ਫੈਕਟਰੀ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

05/19/2020 2:23:01 AM

ਡੇਹਲੋਂ/ ਆਲਮਗੀਰ, (ਡਾ. ਪ੍ਰਦੀਪ)— ਥਾਣਾ ਡੇਹਲੋਂ ਅਧੀਨ ਪੈਂਦੇ ਆਲਮਗੀਰ ਨੇੜੇ ਸੋਮਵਾਰ ਇਕ ਫੈਕਟਰੀ ਦੇ ਗੋਦਾਮ ਨੂੰ ਲੱਗੀ ਅੱਗ ਨਾਲ ਗੋਦਾਮ 'ਚ ਪਿਆ ਪਲਾਸਟਿਕ ਦਾ ਸਕ੍ਰੈਪ ਸੜ੍ਹ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਡੇਹਲੋਂ-ਲੁਧਿਆਣਾ 4 ਮਾਰਗੀ ਸੜਕ ਦੇ ਨਜ਼ਦੀਕ ਆਲਮਗੀਰ ਨੇੜੇ ਸੋਮਵਾਰ ਸ਼ਾਮ ਲਗਭਗ 4 ਵਜੇ ਅੱਗ ਲੱਗੀ ਅੱਗ ਦੀ ਸੂਚਨਾ ਮਿਲਦਿਆ ਹੀ ਡੇਹਲੋਂ ਦੇ ਥਾਣਾ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਬਰਾੜ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਬੁਲਾਇਆ ਗਿਆ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। |
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਹਲੋਂ ਦੇ ਥਾਣਾ ਮੁਖੀ ਬਰਾੜ ਨੇ ਦੱਸਿਆ ਕਿ ਗੋਦਾਮ ਨੇੜਲੇ ਖੇਤ 'ਚ ਕਿਸਾਨ ਵਲੋਂ ਆਪਣੀ ਕਣਕ ਦੇ ਨਾੜ ਨੂੰ ਅੱਗ ਲਗਾਈ ਹੋਈ ਸੀ, ਜਿਸ ਤੋਂ ਤੇਜ਼ ਹਵਾ ਕਾਰਣ ਅੱਗ ਭੜਕ ਗਈ ਅਤੇ ਕੰਚਨ ਮੈਨੂਫੈਕਚਰਜ਼ ਐਂਡ ਟਰੇਡਰਜ਼ ਦੇ ਆਲਮਗੀਰ ਸਥਿਤ ਇਸ ਗੋਦਾਮ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਗੋਦਾਮ ਦੇ ਮਾਲਕ ਜਤਿੰਦਰ ਨਾਗਪਾਲ ਅਨੁਸਾਰ ਗੋਦਾਮ 'ਚ ਪਿਆ ਸਾਰਾ ਸਕ੍ਰੈਪ ਸੜ ਗਿਆ, ਜਿਸ ਨਾਲ ਉਨ੍ਹਾਂ ਦਾ 30-40 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਗੋਦਾਮ ਮਾਲਕ ਅਨੁਸਾਰ ਲਾਕਡਾਊਨ ਕਾਰਣ ਗੋਦਾਮ 'ਚ ਸਕ੍ਰੈਪ ਭਰਿਆ ਪਿਆ ਸੀ ਕਿਉਂਕਿ ਸਕ੍ਰੈਪ ਅੱਗੇ ਫੈਕਟਰੀ 'ਚ ਭੇਜਿਆ ਨਹੀਂ ਜਾ ਸਕਿਆ ਸੀ। ਜਾਣਕਾਰੀ ਅਨੁਸਾਰ ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਲੇਬਰ ਗੋਦਾਮ 'ਚੋਂ ਛਟਾਈ ਕਰ ਕੇ ਗੱਡੀ ਭਰਨ ਲੱਗੀ ਹੋਈ ਸੀ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧੀ ਤਫਤੀਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

KamalJeet Singh

This news is Content Editor KamalJeet Singh