ਲੋਕ ਸਭਾ ਚੋਣਾਂ ਨੂੰ ਲੈ ਕੇ ਜੋਡ਼-ਤੋਡ਼ ਦੀ ਰਾਜਨੀਤੀ ਸ਼ੁਰੂ, 1 ਅੰਦਰ 4 ਬਾਹਰ

01/13/2019 6:53:33 AM

ਬਠਿੰਡਾ, (ਵਰਮਾ)- ਸ਼੍ਰੋਮਣੀ ਅਕਾਲੀ ਦਲ ਨੂੰ ਲੋਹਡ਼ੀ ਦੇ ਇਕ ਦਿਨ ਪਹਿਲਾਂ ਜ਼ਬਰਦਸਤ ਝਟਕਾ ਲੱਗਾ, ਜਦੋਂ ਉਨ੍ਹਾਂ ਦੇ 4 ਟਕਸਾਲੀ ਕੌਂਸਲਰ ਪਾਰਟੀ ਨੂੰ ਅਲਵਿਦਾ ਕਹਿ ਕੇ ਬਾਹਰ ਹੋ ਗਏ। ਇਸ ਤੋਂ ਪਹਿਲਾਂ  ਇਹ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਹਨ। ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ’ਚ ਕੌਂਸਲਰਾਂ ’ਚ ਸ਼ਾਮਲ ਮਾਸਟਰ ਹਰਮੰਦਰ ਸਿੰਘ, ਰਾਜੂ ਮਾਨ, ਨਿਰਮਲ ਸਿੰਘ ਸੰਧੂ, ਰਜਿੰਦਰ ਸਿੰਘ ਸਿੱਧੂ ਅਤੇ  ਸਾਬਕਾ ਕੌਂਸਲਰ ਰਾਜੂ ਸਰਾਂ ਨੇ ਕਿਹਾ ਕਿ ਪਾਰਟੀ ’ਚ ਘੁਟਣ ਮਹਿਸੂਸ ਕਰ ਰਹੇ ਸੀ, ਇਸ ਲਈ ਉਨ੍ਹਾਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਹੁਣ ਉਹ ਪਾਰਟੀ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ’ਚ ਪੀ. ਏ. ਕਲਚਰ ਦਾ ਬੋਲਬਾਲਾ ਹੈ ਜੋ ਉਨ੍ਹਾਂ ਨੂੰ ਮਨਜ਼ੂਰ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਕੁਝ ਸਮੇਂ ਤੋਂ ਸੁਖਬੀਰ ਬਾਦਲ ਦਾ ਪੀ. ਏ. ਯਾਦਵਿੰਦਰ ਸਿੰਘ ਯਾਦੀ ਮਨਮਾਨੀਅਾਂ ਕਰ ਕੇ ਉਨ੍ਹਾਂ ਨੂੰ ਜ਼ਲੀਲ ਕਰ ਰਿਹਾ ਹੈ, ਜਦਕਿ ਉਹ ਟਕਸਾਲੀ ਅਕਾਲੀ ਸੀ ਅਤੇ ਉਨ੍ਹਾਂ  ਨੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇਕ ਕੀਤਾ। ਇਸ ਸਬੰਧੀ ਪਾਰਟੀ ਪ੍ਰਧਾਨ ਨੂੰ ਵੀ ਸੂਚਿਤ ਕੀਤਾ ਸੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਬਠਿੰਡਾ ਲੋਕ ਸਭਾ ਹਲਕੇ ’ਚ ਬੀਬੀ ਹਰਸਿਮਰਤ ਕੌਰ ਬਾਦਲ ਦਾ ਹੀ ਬੋਲਬਾਲਾ ਹੈ ਪਰ ਕਾਰਜਕਾਰੀਆਂ ਦੀ ਕਦਰ ਘਟਦੀ ਜਾ ਰਹੀ ਹੈ, ਆਉਣ ਵਾਲੇ ਦਿਨਾਂ ’ਚ ਕਈ ਅਕਾਲੀ ਕਾਰਜਕਾਰੀ ਪਾਰਟੀ ਤੋਂ ਬਾਹਰ ਹੋਣਗੇ। ਇਸ ਨਾਲ ਅਕਾਲੀ ਦਲ ਦੇ 4 ਹੋਰ ਕੌਂਸਲਰ ਜਿਨ੍ਹਾਂ ’ਚ ਜਸਵੀਰ ਸਿੰਘ ਜੱਸਾ, ਬਿੱਲੂ, ਸਾਬਕਾ ਕੌਂਸਲਰ ਭੁਪਿੰਦਰ ਸਿੰਘ ਪਿੱਥੋ ਪ੍ਰਧਾਨ ਨਗਰ ਕੌਂਸਲ ਬਠਿੰਡਾ, ਦਰਸ਼ਨ ਕੁਮਾਰ ਗਰਗ ਅਪਣੇ ਸਾਥੀਆਂ ਸਮੇਤ ਕਾਂਗਰਸ ’ਚ ਸ਼ਾਮਲ ਹੋ ਚੁੱਕੇ ਹਨ।
