ਅੱਜ ਖੁੱਲ੍ਹੇਗਾ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਅਤੇ ਉਪ-ਪ੍ਰਧਾਨ ਦੇ ਅਹੁਦੇ ਦਾ ਪਿਟਾਰਾ

05/06/2021 5:26:02 PM

ਜੈਤੋ (ਰਘੂਨੰਦਨ ਪਰਾਸ਼ਰ)-ਨਗਰ ਕੌਂਸਲ ਜੈਤੋ ਦੇ ਪ੍ਰਧਾਨ ਅਤੇ ਉਪ-ਪ੍ਰਧਾਨ ਦੀ ਚੋਣ 7 ਮ‌ਈ ਨੂੰ ਹੋਵੇਗੀ। ਇਸ ਤੋਂ ਪਹਿਲਾਂ ਇਹ ਚੋਣ 26 ਅਪ੍ਰੈਲ ਨੂੰ ਹੋਣੀ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਚੋਣ ਅਗਲੇ ਆਦੇਸ਼ ਤੱਕ ਰੱਦ ਕਰ ਦਿੱਤੀ ਗਈ । ਸਰਕਾਰੀ ਸੂਤਰਾਂ ਅਨੁਸਾਰ ਨਗਰ ਕੌਂਸਲ ਜੈਤੋ ਦੇ ਨਵੇਂ ਚੁਣੇ ਗਏ ਮਿਊਂਸਪਲ ਕੌਂਸਲਰਾਂ ਨੂੰ ਸਹੁੰ ਚੁਕਾਉਣ ਅਤੇ ਕੌਂਸਲ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਕਰਵਾਉਣ ਲਈ 7 ਮ‌ਈ ਨੂੰ ਸਵੇਰੇ 11 ਵਜੇ ਦਫ਼ਤਰ ਨਗਰ ਕੌਂਸਲ ਜੈਤੋ ਵਿਖੇ ਇਕ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ, ਜਿਸ ਦੀ ਪ੍ਰਧਾਨਗੀ ਕਨਵੀਨਰ-ਕਮ- ਐਡੀਸ਼ਨਲ ਡਿਪਟੀ ਕਮਿਸ਼ਨਰ ਫਰੀਦਕੋਟ ਕਰਨਗੇ।

ਸੂਤਰਾਂ ਅਨੁਸਾਰ ਸਭ ਤੋਂ ਪਹਿਲਾਂ ਨਗਰ ਕੌਂਸਲ ਦੇ ਚੁਣੇ ਗਏ ਮਿਊਂਸਪਲ ਕੌਂਸਲਰਾਂ ਨੂੰ ਸਹੁੰ ਚੁਕਾਉਣ ਉਪਰੰਤ ਨਗਰ ਕੌਂਸਲ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਕਰਵਾਈ ਜਾਵੇਗੀ। ਨਗਰ ਕੌਂਸਲ ਜੈਤੋ ਦੀਆਂ ਕੁੱਲ 17 ਸੀਟਾਂ ਹਨ, ਜਿਸ ਲਈ ਕੁਲ 9 ਕੌਂਸਲਰਾਂ ਦੀ ਲੋੜ ਹੈ।  ਕਾਂਗਰਸ ਪਾਰਟੀ ਕੋਲ 4 ਔਰਤਾਂ, 3 ਆਦਮੀ ਅਤੇ 2 ਆਜ਼ਾਦ ਕੌਂਸਲਰ ਹਨ, ਜਦਕਿ 3 ਸ਼੍ਰੋਮਣੀ ਅਕਾਲੀ ਦਲ, 2 ਆਪ, 1 ਭਾਜਪਾ ਅਤੇ 2 ਆਜ਼ਾਦ ਕੌਂਸਲਰ ਹਨ। ਕਾਂਗਰਸ ਪਾਰਟੀ ਕੋਲ ਕੌਂਸਲਰਾਂ ਦੀ ਬਹੁਗਿਣਤੀ ਹੋਣ ਕਾਰਣ ਇਸ ਵਾਰ ਨਗਰ ਕੌਂਸਲ ਦੇ ਸਿੰਘਾਸਨ 'ਤੇ  ਕਾਂਗਰਸ ਪਾਰਟੀ ਦਾ ਕਬਜ਼ਾ ਹੋਣਾ ਤੈਅ ਹੈ।

