ਫਰਜ਼ੀ ਦਫਤਰ ਖੋਲ੍ਹ ਕੇ ਵਿਦੇਸ਼ ਭੇਜਣ ਦੇ ਨਾਂ ’ਤੇ 400 ਤੋਂ ਜ਼ਿਆਦਾ ਲੋਕਾਂ ਨਾਲ ਠੱਗੀ

05/16/2019 1:14:21 AM

ਫਿਲੌਰ, (ਭਾਖਡ਼ੀ)– ਮਾਮਲਾ ਸ਼ਹਿਰ ’ਚ ਟ੍ਰੈਵਲ ਏਜੰਟ ਦਾ ਫਰਜ਼ੀ ਦਫਤਰ ਖੋਲ੍ਹ ਕੇ ਵਿਦੇਸ਼ ਭੇਜਣ ਦੇ ਨਾਂ ’ਤੇ 400 ਤੋਂ ਜ਼ਿਆਦਾ ਲੋਕਾਂ ਤੋਂ ਕਰੋਡ਼ਾਂ ਰੁਪਏ ਠੱਗ ਕੇ ਫਰਾਰ ਹੋਣ ਦੇ ਮਾਮਲੇ ’ਚ ਪੁਲਸ ਨੇ ਫਰਾਰ ਟ੍ਰੈਵਲ ਏਜੰਟਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਸਥਾਨਕ ਸ਼ਹਿਰ ’ਚ ਚੰਨ ਬ੍ਰਦਰਜ਼ ਕੰਸਲਟੈਂਟ ਦੇ ਨਾਂ ਨਾਲ ਫਰਜ਼ੀ ਟ੍ਰੈਵਲ ਏਜੰਟ ਦਾ ਦਫਤਰ ਖੋਲ੍ਹ ਕੇ ਵਿਦੇਸ਼ ਭੇਜਣ ਅਤੇ ਉਥੇ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਤਿੰਨ ਮਹੀਨੇ ਵਿਚ ਪੂਰੇ ਪੰਜਾਬ ਤੋਂ 400 ਤੋਂ ਜ਼ਿਆਦਾ ਲੋਕਾਂ ਨੂੰ ਜਾਲ ’ਚ ਫਸਾ ਕੇ ਕਰੋਡ਼ਾਂ ਰੁਪਏ ਠੱਗ ਕੇ ਫਰਾਰ ਹੋ ਗਏ ਸਨ, ਜਿਸ ਤੋਂ ਬਾਅਦ ਤੋਂ ਉਨ੍ਹਾਂ ਦੀ ਠੱਗੀ ਦੇ ਸ਼ਿਕਾਰ ਸੈਂਕਡ਼ੇ ਲੋਕ ਏਜੰਟ ਦੇ ਦਫਤਰ ਦੇ ਬਾਹਰ ਲਗਾਤਾਰ ਧਰਨਾ ਦੇ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪ੍ਰਦਰਸ਼ਨ ਕਰ ਰਹੇ ਸਨ। ਪੁਲਸ ਨੇ ਪੀਡ਼ਤ ਲਡ਼ਕਿਆਂ ਦੀ ਸ਼ਿਕਾਇਤ ’ਤੇ ਏਜੰਟ ਲਡ਼ਕੇ ਅਤੇ ਉਨ੍ਹਾਂ ਦੀਆਂ ਸਾਥੀ ਲਡ਼ਕੀਆਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਫਡ਼ਨ ਲਈ ਛਾਣਬੀਣ ਤੇਜ਼ ਕਰ ਦਿੱਤੀ ਹੈ। ਪੁਲਸ ਜਾਂਚ ’ਚ ਪਤਾ ਲੱਗਾ ਹੈ ਕਿ ਫਰਾਰ ਟ੍ਰੈਵਲ ਏਜੰਟ ਬਹੁਤ ਹੀ ਸ਼ਾਤਰ ਕਿਸਮ ਦੇ ਲੋਕ ਹਨ। ਉਹ ਪਹਿਲਾਂ ਵੀ ਪੰਜਾਬ ਦੇ ਕਈ ਸ਼ਹਿਰਾਂ ਤੋਂ ਇਲਾਵਾ ਦਿੱਲੀ ’ਚ ਵੀ ਇਸ ਤਰ੍ਹਾਂ ਦੇ ਫਰਜ਼ੀ ਦਫਤਰ ਖੋਲ੍ਹ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ। ਉਕਤ ਲੋਕਾਂ ਵਿਰੁੱਧ ਪੰਜਾਬ ਦੇ ਵੱਖ-ਵੱਖ ਪੁਲਸ ਥਾਣਿਆਂ ਤੋਂ ਇਲਾਵਾ ਦਿੱਲੀ ਸ਼ਹਿਰ ’ਚ ਵੀ ਇਕ ਦਰਜਨ ਤੋਂ ਜ਼ਿਆਦਾ ਮੁਕੱਦਮੇ ਦਰਜ ਹਨ।

