ਡਿਪੂਆਂ ’ਤੇ ਖਰਾਬ ਕਣਕ ਭੇਜਣ ਤੋਂ ਭਡ਼ਕੇ ਕਾਰਡ-ਧਾਰਕ

09/17/2018 5:51:09 AM

ਸਮਾਣਾ, (ਦਰਦ)- ਪਨਗ੍ਰੇਨ ਵਿਭਾਗ ਸਮਾਣਾ ਦਫਤਰ ਦੇ ਕਰਮਚਾਰੀਆਂ ਵੱਲੋਂ ਪਿੰਡ  ਬੂਟਾ ਸਿੰਘ ਵਾਲਾ ਵਿਖੇ ਜ਼ਰੂਰਤਮੰਦਾਂ ਲਈ ਡਿਪੂਆਂ ਤੇ ਵੰਡਣ ਲਈ ਭੇਜੀ ਗਈ ਖਰਾਬ ਕਣਕ  ਕਾਰਨ ਕਾਰਡ-ਧਾਰਕ  ਭੜਕ  ਉਠੇ  ਹਨ।  ਉਨ੍ਹਾਂ ਵੱਲੋਂ ਵਿਭਾਗ ਅਤੇ ਸਰਕਾਰ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਨਾਅਰੇਬਾਜ਼ੀ  ਕੀਤੀ ਗਈ। ਇਸ ਤੋਂ ਬਾਅਦ ਸੂਚਨਾ ਮਿਲਣ ’ਤੇ ਫੂਡ ਸਪਲਾਈ ਵਿÎਭਾਗ ਅਧਿਕਾਰੀਆਂ ਨੂੰ  ਭੇਜੀ ਗਈ ਖਰਾਬ ਕਣਕ ਨੂੰ ਵਾਪਸ ਗੋਦਾਮ ’ਚ ਲਿਜਾਣ ਲਈ ਮਜਬੂਰ ਹੋਣਾ ਪਿਆ। ਸਹਾਇਕ  ਖੁਰਾਕ ਅਤੇ ਸਿਵਲ ਸਪਲਾਈ ਅਧਿਕਾਰੀ ਨੇ ਜ਼ਿੰਮੇਵਾਰ ਇੰਸਪੈਕਟਰ ਖਿਲਾਫ ਕਾਰਵਾਈ ਦੀ  ਸਿਫਾਰਸ਼ ਕਰਨ ਦਾ ਭਰੋਸਾ ਦਿੰਦੇ ਹੋਏ ਕਾਰਡ-ਧਾਰਕਾਂ ਨੂੰ ਚੰਗੀ ਕਣਕ ਭੇਜਣ ਦਾ  ਭਰੋਸਾ ਦਿੱਤਾ।
 ਇਸ ਸਬੰਧੀ ਡਿਪੂ ਹੋਲਡਰ ਜਸਵੰਤ ਲਾਲ ਨੇ ਦੱਸਿਆ ਕਿ ਬੀਤੇ ਦਿਨੀਂ  ਪਨਗ੍ਰੇਨ ਵਿਭਾਗ ਵੱਲੋਂ ਪਿੰਡ ਬੂਟਾ ਸਿੰਘ ਵਾਲਾ ਦੇ ਕਾਰਡ- ਧਾਰਕਾਂ ਨੂੰ ਵੰਡਣ ਲਈ 150  ਕੁਇੰਟਲ ਕਣਕ ਦੇ 300 ਥੈਲੇ ਇਕ ਟਰੱਕ ’ਚ ਭੇਜੇ ਸਨ। ਕਣਕ ਖਾਣਯੋਗ ਨਾ ਹੋਣ  ਕਾਰਨ ਕਾਰਡ-ਧਾਰਕਾਂ ਨੇ ਲੈਣ ਤੋਂ ਇਨਕਾਰ ਕਰਨ ’ਤੇ ਕਣਕ ਵੰਡੀ ਨਹੀਂ ਗਈ।  ਰੋਸ  ਵਜੋਂ ਕਾਰਡ-ਧਾਰਕਾਂ ਵਿਭਾਗ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਾਰਡ-ਧਾਰਕ ਨਾਇਬ  ਸਿੰਘ, ਹਰਪਾਲ ਸਿੰਘ, ਸੇਵਾ ਸਿੰਘ, ਲਾਭ ਤੇ ਦੇਵ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ  ਨੂੰ ਵੰਡਣ ਲਈ ਭੇਜੀ ਕਣਕ ਭਿੱਜੀ ਹੋਈ  ਸੀ ਜੋ ਖਾਣਯੋਗ ਨਹੀਂ ਸੀ। 
 ਇਸ  ਸਬੰਧੀ ਸਹਾਇਕ ਜ਼ਿਲਾ ਖੁਰਾਕ ਅਤੇ ਸਿਵਲ ਸਪਲਾਈ ਅਧਿਕਾਰੀ ਨੇ ਦੱਸਿਆ ਕਿ ਕਾਰਡ-ਧਾਰਕਾਂ ਦੇ  ਬਿਆਨ ਦਰਜ ਕਰ ਕੇ ਉਚਿਤ ਅਧਿਕਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਸਬੰਧਤ ਅਤੇ  ਜ਼ਿੰਮੇਵਾਰ ਅਧਿਕਰੀ ਖਿਲਾਫ ਕਾਰਵਾਈ ਕੀਤੀ ਜਾਵੇਗੀ।