ਦੋਸਤ ਨੂੰ ਏਅਰਪੋਰਟ ਤੋਂ ਲੈਣ ਜਾ ਰਹੇ ਨੌਜਵਾਨ ਹੋਏ ਲੁੱਟ ਦਾ ਸ਼ਿਕਾਰ, ਖੋਹੀ ਕਾਰ ਤੇ ਨਕਦੀ

03/16/2020 6:32:41 PM

ਤਪਾ ਮੰਡੀ (ਸ਼ਾਮ, ਗਰਗ) - ਕੈਨੇਡਾ ਤੋਂ ਆ ਰਹੇ ਦੋਸਤ ਨੂੰ ਦਿੱਲੀ ਏਅਰਪੋਰਟ ਤੋਂ ਲੈਣ ਜਾ ਰਹੇ ਇਕ ਵਿਅਕਤੀ ਨੂੰ ਕਾਰ ’ਚ ਸਵਾਰ 5 ਨਕਾਬਪੋਸ਼ ਲੁਟੇਰਿਆਂ ਵਲੋਂ ਆਪਣਾ ਸ਼ਿਕਾਰ ਬਣਾ ਲੈਣ ਦੀ ਸੂਚਨਾ ਮਿਲੀ ਹੈ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਉਕਤ ਲੁਟੇਰੇ ਕਾਰ, ਨਕਦੀ ਅਤੇ ਜ਼ਰੂਰੀ ਕਾਗਜ਼ਾਤ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਪੀੜਤ ਰੋਹਿਤ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਤਪਾ ਨੇ ਦੱਸਿਆ ਕਿ ਉਹ ਡਰਾਈਵਰ ਮਨਿੰਦਰ ਸਿੰਘ ਨਾਲ ਆਪਣੇ ਦੋਸਤ ਇਕਬਾਲ ਸਿੰਘ, ਜੋ ਕੈਨੇਡਾ ਤੋਂ ਆ ਰਿਹਾ ਸੀ, ਨੂੰ 9 ਮਾਰਚ ਨੂੰ ਦਿੱਲੀ ਏਅਰਪੋਰਟ ਤੋਂ ਲੈਣ ਜਾ ਰਹੇ ਸੀ। ਰੋਹਤਕ ਨਜ਼ਦੀਕ ਖਲਾਵੜ ਪੁਲ ਨੇੜੇ ਪੁੱਜੇ ਤਾਂ ਉਹ ਉੱਤਰ ਕੇ ਪਿਸ਼ਾਬ ਕਰਨ ਲੱਗ ਪਏ। ਇਸ ਦੌਰਾਨ ਜਦੋਂ ਉਹ ਅੱਗੇ ਚੱਲਣ ਲੱਗੇ ਤਾਂ ਇਕ ਸਵਿਫਟ ਡਿਜ਼ਾਇਰ ਕਾਰ, ਜਿਸ ’ਚ ਪੰਜ ਨਕਾਬਪੋਸ਼ ਲੁਟੇਰੇ ਸਵਾਰ ਸਨ, ਨੇ ਸਾਡੀ ਕਾਰ ਨੂੰ ਰੋਕ ਲਿਆ।

ਲੁਟੇਰਿਆਂ ਨੇ ਆਪਣੀ ਕਾਰ ਸਾਡੀ ਕਾਰ ਦੇ ਅੱਗੇ ਖੜ੍ਹੀ ਕਰ ਲਈ, ਜਿਸ ਦੌਰਾਨ ਇਕ ਲੁਟੇਰਾ ਕਾਰ ’ਚ ਬੈਠਾ ਰਿਹਾ, ਇਕ ਅਗਲੇ ਸ਼ੀਸ਼ੇ ਕੋਲ, ਇਕ ਡਰਾਈਵਰ ਸ਼ੀਸ਼ੇ ਅਤੇ 2 ਲੁਟੇਰਿਆਂ ਨੇ ਕੰਡਕਟਰ ਸਾਈਡ ’ਤੇ ਖੜ੍ਹ ਕੇ ਉਨ੍ਹਾਂ ’ਤੇ ਪਿਸਤੌਲ ਤਾਣ ਲਈ। ਉਕਤ ਲੁਟੇਰਿਆਂ ਨੇ ਕਿਹਾ ਜੋ ਕੁਝ ਹੈ ਦੇ ਦਿਉ, ਉਨ੍ਹਾਂ ਜੇਬ ’ਚੋਂ ਕੱਢੇ ਪਰਸ ਜਿਸ ’ਚ 6-7 ਹਜ਼ਾਰ ਰੁਪਏ ਨਕਦ, ਚਾਰ ਮੋਬਾਇਲਾਂ ਤੋਂ ਇਲਾਵਾ ਏ. ਟੀ. ਐੱਮ. ਕਾਰਡ, ਡਰਾਈਵਿੰਗ ਲਾਇਸੈਂਸ, ਦਫਤਰੀ ਕਾਰਡ, ਆਧਾਰ ਕਾਰਡ, ਪੈਨ ਕਾਰਡ ਆਦਿ ਕਾਗਜ਼ਾਤ ਲੈ ਲਏ। ਲੁਟੇਰਿਆਂ ਵਲੋਂ ਹਵਾਈ ਫਾਇਰ ਕਰਨ ਕਰਕੇ ਘਬਰਾਏ ਹੋਏ ਰੋਹਿਤ ਕੁਮਾਰ ਅਤੇ ਡਰਾਈਵਰ ਕਾਰ ’ਚੋਂ ਉੱਤਰ ਗਏ, ਜਿਸ ਤੋਂ ਬਾਅਦ ਲੁਟੇਰੇ ਉਨ੍ਹਾਂ ਦੀ ਕਾਰ ਲੈ ਕੇ ਫਰਾਰ ਹੋ ਗਏ।

ਰਾਤ ਦਾ ਸਮਾਂ ਹੋਣ ਕਾਰਣ ਉਹ ਇਕ ਨਜ਼ਦੀਕੀ ਢਾਬੇ ’ਤੇ ਪਹੁੰਚ ਗਏ, ਜਿਥੇ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਢਾਬਾ ਮਾਲਕ ਉਨ੍ਹਾਂ ਵਿਅਕਤੀ ਦੇ ਨਾਲ ਜਾ ਕੇ ਪੁਲਸ ਚੌਕੀ ਖਲਾਵੜ ਪਹੁੰਚ ਗਿਆ, ਜਿਥੇ ਉਨ੍ਹਾਂ ਨੇ ਸਾਰੀ ਕਹਾਣੀ ਦੱਸੀ ਪਰ ਪੁਲਸ ਨੇ ਇਕ ਸਾਦੇ ਕਾਗਜ ’ਤੇ ਸ਼ਿਕਾਇਤ ਦਰਜ ਕਰ ਲਈ। ਹਰਿਆਣਾ ਪੁਲਸ ਮਾਮਲਾ ਦਰਜ ਕਰਨ ਤੋਂ ਗੁਰੇਜ਼ ਕਰ ਰਹੀ ਸੀ ਪਰ ਪੁਲਸ ਅਧਿਕਾਰੀਆਂ ਦੇ ਦਬਾਅ ਕਾਰਣ ਦਰਜ ਹੋ ਪਾਇਆ।
 


rajwinder kaur

Content Editor

Related News