16 ਸਾਲਾ ਲਡ਼ਕੇ ਦਾ ਬੇਸਬੈਟ ਦੇ ਡੰਡੇ ਨਾਲ ਕਤਲ

Sunday, Oct 07, 2018 - 07:10 AM (IST)

 ਲੁਧਿਆਣਾ, (ਤਰੁਣ)- ਥਾਣਾ ਦਰੇਸੀ ਦੇ ਇਲਾਕਾ ਗੁਰੂ ਨਾਨਕ ਨਗਰ ’ਚ ਮਾਮੂਲੀ ਝਗਡ਼ੇ ’ਚ 4 ਵਿਅਕਤੀਅਾਂ ਨੇ ਬੇਸਬੈਟ ਦੇ ਡੰਡੇ ਨਾਲ ਇਕ ਲਡ਼ਕੇ ’ਤੇ ਹਮਲਾ ਕਰ ਦਿੱਤਾ। ਭਾਰੀ ਵਾਰ ਹੋਣ ਕਾਰਨ ਹਸਪਤਾਲ ’ਚ ਇਲਾਜ ਦੌਰਾਨ ਲਡ਼ਕੇ ਨੇ ਦਮ ਤੋਡ਼ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਸ ਘਟਨਾ ਵਾਲੀ ਜਗ੍ਹਾ ’ਤੇ ਪੁੱਜੀ। ਪੁਲਸ ਨੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਕਤਲ ਦਾ ਪਰਚਾ ਦਰਜ ਕਰ ਲਿਆ ਹੈ। ਉਕਤ ਖੁਲਾਸਾ ਪੱਤਰਕਾਰ ਮਿਲਣੀ ’ਚ ਏ. ਡੀ. ਸੀ. ਪੀ. ਗੁਰਪ੍ਰੀਤ ਸਿੰਘ ਸਿਕੰਦ ਤੇ ਥਾਣਾ ਮੁਖੀ ਰਜਵੰਤ ਸਿੰਘ ਨੇ ਕੀਤਾ ਹੈ।
 ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਯਾਦਵ ਨਿਵਾਸੀ ਗਊਸ਼ਾਲਾ ਰੋਡ ਤੇ ਮੂਲ ਰੂਪ ਤੋਂ ਨਿਵਾਸੀ ਗੌਂਡਾ, ਯੂ. ਪੀ. ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਸ਼ਾਮ ਬਹਾਦਰ ਨੇ ਦੱਸਿਆ ਕਿ ਉਹ ਹੌਜ਼ਰੀ ਦੀਆਂ ਪੇਟੀਆਂ ਭਰਨ ਦਾ ਕੰਮ ਕਰਦਾ ਹੈ। ਬੁੱਧਵਾਰ ਰਾਤ ਨੂੰ ਉਸ ਦਾ ਬੇਟਾ ਫੈਕਟਰੀ ਤੋਂ ਕੰਮ ਖਤਮ ਕਰ ਕੇ ਘਰ ਵੱਲ ਜਾ ਰਿਹਾ ਸੀ। ਰਸਤੇ ’ਚ ਸੰਦੀਪ ਦੇ ਇਕ ਦੋਸਤ ਨੇ ਮੋਬਾਇਲ ’ਤੇ ਮੁਸੀਬਤ ’ਚ ਹੋਣ ਦੀ ਗੱਲ ਕਰ ਕੇ ਉਸ ਨੂੰ ਗੁਰੂ ਨਾਨਕ ਨਗਰ ਦੀ ਗਲੀ ਨੰ. 5 ’ਚ ਬੁਲਾਇਆ, ਜਿੱਥੇ ਅਮਿਤ, ਅਨਿਲ ਤੇ ਪੱਪੂ ਦੀ ਆਪਸ ’ਚ ਝਡ਼ਪ ਹੋ ਰਹੀ ਸੀ। ਸੰਦੀਪ ਮੌਕੇ ’ਤੇ ਪੁੱਜ ਗਿਆ। ਪੱਪੂ ਦੇ ਹੱਥ ’ਚ ਡੰਡਾ ਸੀ। ਪੱਪੂ ਦਾ ਭਿਆਨਕ ਰੂਪ ਦੇਖ ਕੇ ਸਾਰੇ ਉੱਥੋਂ ਭੱਜ ਗਏ, ਜਦੋਂਕਿ ਸੰਦੀਪ ਉਸ ਦੇ ਹੱਥੇ ਚਡ਼੍ਹ ਗਿਆ। ਪੱਪੂ ਨੇ ਡੰਡੇ ਨਾਲ ਸੰਦੀਪ ਦੇ ਸਿਰ ’ਚ ਕਈ ਵਾਰ ਕੀਤੇ। ਭਾਰੀ ਵਾਰ ਹੋਣ ਕਾਰਨ ਸੰਦੀਪ ਸਡ਼ਕ ’ਤੇ ਡਿੱਗ ਪਿਆ, ਜਿਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ,  ਜਿਥੇ  ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।
 ਥਾਣਾ ਮੁਖੀ ਰਜਵੰਤ ਸਿੰਘ ਨੇ ਦੱਸਿਆ ਕਿ ਸੰਦੀਪ ਤੇ ਦੋਸ਼ੀ ਧਿਰ ਆਪਸ ’ਚ ਰਿਸ਼ਤੇਦਾਰ ਹਨ। ਦੋਸ਼ੀ ਅਨਿਲ ਨੇ ਹੀ ਮੋਬਾਇਲ ਕਰ ਕੇ ਸੰਦੀਪ ਨੂੰ ਬੁਲਾਇਆ ਸੀ, ਜਿਸ ਤੋਂ ਬਾਅਦ ਦੋਸ਼ੀਆਂ ਨੇ ਸੰਦੀਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸ਼ਨੀਵਾਰ ਨੂੰ ਸਿਵਲ ਹਸਪਤਾਲ ’ਚ ਸੰਦੀਪ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ ਗਈ। ਪੁਲਸ ਨੇ ਸ਼ਾਮ ਬਹਾਦਰ ਦੇ ਬਿਆਨ ’ਤੇ ਪੱਪੂ ਵਰਮਾ, ਰਾਹੁਲ ਕੁਮਾਰ, ਸੰਜੇ ਵਰਮਾ ਤੇ ਅਨਿਲ ਕੁਮਾਰ ਖਿਲਾਫ ਕੇਸ ਦਰਜ ਕਰ ਲਿਆ ਹੈ। ਸਾਰੇ ਦੋਸ਼ੀਆਂ ਦੀ ਉਮਰ 20 ਤੋਂ 25 ਸਾਲ ਹੈ। ਸਾਰੇ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ ਅਦਾਲਤ ਸਾਹਮਣੇ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਹੈ। 


Related News