ਫਸਲ ਨੂੰ ਵੱਧ ਤੋਲ ਕੇ ਕੀਤੀ ਜਾ ਰਹੀ ਹੈ ਲੁੱਟ

11/12/2018 12:50:02 AM

ਤਪਾ ਮੰਡੀ, (ਸ਼ਾਮ ਗਰਗ)- ਪਿੰਡ ਮਹਿਤਾ ਦੇ ਖਰੀਦ ਕੇਂਦਰ ’ਚ ਉਸ ਸਮੇਂ ਮਾਹੋਲ ਤਨਾਅ ਪੂਰਨ ਹੋ ਗਿਆ ਜਦੋਂ ਕਿਸਾਨ ਬਿੰਦਰ ਪਾਲ ਸਿੰਘ ਮਹਿਤਾ ਵਲੋਂ ਅਾਪਣੀ ਝੋਨੇ ਦੀ ਫਸਲ ਦੀ ਤੁਲਾਈ ਦੌਰਾਨ ਆਡ਼੍ਹਤੀਏ ’ਤੇ ਵੱਧ ਤੁਲਾਈ ਦੇ ਦੋਸ਼ ਲਾਉਦਿਆਂ।  ਇਸ ਦੀ ਜਾਣਕਾਰੀ ਭਾਕਿਯੂ ਏਕਤਾ(ਡਕੌਦਾ) ਆਗੂਆਂ ਨੂੰ ਦਿੱਤੀ।  ਜਦੋਂ ਕਿਸਾਨ ਆਗੂਆਂ ਵਲੋਂ ਖਰੀਦ ਕੇਂਦਰ ’ਚ ਜਾਕੇ ਮਾਰਕੀਟ ਕਮੇਟੀ ਤਪਾ ਦੇ ਕਰਮਚਾਰੀਆਂ ਦੀ ਹਾਜ਼ਰੀ ’ਚ ਆਡ਼੍ਹਤੀਏ ਨੂੰ ਬੁਲਾਕੇ ਜਦੋਂ ਝੋਨੇ ਦੇ ਭਰੇ ਗੱਟਿਆਂ ਦੀ ਸਰਕਾਰੀ ਕੰਡੇ ’ਤੇ ਤੁਲਾਈ ਕੀਤੀ ਤਾਂ ਉਨ੍ਹਾਂ ’ਚ ਝੋਨੇ ਦੀ ਮਾਤਰਾ 250 ਗ੍ਰਾਮ ਵੱਧ ਪਾਈ ਗਈ। ਇਸ  ਮੌਕੇ ਬੋਲਦਿਆਂ ਕਿਸਾਨ ਆਗੂਆਂ ਦਰਸ਼ਨ ਸਿੰਘ ਮਹਿਤਾ ਜ਼ਿਲਾ ਮੀਤ ਪ੍ਰਧਾਨ, ਗੁਰਨੈਬ ਸਿੰਘ ਧੋਲਾ, ਬਲਦੇਵ ਸਿੰਘ ਧੋਲਾ, ਚੰਦ ਸਿੰਘ ਧੋਲਾ, ਜਸਵੰਤ ਸਿੰਘ ਘੁਡ਼ੈਲੀ, ਕੇਵਲ ਸਿੰਘ ਘੁਡ਼ੈਲੀ, ਸੁਖਦੇਵ ਸਿੰਘ ਮਹਿਤਾ, ਕੁਲਵੰਤ ਸਿੰਘ ਮਹਿਤਾ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਕਿਸਾਨ ਦੀ ਹਰੇਕ ਪਾਸੇ ਲੁੱਟ ਹੋ ਰਹੀ ਹੈ। ਕਿਸਾਨਾਂ ’ਤੇ ਸਖਤੀ ਕਰਦਿਆਂ ਝੋਨੇ ਦੀ ਲਵਾਈ ਮੌਕੇ ਉਸ ਦੀ ਫਸਲ ਨੂੰ ਲੇਟ ਕਰਵਾਇਆ ਗਿਆ। ਜਿਸ ਕਾਰਨ ਉਸ ਨੂੰ ਫਸਲ ਦਾ ਪੂਰਾ ਝਾਡ਼ ਨਹੀਂ ਮਿਲ ਰਿਹਾ ਤੇ ਮੰਡੀ ’ਚ ਨਮੀ ਦੀ ਵੱਧ ਮਾਤਰਾ ਨੂੰ ਲੈਕੇ ਰੁੱਲ ਰਿਹਾ ਹੈ। ਉਪਰੋਂ ਇਸ ਤਰ੍ਹਾਂ ਕੁਝ ਆਡ਼੍ਹਤੀਆਂ ਵਲੋਂ ਟੇਢਾ ਢੰਗ ਵਰਤਕੇ ਲੁਟਿਆਂ ਜਾ ਰਿਹਾ ਹੈ। ਜਦੋਂ ਇਸ ਸੰਬੰਧੀ ਆਡ਼੍ਹਤੀਏ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਤੁਲਾਈ ਦੌਰਾਨ ਹੋਈ ਤਕਨੀਕੀ ਖਰਾਬੀ ਕਾਰਨ ਝੋਨੇ ਦੀ ਵੱਧ ਤੁਲਾਈ ਹੋ ਗਈ ਹੈ। ਇਸ ਸੰਬੰਧੀ ਉਹ ਵੱਧ ਕਿਸਾਨ ਨੂੰ ਉਸ ਦੀ   ਪੂਰਤੀ ਕਰਨ ਲਈ ਤਿਆਰ ਹੈ। ਜਦ ਮਾਰਕੀਟ ਕਮੇਟੀ ਦੇ ਮੁਲਾਜ਼ਮ ਬਿਕਰਮਜੀਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਤੇ ਕਿਸਾਨ ਆਗੂਆਂ ਵਲੋਂ ਉਨ੍ਹਾਂ ਨੂੰ ਝੋਨੇ ਦੀ ਦਿੱਤੀ ਤੁਲਾਈ ਬਾਰੇ ਦੇਖਣ ਲਈ ਉਹ ਪਹੁੰਚੇ ਸਨ  ਤਾਂ ਵੱਧ ਤੋਲਣ ਵਾਲੀ ਗੱਲ ਸਹੀ ਸਾਬਤ ਹੋਈ ਅਤੇ ਉਨ੍ਹਾਂ ਵਲੋਂ 250 ਗ੍ਰਾਮ ਪ੍ਰਤੀ ਗੱਟੇ ਦੇ ਹਿਸਾਬ ਨਾਲ ਜੋ ਵੀ ਜ਼ੁਰਮਾਨਾ ਬਣਦਾ ਹੋਵੇਗਾ ਨੋਟਿਸ ਕੱਟਕੇ ਵਸੂਲ ਲਿਆ ਜਾਵੇਗਾ। ਜਦੋਂ ਇਸ ਸੰਬੰਧੀ ਝੋਨੇ ਦੀ  ਪੂਰਤੀ ਕਰਨ ਵਾਲੇ ਆਡ਼੍ਹਤੀਏ ਦੇ ਤੋਲੇ ਨੂੰ ਉਸ ਦੇ ਲਾਇਸੈਂਸ ਬਾਰੇ ਪੁੱਛਿਆ ਤਾਂ ਉਹ ਟਾਲ ਮਟੋਲ ਕਰਦਾ ਨਜ਼ਰ ਆਇਆ ਅਗਰ ਉਸ ਪਾਸ ਕੋਈ ਲਾਇਸੈਂਸ ਨਾ ਹੋਇਆ ਤਾਂ ਤੋਲੇ ਖਿਲਾਫ ਵੀ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।