ਪਿਛਲੀ ਵਾਰ ਨਗਰ ਕੌਂਸਲ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਬਜ਼ਾ ਸੀ। ਰਾਜਨੀਤਕ ਗਲਿਆਰਿਆਂ ਦੇ ਅਨੁਸਾਰ ਹਲਕੇ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਵਾਰਡ ਨੰਬਰ 13 ਤੋਂ ਪਹਿਲੀ ਵਾਰ ਚੁਣੇ ਗਏ ਕੌਂਸਲਰ ਸੁਮਨ ਗਰਗ ਨੂੰ ਨਗਰ ਕੌਂਸਲ ਪ੍ਰਧਾਨ ਦੇ ਸਿੰਘਾਸਨ 'ਤੇ ਬਿਰਾਜਮਾਨ ਕਰਵਾਉਣਾ  ਚਾਹੁੰਦੇ ਹਨ ਕਿਉਂਕਿ ਸੁਮਨ ਗਰਗ ਦੇ ਪਤੀ ਉਦਯੋਗਪਤੀ ਸੁਖਵਿੰਦਰ ਪਾਲ ਗਰਗ ਸੰਸਦ ਮੈਂਬਰ ਦਾ ਸੱਜਾ ਹੱਥ ਮੰਨੇ ਜਾਂਦੇ ਹਨ। ਸੂਤਰਾਂ ਦੀ ਮੰਨੀਏ ਤਾਂ ਪੰਜਾਬ  ਕਾਂਗਰਸ ਹਾਈਕਮਾਨ ਨੇ ਹਲਕੇ ਦੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੀ ਸਿਫਾਰਿਸ਼  'ਤੇ ਸੁਮਨ ਗਰਗ ਨੂੰ ਪ੍ਰਧਾਨ ਬਣਾਉਣ 'ਤੇ ਮੋਹਰ ਲਗਾ ਦਿੱਤੀ ਹੈ। ਰਾਜਨੀਤਕ ਗਲਿਆਰਿਆਂ ਵਿਚ ਚਰਚਾ ਹੈ ਕਿ ਸੁਮਨ ਗਰਗ ਦਾ ਨਗਰ ਕੌਂਸਲ ਦਾ ਪ੍ਰਧਾਨ ਬਣਨਾ ਤੈਅ ਹੈ।

ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੇ ਸਿੰਘਾਸਨ ’ਤੇ ਬਿਰਾਜਮਾਨ ਹੋਣ ਲਈ ਕਾਂਗਰਸੀਆਂ ਵਿਚਾਲੇ ਆਪਸੀ ਖਿੱਚੋਤਾਣ ਕਾਰਣ ਹੁਣ ਤੱਕ ਇਹ ਪ੍ਰਧਾਨਗੀ ਸਿੰਘਾਸਨ ਖ਼ਾਲੀ ਰਿਹਾ ਹੈ। ਪ੍ਰਧਾਨਗੀ ਹਾਸਲ ਕਰਨ ਵਾਲੇ ਇਕ ਕਾਂਗਰਸੀ ਆਗੂ ਨੇ ਅੱਜ ਕਿਹਾ ਕਿ ਪੰਜਾਬ ਕਾਂਗਰਸ ਹਾਈਕਮਾਨ ਜੋ ਫੈਸਲਾ ਕਰੇਗੀ, ਉਹ ਮਨਜ਼ੂਰ ਹੋਵੇਗਾ। ਭਾਰਤ ਲੋਕਤੰਤਰਿਕ ਦੇਸ਼ ਹੈ। ਇਸ ਵਿਚ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ।


Manoj

Content Editor

Related News