ਜਨਰਲ ਸਟੋਰ 'ਚ ਲੱਗੀ ਭਿਆਨਕ ਅੱਗ, ਕਾਰ ਵੀ ਸੜੀ

07/08/2020 1:35:47 AM

ਮੋਗਾ, (ਆਜ਼ਾਦ)- ਬੀਤੀ ਦੇਰ ਰਾਤ ਥਾਣਾ ਸਿਟੀ ਅਧੀਨ ਪੈਂਦੇ ਇਲਾਕੇ ਆਰੀਆ ਸਕੂਲ ਰੋਡ ’ਤੇ ਅਰੋੜਾ ਜਨਰਲ ਸਟੋਰ ਦੀ ਦੁਕਾਨ ਨੂੰ ਭਿਆਨਕ ਅੱਗ ਲੱਗਣ ਕਾਰਨ ਜਿੱਥੇ ਦੁਕਾਨ ਵਿਚ ਪਿਆ ਸਾਮਾਨ ਸੜ ਗਿਆ, ਉਥੇ ਉਨ੍ਹਾਂ ਦੀ ਕਾਰ ਵੀ ਅੱਗ ਦੀ ਲਪੇਟ ’ਚ ਆਉਣ ਕਾਰਨ ਸੜ ਗਈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ ’ਤੇ ਡੀ. ਐੱਸ. ਪੀ. ਸਿਟੀ ਬਰਜਿੰਦਰ ਸਿੰਘ ਭੁੱਲਰ ਅਤੇ ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਇੰਸਪੈਕਟਰ ਕਰਮਜੀਤ ਸਿੰਘ ਗਰੇਵਾਲ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਦਮਕਲ ਮਹਿਕਮੇ ਨੂੰ ਸੂਚਿਤ ਕੀਤਾ, ਜਿਸ ’ਤੇ ਮਦਕਲ ਮਹਿਕਮੇ ਦੇ ਕਾਮੇ ਮਨਜਿੰਦਰ ਸਿੰਘ, ਵਿਕਰਮਜੀਤ ਸਿੰਘ, ਜਸਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਪਾਣੀ ਵਾਲੀਆਂ ਗੱਡੀਆਂ ਲੈ ਕੇ ਜਲਦੀ ਹੀ ਉਥੇ ਪੁੱਜ ਗਏ ਅਤੇ ਦੋ ਗੱਡੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ।

ਸਟੋਰ ਵਿਚ ਪਏ ਸਾਮਾਨ ਦਾ ਕਿੰਨਾਂ ਨੁਕਸਾਨ ਹੋਇਆ ਹੈ, ਇਸ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਪਤਾ ਲੱਗਾ ਹੈ ਕਿ ਉਕਤ ਅੱਗ ਬਿਜਲੀ ਸਰਕਟ-ਸ਼ਾਰਟ ਹੋਣ ਦੇ ਨਾਲ ਲੱਗੀ ਹੈ। ਦੁਕਾਨ ਦੇ ਮਾਲਕ ਹਰਮਨ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਦੁਕਾਨ ਵਿਚ ਪਿਆ ਕਰੀਬ ਇਕ ਲੱਖ ਰੁਪਏ ਦਾ ਸਾਮਾਨ ਅਤੇ ਕਾਰ ਸੜ ਗਈ।

Bharat Thapa

This news is Content Editor Bharat Thapa