ਸਾਜ਼ਿਸ਼ਕਰਤਾ ਨੇ ਦੁਕਾਨਦਾਰ ਨੂੰ ਨਿਸ਼ਾਨਾ ਬਣਾ ਕੇ ਉਡਾਏ ਲੱਖਾਂ ਰੁਪਏ

01/29/2020 1:10:49 AM

ਬਠਿੰਡਾ,(ਵਰਮਾ)- ਮਿਹਨਤ ਦੀ ਕਮਾਈ ਨੂੰ ਸਾਜ਼ਿਸ਼ਕਰਤਾ ਮਿੰਟਾਂ 'ਚ ਉਡਾ ਕੇ ਲੈ ਜਾਂਦੇ ਹਨ। ਪਤਾ ਉਦੋਂ ਲੱਗਦਾ ਹੈ, ਜਦੋਂ ਖਾਤੇ 'ਚ ਪਏ ਸਾਰੇ ਪੈਸੇ ਨਿਕਲ ਜਾਂਦੇ ਹਨ। ਅਜਿਹਾ ਇਕ ਮਾਮਲਾ ਬਠਿੰਡਾ ਜ਼ਿਲੇ ਦੇ ਪਿੰਡ ਤਿਊਣਾ 'ਚ ਦੇਖਣ ਨੂੰ ਮਿਲਿਆ। ਜਾਣਕਾਰੀ ਅਨੁਸਾਰ ਖਾਤਾਧਾਰਕ ਦੇ ਬੈਂਕ 'ਚੋਂ 6,12,135 ਰੁਪਏ ਕੱਢ ਲਏ। ਪੁਲਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਅਣਪਛਾਤੇ ਵਿਰੁੱਧ ਮਾਮਲਾ ਵੀ ਦਰਜ ਕਰ ਲਿਆ। ਹੁਣ ਤੱਕ ਅਜਿਹੇ ਹੀ ਸਾਜ਼ਿਸ਼ਕਰਤਾਵਾਂ ਦੇ ਸ਼ਿਕਾਰਾਂ ਦੀ ਸ਼ਿਕਾਇਤ 'ਤੇ 5 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।
ਥਾਣਾ ਸਦਰ ਬਠਿੰਡਾ ਪੁਲਸ ਨੂੰ ਸ਼ਿਕਾਇਤ ਦੇ ਕੇ ਬਠਿੰਡਾ ਦੇ ਪਿੰਡ ਤਿਊਣਾ ਵਾਸੀ ਸੰਜੂ ਗਰਗ ਨੇ ਦੱਸਿਆ ਕਿ ਉਸਦੀ ਪਿੰਡ 'ਚ ਗਰਗ ਐਂਟਰਪ੍ਰਾਈਜ਼ ਦੀ ਦੁਕਾਨ ਹੈ ਅਤੇ ਪਿੰਡ ਮੁਲਤਾਨੀਆ 'ਚ ਸਥਿਤ ਐਕਸਿਸ ਬੈਂਕ ਦੀ ਬ੍ਰਾਂਚ 'ਚ ਉਸਦਾ ਬੈਂਕ ਖਾਤਾ ਹੈ। ਬੀਤੀ 17 ਨਵੰਬਰ 2019 ਨੂੰ ਉਸ ਨੂੰ ਲੈਂਡਲਾਈਨ ਨੰਬਰ ਤੋਂ ਇਕ ਕਾਲ ਆਈ। ਇਸ 'ਚ ਟਰੂਕਾਲਰ 'ਚ ਪੇਅ ਟੀ. ਐੱਮ. ਕੇਅਰ ਦਾ ਨੰਬਰ ਦਿਖਾ ਰਿਹਾ ਸੀ। ਇਸ 'ਚ ਫੋਨ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਸਦੇ ਬੈਂਕ 'ਚ ਪਈ ਰਾਸ਼ੀ ਕੁਝ ਜਾਣਕਾਰੀ ਅਧੂਰੀ ਹੋਣ ਕਾਰਣ ਬਲਾਕ ਹੋ ਜਾਵੇਗੀ। ਇਸ ਲਈ ਤੁਸੀਂ ਤੁਰੰਤ ਉਕਤ ਰਕਮ ਕਢਵਾ ਲਉ, ਨਹੀਂ ਤਾਂ ਬਾਅਦ 'ਚ ਇਹ ਰਕਮ ਨਹੀਂ ਨਿਕਲੇਗੀ। ਉਥੇ ਹੀ ਉਨ੍ਹਾਂ ਨੇ ਓ. ਟੀ. ਪੀ. ਨੰਬਰ ਆਉਣ ਦੀ ਗੱਲ ਕਹਿ ਕੇ ਉਸ ਨੂੰ ਦੱਸਣ ਲਈ ਕਿਹਾ ਗਿਆ ਤਾਂ ਕਿ ਉਹ ਖਾਤੇ ਨੂੰ ਸੀਲ ਹੋਣ ਤੋਂ ਬਚਾਅ ਸਕੇ। ਇਸ ਦੌਰਾਨ ਸੰਜੂ ਕੁਮਾਰ ਨੇ ਉਕਤ ਵਿਅਕਤੀ ਦੀ ਗੱਲ 'ਤੇ ਵਿਸ਼ਵਾਸ ਕਰ ਲਿਆ ਅਤੇ ਉਸ ਵੱਲੋਂ ਮੰਗੀ ਗਈ ਜਾਣਕਾਰੀ ਦੇ ਦਿੱਤੀ। ਇਸ 'ਚ ਕੁਝ ਸਮੇਂ ਬਾਅਦ ਹੀ ਉਸਦੇ ਬੈਂਕ ਖਾਤੇ 'ਚੋਂ 6 ਲੱਖ 12 ਹਜ਼ਾਰ 135 ਰੁਪਏ ਰਾਸ਼ੀ ਨਿਕਲ ਗਏ। ਇਸ ਸਬੰਧੀ ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ। ਉਥੇ ਹੀ ਮਾਮਲੇ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾਈ।


Bharat Thapa

Content Editor

Related News