ਕਾਂਗਰਸ ਸਰਕਾਰ ਵੱਲੋਂ ਲਿਆਂਦੇ ਗਏ ਬਿੱਲ ਸਿਰਫ਼ ਇਕ ਡਰਾਮਾ: ਗਰਗ

10/23/2020 2:10:28 PM

ਭਵਾਨੀਗੜ੍ਹ(ਕਾਂਸਲ): ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਬੁਲਾ ਕੇ ਕੇਂਦਰ ਕਾਨੂੰਨਾਂ ਤੋਂ ਪੰਜਾਬ ਦੇ ਕਿਸਾਨਾਂ ਨੂੰ ਰਾਹਤ ਦੇਣ ਲਈ ਲਿਆਂਦੇ ਗਏ ਬਿੱਲ ਮਹਿਜ ਇਕ ਡਰਾਮਾ ਅਤੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋਂ ਕਰਨ ਦੀ ਗਹਿਰੀ ਸਾਜਿਸ਼ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਸਰਕਾਰ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸ੍ਰੀ ਗਰਗ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀ ਚਾਰ ਸਾਲਾਂ ਦੀ ਕਾਰਗੁਜ਼ਾਰੀ ਬਹੁਤ ਹੀ ਮਾੜੀ ਅਤੇ ਨਿੰਦਣਯੋਗ ਰਹੀ ਹੈ ਜਿਸ 'ਚ ਸੂਬਾਂ ਸਰਕਾਰ ਨੇ ਬਹੁਤ ਵੱਡੇ ਗੁਨਾਹ ਅਤੇ ਪਾਪ ਕੀਤੇ ਹਨ ਅਤੇ ਹੁਣ ਇਨ੍ਹਾਂ ਉਪਰ ਪਰਦਾ ਪਾਉਣ ਲਈ ਕਿਸਾਨ ਅੰਦੋਲਨ ਦਾ ਫ਼ਾਇਦਾ ਉਠਾਉਂਦੇ ਹੋਏ ਇਸ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਰਾਹੀ ਕਿਸਾਨਾਂ ਅਤੇ ਆਮ ਲੋਕਾਂ ਨੂੰ ਗੁੰਮਰਾਹ ਕਰਕੇ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਦੇ ਮੁਗੇਰੀ ਲਾਲ ਦੇ ਸੁਪਨੇ ਦੇਖ ਰਹੇ ਹਨ। ਸ੍ਰੀ ਗਰਗ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਵਿਰੁੱਧ ਪੂਰੇ ਸੂਬੇ 'ਚ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਦੋ ਪ੍ਰਮੁੱਖ ਮੰਗਾਂ ਹਨ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਫਸਲਾਂ ਦੀ ਐੱਮ.ਐੱਸ.ਪੀ ਦੀ ਗਰੰਟੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਕੇਂਦਰੀ ਕਾਨੂੰਨਾਂ 'ਚ ਸੂਬਾ ਸਰਕਾਰਾਂ ਨੂੰ ਸੋਧ ਕਰਨ ਦਾ ਹੀ ਕੋਈ ਅਧਿਕਾਰ ਨਹੀਂ ਹੈ ਅਤੇ ਦੂਜਾ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ 'ਚ ਲਿਆਂਦੇ ਬਿੱਲਾਂ 'ਚ ਨਾ ਹੀ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਨ ਦੀ ਕੋਈ ਗੱਲ ਕੀਤੀ ਗਈ ਹੈ ਅਤੇ ਨਾ ਹੀ ਪੰਜਬ ਸਰਕਾਰ ਨੇ ਫ਼ਸਲਾਂ ਦੀ ਐਮ.ਐਸ.ਪੀ ਤੋਂ ਉਪਰ ਰੇਟ 'ਤੇ ਹੀ ਖ੍ਰੀਦ ਕਰਨ ਦੀ ਕੋਈ ਗਰੰਟੀ ਦਿੱਤੀ ਹੈ। ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਕਾਂਗਰਸ ਇਸ ਤਰ੍ਹਾਂ ਦੀਆਂ ਚਾਲਾਂ ਰਾਹੀ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਉਲੂ ਸਿੱਧਾਂ ਕਰਨਾ ਚਹੁੰਦੀ ਹੈ। ਪਰ ਕਾਂਗਰਸ ਦੀ ਘੱਟੀਆਂ ਚਾਲ ਨੇ ਜਿਥੇ ਕੇਂਦਰੀ ਕਾਨੂੰਨਾਂ ਨੂੰ ਸਵਿਕਾਰ ਲੈਣ ਦੀ ਝਲਕ ਦਿੱਤੀ ਹੈ। ਉਥੇ ਇਸ ਨਾਲ ਕਿਸਾਨੀ ਸੰਘਰਸ਼ਾਂ ਨੂੰ ਵੱਡੀ ਢਾਹ ਲੱਗੇਗੀ।

ਜਿਸ ਨੂੰ ਅਕਾਲੀ ਦਲ ਬਾਦਲ ਅਤੇ ਸੂਬੇ ਦੇ ਕਿਸਾਨ ਕਿਸੇ ਵੀ ਹਾਲ 'ਚ ਬਰਦਾਸਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਦੀ ਜਨਤਾਂ ਨੇ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਪੰਜਾਬ 'ਚ ਮੌਕਾ ਦਿੱਤਾ ਤਾਂ ਦਲ ਵੱਲੋਂ ਪਹਿਲੀ ਹੀ ਕੈਬਨਿਟ ਮੀਟਿੰਗ 'ਚ ਪੂਰੇ ਸੂਬੇ ਨੂੰ ਨੋਟੀਫਾਇਡ ਮੰਡੀ ਐਲਾਨਿਆ ਜਾਵੇਗਾ, ਫ਼ਸਲਾਂ ਦੀ ਖ੍ਰੀਦ ਉਪਰ ਐੱਮ.ਐੱਸ.ਪੀ ਦੀ ਗਰੰਟੀ ਦਿੱਤੇ ਜਾਣ ਦੇ ਨਾਲ-ਨਾਲ ਕਿਸਾਨਾਂ ਦੀਆਂ ਫ਼ਸਲਾਂ ਨੂੰ ਘੱਟ ਰੇਟ ਉਪਰ ਖਰੀਦ ਕਰਨ ਦੀ ਮਨਸ਼ਾ ਰੱਖਣ ਵਾਲੇ ਕਿਸੇ ਵੀ ਕਾਰਪੋਰੇਟ ਘਰਾਣੇ ਅਤੇ ਵਪਾਰੀ ਨੂੰ ਪੰਜਾਬ ਦੀ ਧਰਤੀ ਉਪਰ ਪੈਰ ਤੱਕ ਨਹੀਂ ਰੱਖਣ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਕਾਂਗਰਸੀ ਆਗੂਆਂ ਵੱਲੋਂ ਸ਼ਹਿਰਾਂ ਅਤੇ ਪਿੰਡਾਂ 'ਚ ਲੱਡੂ ਵੰਡਣ ਅਤੇ ਆਤਿਸ਼ਬਾਜ਼ੀ ਚਲਾ ਕੇ ਜਸ਼ਨ ਮਨਾਏ ਜਾਣ ਦੀ ਸਖ਼ਤ ਸਬਦਾਂ 'ਚ ਨਿਖੇਧੀ ਕਰਦਿਆਂ ਇਸ ਨੂੰ ਕਾਂਗਰਸ ਦੀ ਕਿਸਾਨਾਂ ਦੇ ਜ਼ਖ਼ਮਾਂ ਉਪਰ ਨਮਕ ਭੂੱਕਣ ਵਾਲੀ ਕਾਰਵਾਈ ਕਰਾਰ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰੇਮ ਚੰਦ ਗਰਗ ਸਾਬਕਾ ਪ੍ਰਧਾਨ ਨਗਰ ਕੌਂਸਲ, ਹਰਵਿੰਦਰ ਕਾਕੜਾ ਜ਼ਿਲਾ ਪ੍ਰਧਾਨ ਕਿਸਾਨ ਵਿੰਗ, ਕੁਲਵੰਤ ਸਿੰਘ ਜੋਲੀਆਂ ਸਾਬਕਾ ਚੇਅਰਮੈਨ, ਗੁਰਵਿੰਦਰ ਸੱਗੂ, ਰਵਿੰਦਰ ਸਿੰਘ ਠੇਕੇਦਾਰ, ਜਗਤਾਰ ਖਟੜਾ ਸਮੇਤ ਵੀ ਮੌਜੂਦ ਸਨ।


Aarti dhillon

Content Editor

Related News