ਫਰਜ਼ੀ ਏਜੰਟਾਂ ਨੇ ਖੁਦ ਹੀ ਛਪਾ ਕੇ ਰੱਖੇ ਹੋਏ ਸਨ ਵੀਜ਼ਾ ਫਾਰਮ

ਜਿਉਂ ਹੀ ਇਕ-ਇਕ ਕਰ ਕੇ ਲੋਕ ਉਨ੍ਹਾਂ ਦੇ ਦਫਤਰ ’ਚ ਰੁਪਏ ਲੈ ਕੇ ਪੁੱਜਦੇ ਗਏ ਤਾਂ ਉਨ੍ਹਾਂ ਨੇ ਸਾਰਿਆਂ ਦੇ ਨਾਂ ਦੇ ਵੀਜ਼ਾ ਫਾਰਮ ਜੋ ਉਨ੍ਹਾਂ ਨੇ ਖੁਦ ਦੇ ਛਪਵਾ ਕੇ ਤਿਆਰ ਕਰ ਰੱਖੇ ਸਨ, ਦਿਖਾ ਕੇ ਕਰੋਡ਼ਾਂ ਰੁਪਏ ਇਕੱਠੇ ਕਰ ਕੇ ਰਫੂ-ਚੱਕਰ ਹੋ ਗਏ। ਲੁੱਟ ਦਾ ਸ਼ਿਕਾਰ ਹੋ ਚੁੱਕੇ ਲੋਕਾਂ ਦੇ ਕੋਲ ਜੋ ਵੀਜ਼ਾ ਫਾਰਮ ਫਡ਼ੇ ਹੋਏ ਹਨ, ਪੁਲਸ ਜਾਂਚ ਵਿਚ ਉਹ ਸਾਰੇ ਦੇ ਸਾਰੇ ਨਕਲੀ ਪਾਏ ਗਏ।

ਜ਼ੀਰਕਪੁਰ ’ਚ ਵੀ ਦਫਤਰ ਖੋਲ੍ਹ ਕੇ ਲੁੱਟ ਚੁੱਕੇ ਹਨ 100 ਤੋਂ ਜ਼ਿਆਦਾ ਲੋਕਾਂ ਨੂੰ

ਪੁਲਸ ਜਾਂਚ ਵਿਚ ਇਕ ਹੋਰ ਗੱਲ ਖੁੱਲ੍ਹ ਕੇ ਸਾਹਮਣੇ ਆਈ ਹੈ ਕਿ ਉਕਤ ਫਰਜ਼ੀ ਟ੍ਰੈਵਲ ਏਜੰਟਾਂ ਨੇ ਸਥਾਨਕ ਸ਼ਹਿਰ ’ਚ ਦਫਤਰ ਖੋਲ੍ਹਣ ਤੋਂ ਕੁਝ ਮਹੀਨੇ ਪਹਿਲਾਂ ਇਸੇ ਤਰ੍ਹਾਂ ਦੇ ਜ਼ੀਰਕਪੁਰ ਵਿਚ ਵੀ ਫਰਜ਼ੀ ਟ੍ਰੈਵਲ ਏਜੰਟ ਦਾ ਦਫਤਰ ਖੋਲ੍ਹ ਕੇ ਸਿੰਘਾਪੁਰ ਅਤੇ ਕੁਵੈਤ ਭੇਜਣ ਦੇ ਨਾਂ ’ਤੇ 100 ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਜਾਲ ’ਚ ਫਸਾ ਕੇ ਉਨ੍ਹਾਂ ਤੋਂ 50 ਲੱਖ ਰੁਪਏ ਤੋਂ ਜ਼ਿਆਦਾ ਰੁਪਏ ਲੁੱਟ ਲਏ ਸਨ।

Bharat Thapa

This news is Content Editor Bharat Thapa