ਭਿਆਨਕ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਨਾਭਾ-ਗੋਬਿੰਦਗੜ੍ਹ ਸੜਕ ’ਤੇ ਪਏ ਟੋਏ

03/30/2021 2:49:39 PM

ਭਾਦਸੋਂ (ਅਵਤਾਰ) : ਨਾਭਾ-ਗੋਬਿੰਦਗੜ੍ਹ ਸੜਕ ’ਤੇ ਪਏ ਡੂੰਘੇ ਟੋਏ ਭਿਆਨਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ । ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਵੀ ਨਾਭਾ ਤੋਂ ਅਮਲੋਹ ਜਾਣ ਲਈ ਇਹੀ ਰੂਟ ਹੈ ਪਰ ਸ਼ਾਇਦ ਉਹ ਇਨ੍ਹਾਂ ਟੋਇਆਂ ਤੋਂ ਜਾਣੂ ਹੀ ਨਹੀਂ । ਨਾਭਾ-ਗੋਬਿੰਦਗੜ੍ਹ ਕਮਰਸ਼ੀਅਲ ਸੜਕ ਹੈ ਅਤੇ ਚੈਹਿਲ ਨੇੜੇ ਟੋਲ ਪਲਾਜ਼ਾ ਵੀ ਹੈ ਪਰ ਬੀਤੇ ਕੁਝ ਸਾਲਾਂ ਤੋਂ ਇਸ ਸੜਕ ਦੀ ਹਾਲਤ ਕਾਫੀ ਖਸਤਾ ਹੋ ਗਈ ਹੈ। ਉਦਯੋਗਿਕ ਖੇਤਰ ਮੰਡੀ ਗੋਬਿੰਦਗੜ੍ਹ ਤੋਂ ਵੱਡੀ ਮਾਤਰਾ ’ਚ ਲੋਹਾ ਅਤੇ ਹੋਰ ਸਾਮਾਨ ਇਸੇ ਸੜਕ ਰਾਹੀਂ ਰਾਜਸਥਾਨ, ਹਰਿਆਣਾ ਤੇ ਹੋਰ ਸੂਬਿਆਂ ਨੂੰ ਆਉਂਦਾ-ਜਾਂਦਾ ਹੈ ।

ਭਾਦਸੋਂ ਤੋਂ ਅਮਲੋਹ ਬੀੜ ਨਜ਼ਦੀਕ ਕਈ ਵਾਰ ਟੁੱਟ ਚੁੱਕੀ ਸੜਕ ਕਾਰਨ ਵਾਹਨ ਚਾਲਕ ਸੰਤੁਲਨ ਗੁਆ ਬੈਠਦੇ ਹਨ ਅਤੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਬੀਤੇ ਦਿਨੀਂ ਵੀ ਇੱਕ ਕਾਰ ਸਵਾਰ ਬੀੜ ਨਜ਼ਦੀਕ ਟੁੱਟੀ ਸੜਕ ਕਰਕੇ ਹਾਦਸਾਗ੍ਰਸਤ ਹੋਇਆ। ਇਸ ਸੜਕ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਸਰਕਾਰ ਦੇ ਵਿਕਾਸ ਕਾਰਜਾਂ ਸਬੰਧੀ ਦਾਅਵੇ ਝੂਠੇ ਹੀ ਹਨ। ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਸਮੇਂ ਦੀਆਂ ਸਰਕਾਰਾਂ ਬਿਆਨਬਾਜ਼ੀ ਕਰਨ ਦੀ ਬਜਾਏ ਅਸਲ ਸਥਿਤੀ ਮੁਤਾਬਕ ਵਿਕਾਸ ਕਰਨ ।

ਕੀ ਕਹਿੰਦੇ ਹਨ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀ
ਇਸ ਬਾਰੇ ਜਦੋਂ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀ ਵੈਂਕੇਸ਼ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਟੁੱਟ ਚੁੱਕੀ ਸੜਕ ਦੀ ਮੁਰੰਮਤ ਬਾਰੇ ਟੀ. ਸੀ. ਆਈ. ਐੱਲ. ਦੇ ਸਬੰਧਤ ਅਧਿਕਾਰੀ ਨੂੰ ਕਿਹਾ ਜਾ ਚੁੱਕਾ ਹੈ। ਕੁਝ ਦਿਨਾਂ ਅੰਦਰ ਸੜਕ ਦੀ ਮੁਰੰਮਤ ਕਰ ਦਿੱਤੀ ਜਾਵੇਗੀ ।

ਕੀ ਕਹਿੰਦੇ ਹਨ ਟੀ. ਸੀ. ਆਈ. ਐੱਲ. ਦੇ ਅਧਿਕਾਰੀ
ਇਸ ਬਾਰੇ ਜਦੋਂ ਟੀ. ਸੀ. ਆਈ. ਐੱਲ. ਦੇ ਸਬੰਧਤ ਅਧਿਕਾਰੀ ਸਤਿਆਵੀਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੜਕ ਦੀ ਮੁਰੰਮਤ ਬਾਰੇ ਟੈਂਡਰ ਪਾਏ ਗਏ ਹਨ । ਇਕ-ਦੋ ਦਿਨਾਂ ’ਚ ਸੜਕ ਦੀ ਮੁਰੰਮਤ ਕਰ ਦਿੱਤੀ ਜਾਵੇਗੀ ।
                                                 
ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਗੁਰਦੇਵ ਸਿੰਘ ਦੇਵ ਮਾਨ ਦਾ ਕਹਿਣਾ ਹੈ ਕਿ ਕਾਂਗਰਸ ਅਤੇ ਅਕਾਲੀ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਸਿਰਫ ਵੋਟਾਂ ਵੇਲੇ ਹੀ ਇਹ ਜਨਤਾ ਨੂੰ ਭਰਮਾਉਂਦੇ ਹਨ । ਉਨ੍ਹਾਂ ਕਿਹਾ ਕਿ ਜੇਕਰ ਇਸ ਸੜਕ ਦੀ ਅਪ੍ਰੈਲ ਤੱਕ ਮੁਰੰਮਤ ਨਾ ਕੀਤੀ ਗਈ ਤਾਂ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਰੋਸ ਧਰਨੇ ਦਿੱਤੇ ਜਾਣਗੇ । -ਦੇਵ ਮਾਨ
        
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਬੀਰ ਦਾ ਕਹਿਣਾ ਹੈ ਕਿ ਸੂਬੇ ਦਾ ਵਿਕਾਸ ਸਿਰਫ ਅਕਾਲੀ ਦਲ ਵੇਲੇ ਹੀ ਹੋਇਆ ਹੈ । ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਬਣਨ ’ਤੇ ਮੁੱਖ ਸੜਕ ਤਾਂ ਕੀ ਹਰ ਇੱਕ ਪਿੰਡ ਨੂੰ ਲਿੰਕ ਸੜਕਾਂ ਪੱਕੀਆਂ ਕੀਤੀਆਂ ਜਾਣਗੀਆਂ । -ਕਬੀਰ ਦਾਸ

 


Anuradha

Content Editor

Related News