ਨਰਮੇ ਹੇਠ ਰਕਬਾ ਰਿਕਾਰਡ ਪੱਧਰ ’ਤੇ ਘਟਿਆ

06/24/2023 1:29:44 PM

ਚੰਡੀਗੜ੍ਹ - ਪੰਜਾਬ ’ਚ ਇਸ ਵਾਰ ਨਰਮੇ ਦੀ ਖੇਤੀ ਦਾ ਰਕਬਾ ਘਟ ਕੇ ਹੇਠਲੇ ਪੱਧਰ ’ਤੇ ਆ ਗਿਆ ਹੈ। ਪੰਜਾਬ ’ਚ ਐਤਕੀਂ ਨਰਮੇ ਦੇ ਬੀਟੀ ਬੀਜ ਦੇ ਕਰੀਬ ਢਾਈ ਲੱਖ ਪੈਕੇਟਾਂ ਦਾ ਘਾਲਾਮਾਲਾ ਹੋਇਆ ਲੱਗ ਰਿਹਾ ਹੈ। ਪੰਜਾਬ ਸਰਕਾਰ ਵਲੋਂ ਇਸ ਵਾਰ ਨਰਮੇ ਦੇ ਬੀਜ ’ਤੇ 33 ਫ਼ੀਸਦੀ ਸਬਸਿਡੀ ਵੀ ਦਿੱਤੀ ਗਈ, ਜਿਸ ਦੇ ਬਾਵਜੂਦ ਨਰਮੇ ਹੇਠ ਰਕਬਾ ਵਧਣ ਦੀ ਥਾਂ ਲਗਾਤਾਰ ਘੱਟ ਰਿਹਾ ਹੈ।

ਦੱਸ ਦੇਈਏ ਕਿ ਪੰਜਾਬ ਵਿਚ ਇਸ ਵਾਰ ਨਰਮੇ ਹੇਠ ਰਕਬਾ 4,37,500 ਏਕੜ ਹੈ ਅਤੇ ਇਸ ਲਿਹਾਜ਼ ਨਾਲ ਸੂਬੇ ਵਿਚ ਨਰਮੇ ਦੇ ਬੀਜ ਦੇ 8.75 ਲੱਖ ਪੈਕੇਟਾਂ ਦੀ ਖਪਤ ਹੋਣੀ ਚਾਹੀਦੀ ਸੀ, ਜਦਕਿ ਨਰਮੇ ਦੇ ਬੀਜ ਦੇ 11.25 ਲੱਖ ਪੈਕੇਟਾਂ ਦੀ ਵਿਕਰੀ ਹੋਈ ਹੈ। ਬੀਜ ਦੀ ਵਿਕਰੀ ਦੇ ਲਿਹਾਜ਼ ਨਾਲ ਸੂਬੇ ਵਿਚ ਨਰਮੇ ਹੇਠ 5,62,500 ਏਕੜ ਰਕਬਾ ਆਉਣਾ ਚਾਹੀਦਾ ਸੀ। ਮੋਟੇ ਹਿਸਾਬ ਨਾਲ ਬੀਜਾਂ ਦੀ ਵਿਕਰੀ ਅਤੇ ਨਰਮੇ ਹੇਠਲੇ ਰਕਬਾ ਵਿਚਲੇ ਅੰਤਰ ਤੋਂ ਸਾਫ਼ ਹੈ ਕਿ ਕਰੀਬ ਢਾਈ ਲੱਖ ਪੈਕੇਟ ਗ਼ਾਇਬ ਹੋ ਗਏ ਹਨ।

