ਅਕਾਲੀ ਲੀਡਰਸ਼ਿਪ ਦੀਆਂ ਨਜ਼ਰਾਂ ਦਿੱਲੀ ਹਾਈਕੋਰਟ ਦੇ ਫੈਸਲੇ ’ਤੇ ਟਿਕੀਆਂ

03/16/2019 3:37:07 AM

ਚੰਡੀਗਡ਼੍ਹ, (ਭੁੱਲਰ)- ਸੋਸ਼ਲਿਸਟ ਪਾਰਟੀ ਇੰਡੀਆ ਦੇ ਆਗੂ ਬਲਵੰਤ ਸਿੰਘ ਖੇਡ਼ਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ ਖਿਲਾਫ਼ ਪਾਰਟੀ ਦੇ ਦੋ ਵਿਧਾਨ ਬਣਾਉਣ ਦੇ ਦੋਸ਼ਾਂ ’ਚ 2008 ਤੋਂ ਲਡ਼ੀ ਜਾ ਰਹੀ ਕਾਨੂੰਨੀ ਲਡ਼ਾਈ ਦਾ ਹੁਣ ਅੰਤ ਨੇਡ਼ੇ ਆ ਗਿਆ ਹੈ। 
ਇਸ ਮਾਮਲੇ ’ਚ ਅਹਿਮ ਸੁਣਵਾਈ 3 ਅਪ੍ਰੈਲ ਨੂੰ ਹੋਣੀ ਹੈ, ਜਿਸ ਵਿਚ ਫੈਸਲਾ ਹੋ ਸਕਦਾ ਹੈ। ਇਸ ਕਰਕੇ ਹੁਣ ਅਕਾਲੀ ਲੀਡਰਸ਼ਿਪ ਦੀਆਂ ਨਜ਼ਰਾਂ ਇਸੇ ਫੈਸਲੇ ’ਤੇ ਟਿਕੀਆਂ ਹੋਈਆਂ ਹਨ ਕਿਉਂਕਿ ਪਹਿਲਾਂ ਹੀ ਅਕਾਲੀ ਦਲ  ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲਿਆਂ ’ਚ ਕਸੂਤੀ ਸਥਿਤੀ ’ਚ ਘਿਰਿਆ ਹੋਇਆ ਹੈ। 
ਅਕਾਲੀ ਦਲ ਖਿਲਾਫ਼ ਦੋ ਵਿਧਾਨਾਂ ਦੇ ਮੁੱਦੇ ’ਤੇ ਕਾਨੂੰਨੀ ਲਡ਼ਾਈ ਲਡ਼ਨ ਵਾਲੇ ਸੋਸ਼ਲਿਸਟ ਆਗੂ ਬਲਵੰਤ ਸਿੰਘ ਖੇਡ਼ਾ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ’ਚ ਦਾਅਵਾ ਕੀਤਾ ਕਿ ਹੁਣ ਤੱਕ ਦੀ ਸੁਣਵਾਈ ਦੌਰਾਨ ਸਾਰੇ ਤੱਥ ਅਕਾਲੀ ਦਲ ਖਿਲਾਫ਼ ਜਾ ਚੁੱਕੇ ਹਨ। ਅਕਾਲੀ ਦਲ ਦੇ ਦੋ ਵਿਧਾਨ ਹੋਣ ਬਾਰੇ ਵੀ ਤੱਥ ਪੂਰੀ ਤਰ੍ਹਾਂ ਸਪੱਸ਼ਟ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਪ੍ਰਮੁੱਖ ਅਕਾਲੀ ਆਗੂਆਂ ਨੂੰ ਦੋ ਵਿਧਾਨ ਰੱਖ ਕੇ ਧੋਖਾਧਡ਼ੀ ਅਤੇ ਜਾਅਲਸਾਜ਼ੀ ਦੇ ਦੋਸ਼ਾਂ ’ਚ ਜੇਲ ਜਾਣ ਲਈ ਤਿਆਰ ਰਹਿਣਾ ਚਾਹੀਦਾ ਹੈ। ਖੇਡ਼ਾ ਨੇ ਇਸ ਕੇਸ ’ਚ ਸ਼੍ਰੋਮਣੀ ਅਕਾਲੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ  ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ, ਦਲਜੀਤ ਸਿੰਘ ਚੀਮਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਬਣਾਇਆ ਹੈ। 
ਇਨ੍ਹਾਂ ’ਚੋਂ ਢੀਂਡਸਾ ਤੇ ਬ੍ਰਹਮਪੁਰਾ ਇਸ ਸਮੇਂ ਪਾਰਟੀ ਤੋਂ ਪਾਸੇ ਹੋ ਚੁੱਕੇ ਹਨ, ਜਿਸ ਕਰਕੇ ਮੁੱਖ ਗੱਲ ਬਾਦਲਾਂ ਦੁਆਲੇ ਕੇਂਦਰਿਤ ਰਹਿ ਗਈ ਹੈ। ਖੇਡ਼ਾ ਨੇ ਇਹ ਵੀ ਦਾਅਵਾ ਕੀਤਾ ਕਿ ਕੋਰਟ ਦਾ ਫੈਸਲਾ ਅਕਾਲੀ ਦਲ ਦੇ ਉਲਟ ਜਾਣ ਤੋਂ ਬਾਅਦ ਜਿੱਥੇ ਕਾਨੂੰਨੀ ਕਾਰਵਾਈ ਹੋਵੇਗੀ, ਉਥੇ ਅਕਾਲੀ ਦਲ ਦੀ ਮਾਨਤਾ ਵੀ ਰੱਦ ਹੋਵੇਗੀ, ਜਿਸ ਨਾਲ ਲੋਕ ਸਭਾ ਚੋਣਾਂ ਕਾਰਨ ਪਾਰਟੀ ਲਈ ਵੱਡਾ ਸੰਕਟ ਖਡ਼੍ਹਾ ਹੋਵੇਗਾ। 
ਉਨ੍ਹਾਂ ਨੇ ਦੱਸਿਆ ਕਿ ਦਿੱਲੀ ਹਾਈਕੋਰਟ ’ਚ ਪ੍ਰਸਿੱਧ ਵਕੀਲ ਇੰਦਰਾ ਓਨੇਆਰ ਨੇ ਪਿਛਲੇ ਸਮੇਂ ’ਚ ਇਸ ਮਾਮਲੇ ’ਚ ਜਲਦੀ ਸੁਣਵਾਈ ਦੀ ਦਰਖਾਸਤ ਦਿੱਤੀ ਸੀ, ਜਿਸ ਤੋਂ ਬਾਅਦ ਸੁਣਵਾਈ 3 ਅਪ੍ਰੈਲ ਨੂੰ ਰੱਖੀ ਗਈ ਹੈ। ਹਾਈਕੋਰਟ ਨੇ ਭਾਰਤ ਦੇ ਚੋਣ ਕਮਿਸ਼ਨਰ, ਅਕਾਲੀ ਦਲ ਐੱਸ.ਜੀ.ਪੀ.ਸੀ. ਗੁਰਦੁਆਰਾ ਚੋਣ ਕਮਿਸ਼ਨ ਨੂੰ ਇਕ ਹਫ਼ਤੇ ਅੰਦਰ ਆਪਣਾ ਪੱਖ ਰੱਖਣ ਲਈ ਆਖਰੀ ਮੌਕਾ ਦਿੱਤਾ ਹੈ। ਇਸ ਮੌਕੇ ਸੋਸ਼ਲਿਸਟ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਓਮ ਸਿੰਘ, ਹਰਿੰਦਰ ਸਿੰਘ ਮਾਨਸ਼ਾਹੀਆ, ਅਸ਼ੋਕ ਨਿਰਦੋਸ਼, ਰਜਿੰਦਰ ਕੌਰ ਦਾਨੀ ਆਦਿ ਵੀ ਮੌਜੂਦ ਸਨ।

Bharat Thapa

This news is Content Editor Bharat Thapa