ਆਸਟ੍ਰੇਲੀਆ ’ਚ ਹਾਦਸੇ ’ਚ ਮਰੇ ਨੌਜਵਾਨ ਦੀ ਲਾਸ਼ ਇਕ ਦੋ ਦਿਨਾਂ ਵਿਚ ਪਹੁੰਚ ਸਕਦੀ ਹੈ ਘਰ

06/19/2019 1:41:15 AM

ਗੁਰੂਹਰਸਹਾਏ, (ਆਵਲਾ) ਬੀਤੇ ਦਿਨੀ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿਚ ਸਡ਼ਕ ਹਾਦਸੇ ਦੌਰਾਨ ਮਰੇ ਪੰਜਾਬੀ ਨੋਜਵਾਨ ਵਿਦਿਆਰਥੀ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ 1-2 ਦਿਨਾਂ ਵਿਚ ਉਸਦੇ ਘਰ ਪਿੰਡ ਚੱਕ ਬੁੱਢੇ ਸ਼ਾਹ (ਗੁਰੂਹਰਸਹਾਏ) ਵਿਚ ਪਹੁੰਚਣ ਦੀ ਕਾਨੂੰਨੀ ਪ੍ਰਕਿਰਿਆ ਜਾਰੀ ਹੈ। ਸੋਮਵਾਰ ਨੂੰ ਇਲਾਕਾ ਮੈਜਿਸਟਰੇਟ ਦੇ ਕੋਲ ਕੇਸ ਦੀ ਪੈਰਵਾਈ ਕਰਨ ਲਈ ਹਰਵਿੰਦਰ ਸਿੰਘ ਦੀ ਭੈਣ ਸਰਬਜੀਤ ਕੌਰ ਨੇ ਫਾਈਲ ਪੇਸ਼ ਕੀਤੀ ਤੇ ਇਸ ਫਾਈਲ ਵਿਚ ਮ੍ਰਿਤਕ ਦੀ ਲਾਸ਼ ਹਾਸਲ ਕਰਨ ਦੀ ਮੰਗ ਕੀਤੀ ਤੇ ਨਾਲ ਹੀ ਅਦਾਲਤ ਨੂੰ ਅਪੀਲ ਕੀਤੀ ਕਿ ਮ੍ਰਿਤਕ ਲਾਸ਼ ਦਾ ਪੋਸਟਮਾਰਟਮ ਨਾ ਕੀਤਾ ਜਾਵੇ। ਜਿਕਰਯੋਗ ਹੈ ਕਿ ਬੀਤੇ ਵੀਰਵਾਰ ਸਵੇਰੇ 6 ਵਜੇ ਇਕ ਸਡ਼ਕ ਹਾਦਸੇ ਦੌਰਾਨ ਹਰਵਿੰਦਰ ਸਿੰਘ ਦੀ ਆਸਟ੍ਰੇਲੀਆ ਵਿਚ ਮੌਤ ਹੋ ਗਈ ਸੀ। ਮ੍ਰਿਤਕ ਹਰਵਿੰਦਰ ਸਿੰਘ ਦੀ ਭੈਣ ਸਰਬਜੀਤ ਕੌਰ ਤੇ ਜੀਜਾ ਕੁਲਦੀਪ ਸਿੰਘ ਆਸਟ੍ਰੇਲੀਆ ਵਿਚ ਹੀ ਰਹਿੰਦੇ ਹਨ। ਉਥੇ ਸਥਿਤ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਉਨ੍ਹਾਂ ਨਾਲ ਜੁਡ਼ੀ ਭਾਰਤ ਲੋਕ ਇਸ ਹੋਣਹਾਰ ਪੰਜਾਬੀ ਵਿਦਿਆਰਥੀ ਦੀ ਮ੍ਰਿਤਕ ਲਾਸ਼ ਨੂੰ ਮਾਤਾ ਪਿਤਾ ਤੱਕ ਪਹੁੰਚਾਉਣ ਵਿਚ ਹਰ ਸੰਭਵ ਸਹਾਇਤਾ ਕਰ ਰਹੇ ਹਨ ਤੇ 1-2 ਦਿਨਾਂ ਤੱਕ ਲਾਸ਼ ਘਰ ਪਹੁੰਚਣ ਦੀ ਉਮੀਦ ਹੈ। ਮ੍ਰਿਤਕ ਦੇ ਪਿਤਾ ਸਾਬਕਾ ਸਰਪੰਚ ਗੁਰਬਖਸ਼ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਨੇ ਸਾਨੂੰ ਦਸੰਬਰ ਵਿਚ ਆਸਟ੍ਰੇਲੀਆ ਬੁਲਾਉਣਾ ਸੀ ਤੇ 25 ਦਸੰਬਰ ਨੂੰ ਸਾਰੇ ਪਰਿਵਾਰ ਨੇ ਆਸਟ੍ਰੇਲੀਆ ਵਿਚ ਇਕੱਠੇ ਹੋਣਾ ਸੀ। ਉਸਦੇ ਪਿਤਾ ਨੇ ਦੱਸਿਆ ਕਿ ਹਰਵਿੰਦਰ ਅਕਸਰ ਹੀ ਕਹਿੰਦਾ ਸੀ ਕਿ ਉਹ ਕੁਝ ਦਿਨਾਂ ਬਾਅਦ ਅਚਾਨਕ ਆਪਣੇ ਪਿੰਡ ਆਵੇਗਾ ਤੇ ਪਿਤਾ ਲਈ ਕਾਰ ਲੈ ਕੇ ਆਵੇਗਾ।

Bharat Thapa

This news is Content Editor Bharat Thapa