ਖੇਡ ਮੰਤਰੀ ਰਾਣਾ ਸੋਢੀ ਦੇ ਜੱਦੀ ਪਿੰਡ ਦਾ ਵਿਕਾਸ ਪੱਖੋਂ ਬੂਰਾ ਹਾਲ

03/15/2020 8:06:34 PM

ਗੁਰੂਹਰਸਹਾਏ,(ਪ੍ਰਦੀਪ ਕਾਲੜਾ )- ਕਾਂਗਰਸ ਪਾਰਟੀ ਵੱਲੋਂ 2017 'ਚ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਸੱਤਾ ਹਾਸਲ ਕਰਨ ਦੇ ਲਈ ਆਪਣੇ ਚੋਣ ਮੈਨੀਫੈਸਟੋ 'ਚ ਲੋਕਾਂ ਦੇ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦਿਆਂ ਦੇ ਨਾਲ ਸ਼੍ਰੀ ਗੁਟਕਾ ਸਾਹਿਬ ਹੱਥ 'ਚ ਫੜ੍ਹ ਕੇ ਪੰਜਾਬ ਦੀ ਤਰੱਕੀ ਤੇ ਖ਼ੁਸ਼ਹਾਲੀ ਦੇ ਲਈ ਪੰਜਾਬ ਦੇ ਲੋਕਾਂ ਨਾਲ ਕਾਂਗਰਸ ਪਾਰਟੀ ਦੇ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ। ਪਰ ਹੁਣ ਕਾਂਗਰਸ ਸਰਕਾਰ ਨੂੰ ਸੱਤਾ 'ਚ ਆਏ ਨੂੰ 3 ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਮਗਰੋਂ ਵੀ ਲੋਕਾਂ ਦੇ ਨਾਲ ਕੀਤੇ ਗਏ ਵਾਅਦਿਆਂ 'ਚੋਂ ਲੋਕਾਂ ਦੇ ਅਨੁਸਾਰ ਕੈਪਟਨ ਸਰਕਾਰ ਵੱਲੋਂ ਕੋਈ ਇੱਕ ਵੀ ਵਾਅਦਾ ਪੂਰਾ ਕਰਨ ਦੀ ਬਿਜਾਏ ਉਲਟਾ ਲੋਕਾਂ ਉੱਪਰ ਹੋਰ ਵੀ  ਨਵੇਂ ਨਵੇਂ ਟੈਕਸ ਲਗਾ ਕੇ ਲੋਕਾਂ 'ਤੇ ਹੋਰ ਬੋਝ ਪਾਇਆ ਜਾ ਰਿਹਾ ਹੈ। ਪਰ  ਪੂਰੇ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਦਾ ਵਿਕਾਸ ਪੱਖੋਂ ਬੂਰਾ ਹਾਲ ਹੈ। ਜੇਕਰ ਗੱਲ ਕਰੀਏ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੀ ਤਾਂ 4 ਵਾਰ ਵਿਧਾਇਕ ਬਣ ਚੁੱਕੇ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦਾ  ਆਪਣਾ ਜੱਦੀ ਪਿੰਡ ਮੋਹਨ ਕੇ ਉਤਾੜ  ਹਰ ਪੱਖੋਂ  ਸਹੂਲਤਾਂ ਤੋਂ ਬਿਲਕੁਲ ਵਾਂਝਾ ਹੈ ਤੇ ਨਾਲ ਹੀ ਜੇਕਰ ਇੱਕ ਦਿਨ ਵੀ ਬਾਰਸ਼ ਹੋ ਜਾਵੇ ਤਾਂ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਪਿੰਡ ਦੀਆਂ ਸੜਕਾਂ ਛੱਪੜ ਦਾ ਰੂਪ ਧਾਰਨ ਕਰ ਲੈਂਦੀਆਂ ਹਨ ਤੇ ਜਿਸ ਕਾਰਨ ਆਉਣ  ਜਾਣ ਵਾਲੇ ਰਾਹਗੀਰਾਂ ਤੇ ਪਿੰਡ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਹ ਬਾਰਸ਼ ਦਾ ਪਾਣੀ ਕਈ  ਕਈ ਮਹੀਨੇ ਸੜਕਾਂ 'ਤੇ ਖੜ੍ਹਾ ਰਹਿੰਦਾ ਹੈ ਜਿਸ ਨਾਲ ਇਸ ਗੰਦੇ ਪਾਣੀ ਨਾਲ ਬਿਮਾਰੀਆਂ ਲੱਗਣ ਦਾ ਵੀ ਡਰ ਬਣਿਆ ਰਹਿੰਦਾ ਹੈ। ਪਿੰਡ ਮੋਹਣ ਕੇ ਉਤਾੜ ਦੇ ਵਾਸੀਆਂ ਤੇ ਵੱਖ-ਵੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਦਾ ਜਲਦੀ ਕੋਈ ਹੱਲ ਨਾ ਕਰਵਾਇਆ ਗਿਆ ਤਾਂ ਅਸੀਂ ਪਿੰਡ ਦੇ ਵਿਕਾਸ ਦੇ ਲਈ ਰੋਸ ਪ੍ਰਦਰਸ਼ਨ ਤੇ ਧਰਨੇ ਵੀ ਲਗਵਾਗੇ   ਤਾਂ ਜੋ ਸੁੱਤੀ ਪਈ ਕਾਂਗਰਸ ਸਰਕਾਰ ਜਾਗ ਸਕੇ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਨੌਨਿਹਾਲ ਸਿੰਘ ਅਤੇ ਜ਼ਿਲ੍ਹਾ ਆਗੂ ਸਤਪਾਲ ਸਿੰਘ ਮੋਹਣ ਕੇ ਨੇ ਕਿਹਾ ਕਿ ਪਿੰਡ 'ਚ ਨਾਂ ਤਾਂ  ਨੌਜਵਾਨਾਂ ਦੇ ਖੇਡਣ ਲਈ ਕੋਈ ਖੇਡ ਗਰਾÀੂਂਡ ਹੈ ਜਿਸ ਦੇ ਨਾਲ ਨੌਜਵਾਨ ਪੀੜ੍ਹੀ ਖੇਡਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੜੀ ਅਫ਼ਸੋਸ ਵਾਲੀ ਗੱਲ ਹੈ ਕਿ 2 ਹਜ਼ਾਰ ਤੋਂ ਵੱਧ ਆਬਾਦੀ ਵਾਲੇ ਪਿੰਡ 'ਚ ਖੇਡ ਮੰਤਰੀ ਸਰਕਾਰੀ ਸਕੂਲ ਨੂੰ ਸੈਕੰਡਰੀ ਸਕੂਲ ਨਹੀਂ ਕਰਵਾ ਸਕਿਆ  ਅਤੇ ਇਹ ਸਕੂਲ ਸਿਰਫ਼ 8 ਵੀਂ ਜਮਾਤ ਤੱਕ ਹੈ ਜਿਸ ਕਾਰਨ ਪਿੰਡ ਦੇ ਵਿਦਿਆਰਥੀਆਂ ਨੂੰ ਬਹੁਤ ਪ੍ਰੇਸ਼ਾਨੀਆਂ  ਦਾ ਸਾਹਮਣਾ ਕਰਨਾ ਪੈਦਾ ਹੈ ਅਤੇ ਪਿੰਡ ਦੇ ਲੜਕੇ-ਲੜਕੀਆਂ ਨੂੰ ਬਾਹਰਲੇ ਪਿੰਡਾਂ  ਦੇ ਸਕੂਲਾਂ 'ਚ ਪੜ੍ਹਨ ਲਈ ਜਾਣਾ ਪੈਂਦਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਇਸ ਪਿੰਡ 'ਚ  ਨਾ  ਕੋਈ ਡਿਸਪੈਂਸਰੀ ਜਾਂ ਹਸਪਤਾਲ ਹੈ ਜਿਸ ਕਾਰਨ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ ਲਈ  ਗੁਰੂਹਰਸਹਾਏ  ਜਾਣਾ ਪੈਂਦਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪਿੰਡ ਮੋਹਨ ਕੇ ਉਤਾੜ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਹਨ ਜੋ ਕਿ 4 ਵਾਰ ਵਿਧਾਇਕ ਬਣ ਚੁੱਕੇ ਹਨ ਅਤੇ ਮੁੱਖ ਮੰਤਰੀ ਪੰਜਾਬ ਦੇ ਸਭ ਤੋਂ ਨਜ਼ਦੀਕੀ ਮੰਨੇ ਜਾਂਦੇ ਹਨ। ਪਰ ਫਿਰ ਵੀ ਉਨ੍ਹਾਂ ਵੱਲੋਂ ਪਿੰਡ 'ਚ ਇਨ੍ਹਾਂ ਸਹੂਲਤਾਂ 'ਚੋਂ ਇੱਕ ਵੀ ਸਹੂਲਤ ਪਿੰਡ ਵਾਸੀਆਂ ਲਈ ਨਹੀਂ ਲਿਆ ਸਕੇ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਪਾਸੋਂ ਕੀਤੀ ਕਿ ਪਿੰਡ ਮੋਹਨ ਕੇ ਉਤਾੜ 'ਚ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆ ਜਾਣ ਤਾਂ ਜੋ ਪਿੰਡ ਵਾਸੀਆਂ ਨੂੰ ਅਤੇ ਬੱਚਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
ਅਕਾਲੀ ਭਾਜਪਾ ਗੱਠਜੋੜ ਸਰਕਾਰ ਸਮੇਂ  ਪਿੰਡ ਮੋਹਣ ਕੇ ਉਤਾੜ ਦੇ ਵਿਕਾਸ ਲਈ ਦਿੱਤੇ 1 ਕਰੋੜ ਰੁਪਏ-ਵਰਦੇਵ ਮਾਨ
