ਬੈਂਕ ਮੈਨੇਜਰ ਨੇ ਜਾਅਲੀ ਦਸਤਾਵੇਜ਼ਾਂ ''ਤੇ ਦਿੱਤਾ 18 ਲੱਖ ਦਾ ਹੋਮ ਲੋਨ

09/20/2019 7:53:15 PM

ਮੋਗਾ (ਆਜ਼ਾਦ)–ਕਸਬਾ ਨਿਹਾਲ ਸਿੰਘ ਵਾਲਾ 'ਚ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਮੈਨੇਜਰ ਵੱਲੋਂ 2 ਵਿਅਕਤੀਆਂ ਨੂੰ ਸਾਲ 2010 'ਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ 18 ਲੱਖ ਦਾ ਹੋਮ ਲੋਨ ਦੇ ਕੇ ਬੈਂਕ ਨੂੰ ਚੂਨਾ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੀ ਸ਼ਿਕਾਇਤ 'ਚ ਉਪਰੋਕਤ ਬੈਂਕ ਦੇ ਮੈਨੇਜਰ ਕਿਸ਼ੋਰ ਕੁਮਾਰ ਨੇ ਕਿਹਾ ਕਿ 2010 'ਚ ਹਿੰਮਤ ਕੁਮਾਰ ਸ਼ਰਮਾ ਨਿਵਾਸੀ ਸੈਂਟਰਲ ਟਾਊਨ ਲੁਧਿਆਣਾ, ਜੋ ਇਸ ਸਮੇਂ ਸਟੇਟ ਬੈਂਕ ਆਫ ਇੰਡੀਆ ਦੀ ਡੀ. ਈ. ਏ. ਏ. ਸੀ. ਬ੍ਰਾਂਚ ਜਲੰਧਰ 'ਚ ਮੈਨੇਜਰ ਹੈ, ਵੱਲੋਂ ਸਾਲ 2010 'ਚ ਦੋ ਫਰਜ਼ੀ ਵਿਅਕਤੀਆਂ ਅਜਮੇਰ ਸਿੰਘ ਪੁੱਤਰ ਚੰਦ ਸਿੰਘ ਨਿਵਾਸੀ ਦਸਮੇਸ਼ ਨਗਰ ਮੋਗਾ ਅਤੇ ਗੁਰਮੀਤ ਸਿੰਘ ਪੁੱਤਰ ਅਜਮੇਰ ਸਿੰਘ ਨਿਵਾਸੀ ਸੇਖਾਂ ਵਾਲਾ ਚੌਕ ਮੋਗਾ ਨੂੰ ਮਕਾਨ ਬਣਾਉਣ ਲਈ 15 ਫਰਵਰੀ, 2010 ਨੂੰ 18 ਲੱਖ ਰੁਪਏ ਦਾ ਕਰਜ਼ਾ ਮਨਜ਼ੂਰ ਕੀਤਾ ਸੀ, ਜਿਸ 'ਚ ਉਕਤ ਫਰਜ਼ੀ ਵਿਅਕਤੀ ਅਜਮੇਰ ਸਿੰਘ ਦੀ ਰਜਿਸਟਰੀ ਬੈਂਕ ਕੋਲ ਗਿਰਵੀ ਰੱਖੀ ਗਈ ਪਰ ਬੈਂਕ ਕੋਲ ਉਸ ਦੀ ਅਸਲੀ ਰਜਿਸਟਰੀ ਨਹੀਂ ਹੈ। ਬੈਂਕ ਮੈਨੇਜਰ ਵੱਲੋਂ ਅਜਮੇਰ ਸਿੰਘ ਦਾ ਖਾਤਾ ਖੋਲ੍ਹਿਆ ਗਿਆ ਸੀ। ਉਕਤ ਖਾਤੇ 'ਚੋਂ ਉਸ ਦੇ ਬੱਚਤ ਖਾਤੇ 'ਚ 16 ਫਰਵਰੀ ਨੂੰ 6 ਲੱਖ ਰੁਪਏ ਅਤੇ 27 ਫਰਵਰੀ, 2010 ਨੂੰ 6 ਲੱਖ ਰੁਪਏ ਟਰਾਂਸਫਰ ਕੀਤੇ ਗਏ। ਇਸ ਦੇ ਬਾਅਦ ਅਜਮੇਰ ਸਿੰਘ ਨੇ ਕਰਜ਼ੇ ਦੀ ਕੋਈ ਕਿਸ਼ਤ ਬੈਂਕ ਕੋਲ ਨਹੀਂ ਜਮ੍ਹਾ ਕਰਵਾਈ ਅਤੇ ਨਾ ਹੀ ਉਹ ਕਰਜ਼ੇ ਦੀ ਬਾਕੀ ਰਕਮ ਲੈਣ ਲਈ ਆਇਆ, ਜਿਸ 'ਤੇ ਸਾਨੂੰ ਸ਼ੱਕ ਹੋਣ 'ਤੇ ਜਦ ਅਸੀਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਅਜਮੇਰ ਸਿੰਘ ਅਤੇ ਗੁਰਮੀਤ ਸਿੰਘ ਵੱਲੋਂ ਜੋ ਦਸਤਾਵੇਜ਼ ਜਿਸ 'ਚ ਰਾਸ਼ਨ ਕਾਰਡ, ਵੋਟਰ ਕਾਰਡ, ਪੈਨ ਕਾਰਡ ਆਦਿ ਹਨ, ਬੈਂਕ ਕੋਲ ਜਮ੍ਹਾ ਕਰਵਾਏ ਗਏ ਸਨ, ਉਹ ਜਾਅਲੀ ਪਾਏ ਗਏ ਅਤੇ ਉਕਤ ਦੋਨੋਂ ਵਿਅਕਤੀਆਂ ਦਾ ਪਤਾ ਵੀ ਫਰਜ਼ੀ ਨਿਕਲਿਆ।

