ ਕਾਰਨ ਕਿਸਾਨਾਂ ’ਚ ਉਨ੍ਹਾਂ ਦੀ ਪੁੱਤਾਂ ਵਾਂਗ ਪਾਲ਼ੀ ਮੰਡੀਆਂ ’ਚ ਰੁਲ਼ ਰਹੀ ਕਣਕ ਦੀ ਫ਼ਸਲ ਦੇ ਖਰਾਬ ਹੋਣ ਦਾ ਪੂਰਾ ਖਦਸ਼ਾ ਬਣਿਆ ਹੋਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਬੀਤੇ ਸ਼ਨੀਵਾਰ ਨੂੰ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਬਾਰਦਾਨੇ ਦਾ ਪੂਰਾ ਪ੍ਰਬੰਧ ਕਰਨ ਦਾ ਠੋਸ ਭਰੋਸਾ ਦਿੱਤਾ ਸੀ ਪਰ ‘ਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉਥੇ ਦਾ ਉਥੇ’ ਦੀ ਕਹਾਵਤ ਵਾਂਗ ਅੱਜ ਵੀ ਬਾਰਦਾਨੇ ਦੀ ਕਿੱਲਤ ਅਤੇ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ’ਚ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਅਤੇ ਕਿਸਾਨ ਪਹਿਲਾਂ ਨਾਲੋਂ ਜ਼ਿਆਦਾ ਖੱਜਲ-ਖੁਆਰ ਹੋ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਆਪਣੇ ਇਰਾਦੇ ਨਾ ਬਦਲੇ ਅਤੇ ਮੰਡੀਆਂ ’ਚ ਖਰੀਦ ਦੇ ਪ੍ਰਬੰਧਾਂ ਨੂੰ ਦਰੁੱਸਤ ਨਾ ਕੀਤਾ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਅਤੇ ਤੇਜ਼ ਕੀਤਾ ਜਾਵੇਗਾ।


Manoj

Content Editor

Related News