ਇਸ ਸਬੰਧੀ ਜਦੋਂ ਗੁਰੂਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੱਤਾ 'ਚ ਆਈ ਕਾਂਗਰਸ ਪਾਰਟੀ ਨੇ ਪੰਜਾਬ ਦੇ ਅਤੇ ਗੁਰੂਹਰਸਹਾਏ ਦੇ ਵਿਧਾਇਕ ਅਤੇ ਖੇਡ ਮੰਤਰੀ ਆਪਣੇ ਹਲਕੇ ਦੇ ਪਿੰਡਾਂ ਨੂੰ ਛੱਡ ਕੇ ਆਪਣੇ ਪਿੰਡ ਦਾ ਹੀ ਵਿਕਾਸ ਨਹੀਂ ਕਰਵਾ ਸਕੇ ਅਤੇ ਨਾ ਹੀ ਆਪਣੇ ਪਿੰਡ ਨੂੰ ਕੋਈ ਸਹੂਲਤ ਮੁਹੱਈਆ ਕਰਵਾ ਸਕੇ । ਜਿਸ ਕਰ ਕੇ ਹੁਣ ਪਿੰਡ ਮੋਹਨ ਕੇ ਉਤਾੜ ਦੇ ਵਾਸੀਆਂ ਅਤੇ ਬੱਚਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਸੱਤਾ ਦੇ ਹੰਕਾਰ 'ਚ ਕਾਂਗਰਸ ਪਾਰਟੀ ਦੇ ਸਿਵਾਏ ਲਾਰਿਆਂ ਤੋਂ ਪੰਜਾਬ ਦੇ ਲੋਕਾਂ ਨੂੰ ਹੋਰ  ਕੁੱਝ ਨਹੀਂ ਦਿੱਤਾ ਅਤੇ ਹੁਣ ਲੋਕ ਕਾਂਗਰਸ ਪਾਰਟੀ ਨੂੰ ਬੂਰੀ ਤਰ੍ਹਾਂ ਨਿਕਾਰ ਚੁੱਕੇ ਹਨ ਅਤੇ ਕਾਂਗਰਸ ਪਾਰਟੀ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਜਾਣ ਚੁੱਕੇ ਹਨ ਕਿ ਕਾਂਗਰਸ ਪਾਰਟੀ ਨੇ ਸੱਤਾ ਹਾਸਲ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਝੂਠ ਅਤੇ ਸ਼੍ਰੀ ਗੁਟਕਾ ਸਾਹਿਬ ਦੀਆਂ ਝੂਠੀਆਂ ਸੌਹਾਂ ਖਾਧੀਆਂ ਸਨ। ਪਿੰਡ ਮੋਹਨ ਕੇ ਉਤਾੜ ਦੇ ਵਿਕਾਸ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਸਮੇਂ ਇਸ ਪਿੰਡ ਨੂੰ ਵਿਕਾਸ ਦੇ ਲਈ  ਲਗਭਗ 1 ਕਰੋੜ ਰੁਪਏ ਦੀ ਗਰਾਂਟ ਰਾਸ਼ੀ ਮੁਹੱਈਆ ਕਰਵਾਈ ਗਈ ਸੀ। ਜਿਸ ਨਾਲ ਪਿੰਡ ਦੀਆਂ ਕਈ ਸੜਕਾਂ ਪੱਕਾ ਕੀਤਾ ਗਿਆ ਸੀ  ਅਤੇ ਜੋ ਸੜਕਾਂ ਰਹਿ ਗਈਆਂ ਸਨ। ਉਸ ਨੂੰ ਹਲਕਾ ਵਿਧਾਇਕ ਅਤੇ ਪੰਜਾਬ ਦੇ ਖੇਡ ਮੰਤਰੀ ਵੱਲੋਂ ਹਾਂਲੇ ਤੱਕ   ਉਨ੍ਹਾਂ ਸੜਕਾਂ  ਨੂੰ ਪੱਕਾ  ਨਹੀਂ ਕਰਵਾਇਆ । ਉਨ੍ਹਾਂ ਕਿਹਾ ਕਿ 2022 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਬਣਨੀ  ਲਗਭਗ ਤਹਿ ਹੋ ਚੁੱਕੀ ਹੈ ਅਤੇ ਸਰਕਾਰ ਬਣਦੀਆਂ ਹੀ ਪਿੰਡਾਂ 'ਚ ਰਹਿੰਦੀਆਂ ਕੱਚੀਆਂ  ਸੜਕਾਂ ਨੂੰ ਪੱਕਾ ਕਰਵਾਇਆ ਜਾਵੇਗਾ ਅਤੇ ਜੋ ਵੀ ਹਲਕੇ 'ਚ ਕਮੀਆਂ ਹਨ ਉਨ੍ਹਾਂ ਨੂੰ  ਪਹਿਲੇ ਮਹੀਨੇ ਹੀ ਪੂਰਾ ਕੀਤਾ ਜਾਵੇਗਾ। ਸ. ਮਾਨ ਨੇ ਕਿਹਾ ਕਿ ਕਾਂਗਰਸ ਨੂੰ ਲਾਂਭੇ ਕਰਨ ਲਈ  ਪੰਜਾਬ ਦੇ ਲੋਕ 2022 ਦੀਆਂ ਚੋਣਾਂ ਨੂੰ ਬੇਸਬੰਰੀ ਨਾਲ ਉਡੀਕ ਰਹੇ ਹਨ


Bharat Thapa

Content Editor

Related News