ਦੂਜੀ ਵਾਰ  ਮੁਟਿਆਰ ਨੂੰ ਭਜਾ ਲਿਆਉਣ ’ਤੇ ਕੀਤਾ ਸੀ ਰਾਜਿੰਦਰ ਦਾ ਕਤਲ, 3 ਗ੍ਰਿਫਤਾਰ

09/18/2018 1:51:04 AM

ਅਬੋਹਰ, (ਸੁਨੀਲ)- 10 ਸਤੰਬਰ ਨੂੰ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ ’ਚ ਜਾਂਚ ਤੋਂ ਬਾਅਦ ਨਗਰ ਥਾਣਾ ਨੰਬਰ 2 ਦੀ ਪੁਲਸ  ਨੇ ਇਸ ਮਾਮਲੇ ਨਾਲ ਜੁਡ਼ੇ ਦੋਸ਼ੀਆਂ ’ਚੋਂ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਹੈ।
 ਪੁਲਸ ਕਪਤਾਨ ਵਿਨੋਦ ਕੁਮਾਰ  ਚੌਧਰੀ,  ਉਪ ਪੁਲਸ ਕਪਤਾਨ ਗੁਰਵਿੰਦਰ ਸਿੰਘ ਸੰਘਾ ਤੇ ਥਾਣਾ ਮੁਖੀ ਚੰਦਰ ਸ਼ੇਖਰ ਨੇ ਅੱਜ ਪੱਤਰਕਾਰਾਂ ਦੇ ਸਾਹਮਣੇ ਇਸ ਕਤਲ ਕਾਂਡ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ 10 ਸਤੰਬਰ ਤਡ਼ਕੇ ਅਬੋਹਰ ਬਾਈਪਾਸ ਤੋਂ ਮਹਿੰਦਰਾ ਕੋਲਡ ਸਟੋਰ ਨੂੰ ਜਾਣ ਵਾਲੇ ਕੱਚੇ ਰਸਤੇ ’ਤੇ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਵੇਖ ਕੇ ਰਣਜੀਤ ਸਿੰਘ  ਵਾਸੀ ਆਲਮਗਡ਼੍ਹ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ। ਪੁਲਸ ਨੇ ਲਾਸ਼  ਨੂੰ ਪਛਾਣ ਲਈ ਸਰਕਾਰੀ ਹਸਪਤਾਲ ’ਚ ਰਖਵਾਇਆ ਤੇ ਇਸ ਦੀ ਸੂਚਨਾ ਆਲੇ-ਦੁਆਲੇ ਦੇ ਸੂਬਿਆਂ ਦੇ ਥਾਣਿਆਂ ’ਚ ਵੀ ਭੇਜੀ ਗਈ। ਦੋ ਦਿਨਾਂ ਬਾਅਦ ਪਤਾ ਲੱਗਾ ਕਿ ਮ੍ਰਿਤਕ ਰਾਜਿੰਦਰ ਸਿੰਘ ਉਰਫ ਗੋਰਾ ਵਾਸੀ ਪਿੰਡ ਡੋਹਕ ਥਾਣਾ ਬਰੀਵਾਲਾ  ਜ਼ਿਲਾ ਮੁਕਤਸਰ ਵਾਸੀ ਸੀ। ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ। 
 ਪੁਲਸ ਕਪਤਾਨ ਨੇ ਕਿਹਾ ਕਿ 16 ਸਤੰਬਰ ਨੂੰ ਜਾਂਚ ਦੇ ਆਧਾਰ ’ਤੇ ਇਸ ਮਾਮਲੇ ਹੇਠ ਰਾਜੂ ਰਾਮ ਨਾਇਕ ਵਾਸੀ ਪਿੰਡ ਰੰਧਾਵਾ,  ਜ਼ਿਲਾ ਮੁਕਤਸਰ ਹਾਲ ਆਬਾਦ ਰਾਮ ਨਗਰ ਕਾਲੋਨੀ ਸ਼੍ਰੀ ਗੰਗਾਨਗਰ, ਪਵਨ ਕੁਮਾਰ  ਨਾਇਕ ਵਾਸੀ ਦੇਵ ਨਗਰ ਸ਼੍ਰੀ ਗੰਗਾਨਗਰ ਨੂੰ ਨਾਮਜ਼ਦ ਕਰ ਕੇ ਗ੍ਰਿਫਤਾਰ ਕੀਤਾ ਗਿਆ,  ਜਦਕਿ ਤੀਜੇ ਦੋਸ਼ੀ ਮੋਨੂ ਸਨੇਜਾ ਵਾਸੀ ਨਵੀਂ ਆਬਾਦੀ ਅਬੋਹਰ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ’ਚ ਚੌਥੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰਾਜਿੰਦਰ ਉਰਫ ਗੋਰਾ ਰਾਜੂ ਰਾਮ ਦੀ ਨਾਬਾਲਗ ਲੜਕੀ ਨੂੰ ਭਜਾ ਕੇ ਲੈ ਗਿਆ ਸੀ। ਉਸ ਦੇ ਵਿਰੁੱਧ ਥਾਣਾ ਬਰੀਵਾਲਾ ਮੁਕਤਸਰ ਨੇ ਮਾਮਲਾ ਦਰਜ ਕੀਤਾ ਗਿਆ। ਪੁਲਸ ਨੇ ਰਾਜਿੰਦਰ ਨੂੰ ਗ੍ਰਿਫਤਾਰ ਕਰ ਲਿਆ ਤੇ ਉਹ ਇਕ ਸਾਲ ਤੱਕ ਜੇਲ ’ਚ ਰਿਹਾ। ਬਾਅਦ ’ਚ ਦੋਵਾਂ ਧਿਰਾਂ ਦਾ ਆਪਸ ’ਚ ਰਾਜ਼ੀਨਾਮਾ ਹੋ ਗਿਆ ਪਰ ਜੇਲ ’ਚੋਂ ਆਉਣ  ਦੇ ਇਕ ਮਹੀਨੇ ਬਾਅਦ ਰਾਜਿੰਦਰ ਉਰਫ ਗੋਰਾ ਮੁਡ਼ ਉਸੀ ਲੜਕੀ ਨੂੰ ਭਜਾ ਕੇ ਲੈ ਆਇਆ ਤੇ ਉਹ ਉਸ ਦੇ ਨਾਲ ਰਾਮ ਨਗਰ ਗਲੀ ਨੰਬਰ 2 ’ਚ ਰਹਿਣ ਲੱਗ ਪਿਆ ਸੀ। ਉਹ ਦਿਹਾਡ਼ੀ ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰਦਾ ਸੀ।  
 ਜਾਂਚ  ਦੌਰਾਨ ਇਹ ਜਾਣਕਾਰੀ ਮਿਲੀ  ਕਿ ਇਕ ਸਾਜ਼ਿਸ਼ ਤਹਿਤ ਰਾਜਿੰਦਰ  ਨੂੰ ਮੋਨੂ ਸਨੇਜਾ ਘਰੋਂ ਸੱਦ ਕੇ ਲੈ ਗਿਆ ਤੇ ਉਸ ਨੂੰ ਸ਼ਰਾਬ ਪਿਆ ਕੇ ਨਸ਼ੇ ’ਚ ਧੁੱਤ ਕਰਨ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਹੱਤਿਆ ਕਰ ਦਿੱਤੀ ਤੇ ਲਾਸ਼ ਨੂੰ ਕੱਚੇ ਰਸਤੇ ’ਤੇ ਸੁੱਟ ਕੇ ਚਾਰੇ ਮੁਲਜ਼ਮ ਫਰਾਰ ਹੋ ਗਏ ।