ਗੋਲਡਨ ਸੈਂਡ ਸੁਸਾਇਟੀ ਦੇ ਕਿਰਾਏਦਾਰ ਨੌਜਵਾਨਾਂ ਵੱਲੋਂ ਸੁਰੱਖਿਆ ਗਾਰਡਾਂ ਦੀ ਕੁੱਟਮਾਰ, ਗੰਭੀਰ ਜ਼ਖਮੀ

01/31/2021 2:41:19 PM

ਜ਼ੀਰਕਪੁਰ (ਮੇਸ਼ੀ) - ਜ਼ੀਰਕਪੁਰ ਦੇ ਪਿੰਡ ਗਾਜੀਪੁਰ ਸਥਿਤ ਰਿਹਾਇਸ਼ੀ ਸੁਸਾਇਟੀ ਗੋਲਡਨ ਸੈਂਡ ’ਚ ਕਿਰਾਏ ਦੇ ਫਲੈਟ ’ਚ ਰਹਿੰਦੇ 2 ਨੌਜਵਾਨਾਂ ਸਣੇ ਉਨ੍ਹਾਂ ਦੇ ਦੋਸਤਾਂ ਵਲੋਂ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਕੇ ਸੁਰੱਖਿਆ ਗਾਰਡਾਂ ਨੂੰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੋਲਡਨ ਸੈਂਡ ਸੁਸਾਇਟੀ ਦੇ ਸੁਰੱਖਿਆ ਗਾਰਡ ਰਘਵੀਰ ਪੁੱਤਰ ਸ਼ੋਭਾ ਕਾਂਤ ਵਾਸੀ ਬਿਹਾਰ ਨੇ ਦੱਸਿਆ ਕਿ ਉਹ ਸੁਸਾਇਟੀ ਵਿੱਚ ਰਾਤ ਦੇ ਸਮੇਂ ਸੁਰੱਖਿਆ ਗਾਰਡ ਹਨ। ਸੁਸਾਇਟੀ ਦੇ ਵਸਨੀਕਾਂ ਵਲੋਂ ਬਣਾਏ ਨਿਯਮਾਂ ਅਨੁਸਾਰ ਪਿਛਲਾ ਗੇਟ ਸੁਰੱਖਿਆ ਦੇ ਮੱਦੇਨਜ਼ਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਬੰਦ ਰੱਖਿਆ ਜਾਂਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼

ਉਸ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ 12 ਵਜੇ ਸੁਸਾਇਟੀ ਵਿੱਚ ਏ-ਬਲਾਕ ਦੇ ਫਲੈਟ ਨੰਬਰ 402 ਦਾ ਵਸਨੀਕ ਆਪਣੇ ਦੋਸਤ ਨਾਲ ਪਿਛਲੇ ਗੇਟ ’ਤੇ ਆ ਕੇ ਗੇਟ ਖੋਲ੍ਹਣ ਲਈ ਕਹਿਣ ਲੱਗਿਆ। ਉਸ ਨੇ ਸੁਸਾਇਟੀ ਨਿਯਮਾਂ ਦਾ ਹਵਾਲਾ ਦੇਕੇ ਗੇਟ ਬੰਦ ਹੋਣ ਕਾਰਨ ਅਗਲੇ ਗੇਟ ਤੋਂ ਲੰਘਣ ਲਈ ਕਿਹਾ ਤਾਂ ਉਨ੍ਹਾਂ ਨੇ ਗੁੱਸੇ ਵਿੱਚ ਭੜਕਦਿਆਂ ਗਾਰਡਾਂ ਦੀ ਡੰਡਿਆਂ ਅਤੇ ਲੋਹੇ ਦੀ ਰਾੜ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਗਾਰਡਾਂ ਨੇ ਰੌਲਾ ਪਾਇਆ ਤਾਂ ਦੂਜੇ ਗੇਟ ਦੇ ਸੁਰੱਖਿਆ ਗਾਰਡ ਅਮਰਨਾਥ ਪੁੱਤਰ ਕੇਦਾਰ ਮੌਕੇ ’ਤੇ ਪੁੱਜਾ, ਜਿਸ ਦੀ ਵੀ ਕੁੱਟਮਾਰ ਕਰ ਦਿੱਤੀ। ਹਮਲਵਾਰਾਂ ਨੇ ਆਪਣੇ ਦੋ ਹੋਰ ਸਾਥੀ ਸੱਦ ਲਏ, ਜਿਨ੍ਹਾਂ ਨੇ ਪਿਛਲੇ ਗੇਟ ਦੀ ਭੰਨਤੋੜ ਕੀਤੀ। 

ਪੜ੍ਹੋ ਇਹ ਵੀ ਖ਼ਬਰ - ਜੇਕਰ ਤੁਸੀਂ ਤੇ ਤੁਹਾਡੇ ਬੱਚੇ ਵੀ ਦੇਰ ਰਾਤ ਤੱਕ ਕਰਦੇ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਦੂਜੇ ਪਾਸੇ ਸੁਸਾਇਟੀ ਵਿੱਚ ਰੌਲਾ ਪੈਣ ’ਤੇ ਹਮਲਾਵਰ ਉਨ੍ਹਾਂ ਨੂੰ ਜਾਨੋਂ ਮਾਰਨ ਦੀਆ ਧਮਕੀਆ ਦਿੰਦੇ ਹੋਏ, ਉੱਥੋਂ ਫਰਾਰ ਹੋਣ ਵਿੱਚ ਕਾਮਯਾਬ ਰਹੇ। ਜ਼ਖਮੀ ਹੋਏ ਗਾਰਡਾਂ ਨੂੰ ਸੁਸਾਇਟੀ ਦੇ ਲੋਕਾਂ ਨੇ ਹਸਪਤਾਲ ਪਹੁੰਚਾਇਆ, ਜਿੱਥੇ ਜੇਰੇ-ਇਲਾਜ ਹਨ। ਇਸ ਤੋਂ ਇਲਾਵਾ ਸੁਸਾਇਟੀ ਦੇ ਵਸਨੀਕਾਂ ਨੇ ਉਕਤ ਨੌਜਵਾਨਾਂ ਖ਼ਿਲਾਫ਼ ਲਿਖਤੀ ਸ਼ਿਕਾਇਤ ਦੇ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਅਜਿਹੇ ਅਨਸਰਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਉਹ ਮੁੱਖ ਸੜਕ ’ਤੇ ਧਰਨਾ ਦੇਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਸਬੰਧੀ ਢਕੋਲੀ ਥਾਣਾ ਦੇ ਇੰਚਾਰਜ਼ ਦੀਪਇੰਦਰ ਸਿੰਘ ਬਰਾੜ ਨੇ ਕਿਹਾ ਕਿ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ ਅਤੇ ਡਾਕਟਰੀ ਰਿਪੋਰਟ ਮਿਲਣ ਉਪਰੰਤ ਬਣਦੀ ਧਾਰਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਕਿਸਾਨੀ ਅੰਦੋਲਨ ’ਚ ਗਏ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਕਰਨਬੀਰ ਸਿੰਘ ਦੀ ਮੌਤ 

rajwinder kaur

This news is Content Editor rajwinder kaur