ਖੇਤੀ ਮਹਿਕਮੇ ਅਨੁਸਾਰ ਇਸ ਵਾਰ 62,500 ਏਕੜ ਨਰਮੇ ਦਾ ਰਕਬਾ ਮੀਂਹ ਕਾਰਨ ਕਰੰਡ ਹੋ ਗਿਆ ਹੈ, ਜਿਸ ਕਰਕੇ ਕਿਸਾਨਾਂ ਨੂੰ ਇੱਕੋ ਰਕਬੇ ਵਿਚ ਮੁੜ ਬਿਜਾਂਦ ਕਰਨੀ ਪਈ। ਇਸ ਦੌਰਾਨ 62,500 ਏਕੜ ਰਕਬੇ ਵਿਚ ਵਾਧੂ 1.25 ਲੱਖ ਪੈਕਟ ਲੱਗਿਆ ਹੋਵੇਗਾ। ਜੇਕਰ ਗ਼ਾਇਬ ਹੋਏ ਢਾਈ ਲੱਖ ਪੈਕਟਾਂ ਵਿਚੋਂ 1.25 ਲੱਖ ਪੈਕਟਾਂ ਨੂੰ ਬਾਹਰ ਕੱਢ ਦੇਈਏ ਤਾਂ ਵੀ ਸਵਾ ਲੱਖ ਪੈਕੇਟ ਦਾ ਕੋਈ ਹਿਸਾਬ ਨਹੀਂ। ਪੰਜਾਬ ਵਿਚ ਇਸ ਵਾਰ ਬੀਟੀ ਬੀਜ ਦੇ ਪੈਕੇਟ ਦੀ ਕੀਮਤ 853 ਰੁਪਏ ਸੀ ਅਤੇ ਪੰਜਾਬ ਸਰਕਾਰ ਨੇ ਪ੍ਰਤੀ ਪੈਕਟ 281 ਰੁਪਏ ਸਬਸਿਡੀ ਦਿੱਤੀ ਹੈ, ਜੋ 33 ਫ਼ੀਸਦੀ ਬਣਦੀ ਹੈ। 

ਪੰਜਾਬੀ ਵਿੱਚ ਇਸ ਵਾਰੀ ਕਪਾਹ ਦੀ ਖੇਤੀ ਲਈ ਰਕਬਾ ਤਿੰਨ ਲੱਖ ਹੈਕਟੇਅਰ ਦੇ ਟੀਚੇ ਮੁਕਾਬਲੇ ਸਿਰਫ਼ 1.75 ਲੱਖ ਹੈਕਟੇਅਰ ਹੈ। ਇਹ ਅੰਕੜਾ ਪਿਛਲੇ ਸਾਲ ਮੁਕਾਬਲੇ 25 ਫ਼ੀਸਦੀ ਘੱਟ ਹੈ। ਪਿਛਲੇ ਸਾਲ ਇਹ ਅੰਕੜਾ 2.50 ਲੱਖ ਹੈਕਟੇਅਰ ਸੀ। ਨਰਮੇ ਹੇਠ ਰਕਬੇ ਦੇ ਘਟਣ ਨਾਲ ਫ਼ਸਲੀ ਵਿਭਿੰਨਤਾ ਦੇ ਟੀਚੇ ਨੂੰ ਵੀ ਸੱਟ ਵੱਜੀ ਹੈ। ਗੁਆਂਢੀ ਸੂਬੇ ਹਰਿਆਣਾ ਅਤੇ ਰਾਜਸਥਾਨ ’ਚ ਨਰਮੇ ਦੀ ਬਿਜਾਈ ਦਾ ਖੇਤਰ ਬਹੁਤ ਵਧਿਆ ਹੈ। ਹਰਿਆਣਾ ਵਿਚ ਇਸ ਵਾਰ ਨਰਮੇ ਦੀ ਬਿਜਾਈ 6.40 ਲੱਖ ਹੈਕਟੇਅਰ ’ਚ ਹੋਈ ਹੈ, ਜਦ ਕਿ ਪਿਛਲੇ ਸਾਲ ਬਿਜਾਈ 5.75 ਲੱਖ ਹੈਕਟੇਅਰ ਜ਼ਮੀਨ ’ਚ ਹੋਈ ਸੀ।

 
 

rajwinder kaur

This news is Content Editor rajwinder kaur