ਅਧਿਆਪਕ ਨਵਚਰਪ੍ਰੀਤ ਕੌਰ ਨੂੰ ਮੁਅੱਤਲ ਕਰਨ ’ਤੇ ਅਧਿਆਪਕਾਂ ’ਚ ਰੋਸ

02/05/2020 6:08:50 PM

ਲੰਬੀ/ਮਲੋਟ (ਜੁਨੇਜਾ) - ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਲਾਕ ਲੰਬੀ ਇਕਾਈ ਵਲੋਂ ਮਹਿਲਾ ਅਧਿਆਪਕ ਆਗੂ ਨੂੰ ਮੁਅੱਤਲ ਕਰਨ ਦੀ ਵੱਡੀ ਗਿਣਤੀ ’ਚ ਇਕੱਠੇ ਹੋਏ ਅਧਿਆਪਕਾਂ ਵਲੋਂ ਕਰੜ੍ਹੇ ਸ਼ਬਦਾਂ ’ਚ ਨਿੰਦਾ ਕੀਤੀ ਗਈ ਹੈ। ਰੋਸ ਪ੍ਰਗਟ ਕਰ ਰਹੀਆਂ ਅਧਿਆਪਕਾਂ ਨੇ ਕਿਹਾ ਕਿ ਸਿੱਖਿਆ ਸਕੱਤਰ ਵਲੋਂ ਅਧਿਆਪਕਾਂ ਦੀ ਆਵਾਜ਼ ਨੂੰ ਦਬਾਉਣ ਲਈ ਕੀਤੀ ਗਈ ਕਾਰਵਾਈ ਮੰਦਭਾਗੀ ਹੈ, ਜਿਸ ਕਾਰਨ ਸਮੁੱਚੇ ਅਧਿਆਪਕ ਵਰਗ ’ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਬਲਾਕ ਪ੍ਰਧਾਨ ਕੁਲਦੀਪ ਸ਼ਰਮਾ ਖੁੱਡੀਆਂ ਅਤੇ ਸਕੱਤਰ ਤਰਸੇਮ ਸਿੰਘ ਬਨਵਾਲਾ ਨੇ ਕਿਹਾ ਕਿ ਬਠਿੰਡਾ ਵਿਚ ਸਕੂਲ ਮੁਖੀਆਂ ਦੀ ਮੀਟਿੰਗ ਦੌਰਾਨ ਅਧਿਆਪਕ ਜਥੇਬੰਦੀ ਡੀ. ਟੀ. ਐੱਫ. ਵੱਲੋਂ ਪੁਲਸ ਪ੍ਰਸ਼ਾਸਨ ਰਾਹੀਂ ਅਧਿਆਪਕਾਂ ਦੇ ਮਸਲਿਆਂ ਬਾਰੇ ਗੱਲਬਾਤ ਕਰਨ ਲਈ ਸਿੱਖਿਆ ਸਕੱਤਰ ਤੋਂ ਸਮਾਂ ਲਿਆ ਗਿਆ। ਸਬੰਧਤ ਅਧਿਕਾਰੀ ਨੇ ਅਧਿਆਪਕ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਦੀ ਬਜਾਏ ਪਿਛਲੇ ਦਰਵਾਜ਼ੇ ਨਿਕਲ ਜਾਣਾ ਬਿਹਤਰ ਸਮਝਿਆ, ਜਿਸ ਕਾਰਨ ਅਧਿਆਪਕਾਂ ਨੇ ਰੋਸ ਪ੍ਗਟ ਕਰਦੇ ਹੋਏ ਨਾਅਰੇਬਾਜ਼ੀ ਕੀਤੀ।

ਇਸ ਰੋਸ ਵਿਚ ਛੁੱਟੀ ਲੈ ਕੇ ਸ਼ਾਮਲ ਹੋਈ ਅਧਿਆਪਕ ਆਗੂ ਨਵਚਰਨਪ੍ਰੀਤ ਕੌਰ ਦੇ ਸਕੂਲ ’ਚ ਹਾਜ਼ਰੀ ਰਜਿਸਟਰ ਵਿਚ ਛੁੱਟੀ ਭਰੀ ਹੋਣ ਦੇ ਬਾਵਜੂਦ ਸਿੱਖਿਆ ਸਕੱਤਰ ਨੇ ਸਕੂਲ ਚੈੱਕ ਕਰਨ ਪਿੱਛੋਂ ਤਾਨਾਸ਼ਾਹੀ ਢੰਗ ਨਾਲ ਉਸ ਨੂੰ ਜ਼ਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਬਠਿੰਡਾ ਰਾਹੀਂ ਮੁਅੱਤਲ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਵੱਲੋਂ ਬਿਨਾਂ ਵਜ੍ਹਾ ਅਧਿਆਪਕ ਵਰਗ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਸਕੂਲਾਂ ਦੇ ਮਾਹੌਲ ਨੂੰ ਖਰਾਬ ਕਰਨ ਲਈ ਉਹ ਨਿੱਤ ਨਵੇਂ ਤਜਰਬੇ ਆਪਣਾ ਰਹੇ ਹਨ। ਅਧਿਆਪਕਾਂ ਦੇ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਬਜਾਏ ਇਸ ਅਧਿਕਾਰੀ ਨੇ ਹਮੇਸ਼ਾ ਬਦਲੀਆਂ, ਮੁਅੱਤਲੀਆਂ ਅਤੇ ਵਿਕਟੇਮਾਈਜ਼ੇਸ਼ਨਾਂ ਦਾ ਰਾਹ ਅਖਤਿਆਰ ਕੀਤਾ ਹੈ ਜਿਸ ਨੂੰ ਅਧਿਆਪਕ ਸਹਿਣ ਨਹੀਂ ਕਰਨਗੇ। ਉਨ੍ਹਾਂ ਸਮੂਹ ਅਧਿਆਪਕਾਂ ਨੂੰ 8 ਫਰਵਰੀ ਨੂੰ ਸੰਗਰੂਰ ਸੂਬਾਈ ਰੈਲੀ ’ਚ ਪਹੁੰਚਣ ਦੀ ਅਪੀਲ ਕੀਤੀ ਤਾਂ ਕਿ ਸਿੱਖਿਆ ਸਕੱਤਰ ਦੇ ਅਧਿਆਪਕ ਵਿਰੋਧੀ ਰਵੱਈਏ ਦਾ ਮੋਡ਼ਵਾਂ ਜਵਾਬ ਦਿੱਤਾ ਜਾ ਸਕੇ। ਇਸ ਸਮੇਂ ਵਿੱਤ ਸਕੱਤਰ ਜਸਵਿੰਦਰ ਖੁੱਡੀਆ, ਗਗਨ ਧਾਲੀਵਾਲ, ਸੁਖਦੇਵ ਕੰਬੋਜ, ਜਸਕੌਲਪ੍ਰੀਤ, ਗੁਰਪ੍ਰੀਤ ਲੰਬੀ, ਗੁਰਸੇਵਕ ਚੰਨੂੰ, ਹਰਦੀਪ ਬਾਦਲ ਆਦਿ ਅਧਿਆਪਕ ਆਗੂ ਹਾਜ਼ਰ ਸਨ।


rajwinder kaur

Content Editor

Related News