ਕੌਂਸਲਰਾਂ ਵਲੋਂ ਦਿੱਤੇ ਗਏ ਅਸਤੀਫੇ ਪਿੱਛੇ ਕੀ ਸੱਚਾਈ ਹੈ ਅਜੇ ਸਾਹਮਣੇ ਨਹੀਂ ਆਈ
 ਨਗਰ ਨਿਗਮ ’ਚ ਬਤੌਰ ਐੱਫ. ਐਂਡ ਸੀ. ਸੀ. ਦੇ ਇਹ ਅਕਾਲੀ ਕੌਂਸਲਰ ਮੈਂਬਰ ਵੀ ਹਨ, ਸ਼ਹਿਰ ਦੇ ਵਿਕਾਸ ਕੰਮਾਂ ਦੀ ਰੂਪ ਰੇਖਾ ਇਹੀ ਤਿਆਰ ਕਰਦੇ ਸੀ। ਅਚਾਨਕ ਨਾਟਕੀ ਘਟਨਾਕ੍ਰਮ ’ਚ ਕੌਂਸਲਰਾਂ ਵਲੋਂ ਦਿੱਤੇ ਗਏ ਅਸਤੀਫੇ ਪਿੱਛੇ ਕੀ ਸੱਚਾਈ ਹੈ ਅਜੇ ਸਾਹਮਣੇ ਨਹੀਂ ਆਈ। ਇਨ੍ਹਾਂ ਕੌਂਸਲਰਾਂ ਦਾ ਕਹਿਣਾ ਹੈ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹੇ ਪਰ ਹੁਣ ਉਹ ਘੁਟਣ ਮਹਿਸੂਸ ਕਰ ਰਹੇ ਸੀ ਅਤੇ ਸੁਖਬੀਰ ਦੇ ਓ. ਐੱਸ. ਡੀ., ਪੀ. ਏ. ਉਨ੍ਹਾਂ ਨਾਲ ਬਦਸਲੂਕੀ ਕਰਨ ਲੱਗੇ ਸੀ। ਉਹ ਕਿਹਡ਼ੇ ਪਾਰਟੀ ’ਚ ਜਾਣਗੇ ਦੇ ਬਾਰੇ ’ਚ ਮਾਸਟਰ ਹਰਮੰਦਰ ਸਿੰਘ ਨੇ ਕਿਹਾ ਕਿ ਅਜੇ ਤੱਕ ਕੋਈ ਫੈਸਲਾ ਨਹੀਂ ਕੀਤਾ ਸਾਰੇ ਲੋਕ ਬੈਠ ਕੇ ਹੀ ਇਸ ’ਤੇ ਵਿਚਾਰ ਕਰਨਗੇ। ਕੌਂਸਲਰਾਂ ਨੇ ਕਿਹਾ ਕਿ ਸਾਰੇ ਅਸਤੀਫੇ ਸੁਖਬੀਰ ਬਾਦਲ ਨੂੰ ਭੇਜ ਦਿੱਤੇ ਗਏ ਹਨ ਹੁਣ ਉਹ ਕਿਸੇ ਵੀ ਕੀਮਤ ’ਤੇ ਦੁਬਾਰਾ ਅਕਾਲੀ ਦਲ ’ਚ ਨਹੀਂ ਆਉਣਗੇ। ਬੱਬਲੀ ਢਿੱਲੋਂ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਤੇ ਭਾਰੀ ਇਕੱਠ ਬਾਰੇ ਉਨ੍ਹਾਂ ਕਿਹਾ ਕਿ ਇਹ Fਲੋਕ ਸਾਰੇ ਮੌਡ਼ ਹਲਕੇ ਤੋਂ ਆਏ ਸਨ, ਸ਼ਹਿਰ ਦਾ ਕੋਈ ਵਿਅਕਤੀ ਉਨ੍ਹਾਂ ਨਾਲ ਨਹੀਂ ਸੀ।
ਸਾਰਿਆਂ ਦੇ ਅਸਤੀਫੇ ਮਨਜ਼ੂਰ, ਪਾਰਟੀ ’ਤੇ ਕੋਈ ਅਸਰ ਨਹੀ :  ਸੁਖਬੀਰ ਬਾਦਲ
 ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇਨ੍ਹਾਂ ਸਾਰੇ ਕੌਂਸਲਰਾਂ ਦੇ ਅਸਤੀਫੇ ਮਨਜ਼ੂਰ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਜਾਣ ਨਾਲ ਪਾਰਟੀ ’ਤੇ ਕੋਈ ਅਸਰ ਨਹੀਂ ਪਵੇਗਾ। ਕਾਂਗਰਸ ਨੂੰ ਛੱਡ ਕੇ ਸਾਬਕਾ ਕੌਂਸਲਰ ਇਕਬਾਲ ਸਿੰਘ ਬੱਬਲੀ ਸ਼ਨੀਵਾਰ ਨੂੰ ਅਕਾਲੀ ਦਲ ’ਚ ਸ਼ਾਮਲ ਹੋਣ ’ਤੇ ਤੁਰੰਤ ਬਾਅਦ ਹੀ 4 ਕੌਂਸਲਰ ਬਾਹਰ ਹੋ ਗਏ। ਸਥਾਨਕ ਇਕ ਪੈਲੇਸ ਵਿਚ ਸੁਖਬੀਰ ਬਾਦਲ ਨੇ ਬੱਬਲੀ ਢਿੱਲੋਂ ਦਾ ਅਕਾਲੀ ਦਲ ’ਚ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਦੀ ਹੁਣ ਖੇਡ ਖਤਮ ਹੋਣ ਜਾ ਰਹੀ ਹੈ। ਬੇਸ਼ੱਕ ਬੱਬਲੀ ਢਿੱਲੋਂ ਨਾਲ 3 ਹਜ਼ਾਰ ਤੋਂ ਵੱਧ ਲੋਕਾਂ ਦਾ ਵੱਡਾ ਕਾਫਲਾ ਸੀ, ਜਿਸਨੂੰ ਦੇਖਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਲੱਗਦਾ ਹੈ ਕਿ ਪੂਰੀ ਕਾਂਗਰਸ ਹੀ ਅਕਾਲੀ ਦਲ ’ਚ ਸ਼ਾਮਲ ਹੋਣ ਆ ਰਹੀ ਹੈ। ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਨੂੰ ਮੌਤ ਦੇ ਮੂੰਹ ਵੱਲ ਧੱਕ ਰਹੀ ਹੈ ਤੇ ਕਿਸਾਨ ਲਗਾਤਾਰ ਝੂਠੇ ਵਾਅਦਿਆਂ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਿਚ ਇਕ ਕਰਜ਼ਾਈ ਕਿਸਾਨ ਨੇ ਅਾਪਣੀ ਪਤਨੀ ਤੇ ਦੋ ਬੱਚਿਆਂ ਤੱਕ ਦਾ ਕਤਲ ਕਰ ਦਿੱਤਾ, ਹੁਣ ਤੱਕ 600 ਤੋਂ ਵੱਧ ਕਿਸਾਨ ਕਾਂਗਰਸ ਸਰਕਾਰ ਕਾਰਨ ਖੁਦਕੁਸ਼ੀਅਾਂ ਕਰ ਚੁੱਕੇ ਹਨ। ਕਾਂਗਰਸ ਸਰਕਾਰ ਨੇ ਅਰਮਾਨਪੁਰਾ ਪਿੰਡ ਦੇ ਪਰਮਜੀਤ ਸਿੰਘ ਜੋ ਕਿ ਕਰਜ਼ੇ ਕਾਰਨ ਪ੍ਰੇਸ਼ਾਨ ਸੀ ਨੇ ਅਾਪਣੇ ਪਰਿਵਾਰ ਦਾ ਕਤਲ ਕਰ ਦਿੱਤਾ ਸੀ, ਉਸਦੀ ਕੋਈ ਮਦਦ ਨਹੀਂ ਕੀਤੀ।
4 ਕੌਂਸਲਰਾਂ ਦਾ ਅਕਾਲੀ ਦਲ ਛੱਡ ਕੇ ਜਾਣਾ ਮੰਦਭਾਗੀ ਘਟਨਾ : ਸਰੂਪ ਚੰਦ ਸਿੰਗਲਾ 
 ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਕਿ 4 ਕੌਂਸਲਰ ਅਕਾਲੀ ਦਲ ਛੱਡ ਕੇ ਜਾ ਰਹੇ ਹਨ, ਪਾਰਟੀ ਪਲੇਟਫਾਰਮ ’ਤੇ ਬੈਠ ਕੇ ਇਸਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਕਿਸੀ ਨਾਲ ਕੋਈ ਪ੍ਰੇਸ਼ਾਨੀ ਸੀ ਤਾਂ ਉਹ ਪਾਰਟੀ ਪ੍ਰਧਾਨ ਨਾਲ ਗੱਲ ਕਰ ਸਕਦੇ ਸੀ, ਉਹ ਇਨ੍ਹਾਂ ਸਾਰੇ ਕੌਂਸਲਰਾਂ ਦਾ ਪੂਰਾ ਸਤਿਕਾਰ ਕਰਦੇ ਹਨ ਅਤੇ ਜਲਦੀ ਹੀ ਬੈਠ ਕੇ ਇਹ ਮਾਮਲਾ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਘਟਨਾਕ੍ਰਮ ਨੂੰ ਉਹ ਪਾਰਟੀ ਹਾਈਕਮਾਨ ਅੱਗੇ ਜ਼ਰੂਰ ਰੱਖਣਗੇ। ਉਨ੍ਹਾਂ ਕਿਹਾ ਕਿ ਕਾਰਜਕਾਰੀਆਂ ਦਾ ਮਨੋਬਲ ਡਿੱਗਣ ਨਹੀਂ ਦੇਣਗੇ।