ਜਦ ਅਸੀਂ ਬੈਂਕ 'ਚ ਗਿਰਵੀ ਰੱਖੀ ਗਈ ਰਜਿਸਟਰੀ ਵਸੀਕਾ ਨੰਬਰ 3337 ਮਿਤੀ 5-8-2003, ਜਿਸ ਨਾਲ ਸਾਲ 2002-03 ਦੀ ਜਮ੍ਹਾਬੰਦੀ ਸੀ, ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਕਤ ਪਲਾਟ ਦਾ ਅਸਲੀ ਮਾਲਕ ਅਜਮੇਰ ਸਿੰਘ ਪੁੱਤਰ ਚੰਦ ਸਿੰਘ ਨਿਵਾਸੀ ਅਪੈਕਸ ਕਾਲੋਨੀ ਦੁਸਾਂਝ ਰੋਡ ਮੋਗਾ ਦੀ 9 ਅਕਤੂਬਰ, 2009 ਨੂੰ ਮੌਤ ਹੋ ਚੁੱਕੀ ਹੈ, ਜਦਕਿ ਮਕਾਨ ਦਾ ਕਰਜ਼ਾ 15 ਫਰਵਰੀ, 2010 ਨੂੰ ਮਨਜ਼ੂਰ ਕੀਤਾ ਗਿਆ। ਜਦ ਬੈਂਕ ਅਧਿਕਾਰੀਆਂ ਵੱਲੋਂ ਗਾਰੰਟਰ ਗੁਰਚਰਨ ਸਿੰਘ ਪੁੱਤਰ ਬਚਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਮੈਂ ਕਿਤੇ ਵੀ ਕੋਈ ਗਾਰੰਟੀ ਨਹੀਂ ਦਿੱਤੀ। ਬੈਂਕ ਵੱਲੋਂ 30 ਸਤੰਬਰ, 2010 ਨੂੰ ਫਰਜ਼ੀ ਅਜਮੇਰ ਸਿੰਘ ਅਤੇ ਗੁਰਮੀਤ ਸਿੰਘ ਨੂੰ ਡਿਫਾਲਟਰ ਐਲਾਨਿਆ ਗਿਆ। ਅਜਮੇਰ ਸਿੰਘ ਦੇ ਬੱਚਤ ਖਾਤੇ ਦੇ ਵੀ ਦਸਤਾਵੇਜ਼ ਨਹੀਂ ਹਨ। ਇਹ ਖਾਤਾ ਵੀ ਬੈਂਕ ਮੈਨੇਜਰ ਹਿੰਮਤ ਸ਼ਰਮਾ ਵੱਲੋਂ ਖੋਲ੍ਹਿਆ ਗਿਆ ਸੀ। ਇਸ ਤਰ੍ਹਾਂ ਬੈਂਕ ਮੈਨੇਜਰ ਵੱਲੋਂ ਕਥਿਤ ਮਿਲੀਭੁਗਤ ਕਰ ਕੇ ਮਕਾਨ ਬਣਾਉਣ ਲਈ ਫਰਜ਼ੀ ਵਿਅਕਤੀਆਂ ਨੂੰ 18 ਲੱਖ ਰੁਪਏ ਦਾ ਹਾਊਸ ਲੋਨ ਦੇ ਕੇ ਬੈਂਕ ਨਾਲ ਧੋਖਾਦੇਹੀ ਕੀਤੀ ਗਈ ਹੈ।

ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਮੋਗਾ ਦੇ ਨਿਰਦੇਸ਼ 'ਤੇ ਇਸ ਦੀ ਜਾਂਚ ਡੀ. ਐੱਸ. ਪੀ. ਮੇਜਰ ਕ੍ਰਾਈਮ ਵੱਲੋਂ ਕੀਤੀ ਗਈ। ਜਾਂਚ ਦੇ ਬਾਅਦ ਜ਼ਿਲਾ ਪੁਲਸ ਮੁਖੀ ਦੇ ਹੁਕਮਾਂ 'ਤੇ ਥਾਣਾ ਸਿਟੀ ਮੋਗਾ 'ਚ ਕਿਸ਼ੋਰ ਕੁਮਾਰ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਐਟ ਨਿਹਾਲ ਸਿੰਘ ਵਾਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਹਿੰਮਤ ਕੁਮਾਰ ਸ਼ਰਮਾ ਪੁੱਤਰ ਨਰਿੰਦਰ ਨਾਥ ਸ਼ਰਮਾ ਨਿਵਾਸੀ ਸੈਂਟਰਲ ਟਾਊਨ ਲੁਧਿਆਣਾ, ਅਜਮੇਰ ਸਿੰਘ ਅਤੇ ਗੁਰਮੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਐਂਟੀ ਫਰਾਡ ਸੈੱਲ ਮੋਗਾ ਦੇ ਇੰਚਾਰਜ ਇੰਸਪੈਕਟਰ ਬਲਜਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

Karan Kumar

This news is Content Editor Karan Kumar