ਆਵਾਰਾ ਪਸ਼ੂਆਂ ਦੀ ਭਰਮਾਰ, ਕਿਸਾਨਾਂ ਅਤੇ ਰਾਹਗੀਰਾਂ ਲਈ ਬਣੀ ਮੁਸੀਬਤ

02/03/2020 4:18:10 PM

ਤਪਾ ਮੰਡੀ (ਮਾਰਕੰਡਾ) : ਸ਼ਹਿਰ 'ਚ 2 ਵੱਡੀਆਂ ਗਊਸ਼ਾਲਾਵਾਂ ਹੋਣ ਦੇ ਬਾਵਜੂਦ ਇਨ੍ਹਾਂ ਬੇਮੁਹਾਰੇ ਡੰਗਰਾਂ ਦੀ ਗਿਣਤੀ ਮੇਨ ਰੋਡ ਸਮੇਤ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ ਅਤੇ ਸੜਕਾਂ 'ਤੇ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਲਾਵਾਰਸ ਘੁੰਮਦੇ ਪਸ਼ੂਆਂ ਨੇ ਆਮ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਸ਼ਹਿਰ ਅਤੇ ਮੇਨ ਸੜਕ 'ਤੇ ਕੋਈ ਨਾ ਕੋਈ ਦੁਰਘਟਨਾ ਅਕਸਰ ਵਾਪਰਦੀ ਹੀ ਰਹਿੰਦੀ ਹੈ। ਕਈ ਵਾਰ ਤੇਜ਼ ਰਫ਼ਤਾਰ ਵਾਹਨਾਂ ਅੱਗੇ ਆ ਕੇ ਇਹ ਆਵਾਰਾ ਪਸ਼ੂ ਮਰ ਜਾਂਦੇ ਹਨ। ਮੁਰਦਾ ਪਸ਼ੂਆਂ ਨੂੰ ਹੱਡਾ-ਰੋੜੀ 'ਚ ਲਿਜਾਣ ਵਾਲਾ ਵੀ ਕੋਈ ਵੀ ਨਹੀਂ ਆਉਂਦਾ।

ਹਾਲਾਂਕਿ ਪੰਜਾਬ ਸਰਕਾਰ ਨਗਰ ਕੌਂਸਲਾਂ ਲਈ ਲੋਕਾਂ ਤੋਂ ਗਊਸੈੱਸ ਦੇ ਨਾਂ 'ਤੇ ਲੱਖਾਂ ਰੁਪਏ ਇਕੱਠੇ ਕਰ ਕੇ ਦਿੰਦੀ ਹੈ ਪਰ ਪਸ਼ੂਆਂ ਦੀ ਰੋਕਥਾਮ ਅਤੇ ਸਾਂਭ-ਸੰਭਾਲ ਲਈ ਸੂਬਾ ਸਰਕਾਰ ਵੱਲੋਂ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ। ਨਗਰ ਕੌਂਸਲ ਕੋਲ ਕੋਈ ਢੁੱਕਵੀਂ ਥਾਂ ਹੱਡਾ-ਰੋੜੀ ਨਾ ਹੋਣ ਕਰਕੇ ਮੁਰਦਾ ਪਸ਼ੂਆਂ ਨੂੰ ਵਿਲੇ ਲਾਉਣ ਲਈ ਬਾਹਰਲੀਆਂ ਹੱਡਾ-ਰੋੜੀਆਂ ਦੇ ਠੇਕੇਦਾਰਾਂ ਨੂੰ ਪੈਸੇ ਦੇ ਕੇ ਸੱਦਣਾ ਪੈਂਦਾ ਹੈ। ਸ਼ਰੇਆਮ ਆਵਾਰਾ ਘੁੰਮਦੇ ਪਸ਼ੂਆਂ ਦੀ ਔਖ ਸਿਰਫ ਗਲੀ ਮੁਹੱਲੇ ਦੇ ਬਸ਼ਿੰਦਿਆਂ ਨੂੰ ਹੀ ਨਹੀਂ ਸਗੋਂ ਇਹ ਸੜਕ ਹਾਦਸਿਆਂ ਦਾ ਵੀ ਸਬੱਬ ਬਣਦੀ ਹੈ। ਇਸ ਤੋਂ ਇਲਾਵਾ ਪਸ਼ੂਆਂ ਨੇ ਕਿਸਾਨਾਂ ਦੀ ਜਾਨ ਵੀ ਕੁੜਿੱਕੀ 'ਚ ਫਸਾ ਰੱਖੀ ਹੈ ਅਤੇ ਆਪਣੀਆਂ ਫਸਲਾਂ ਨੂੰ ਉਜਾੜੇ ਤੋਂ ਬਚਾਉਣ ਲਈ ਰਾਤਾਂ ਨੂੰ ਪਹਿਰੇ ਦੇਣੇ ਪੈਂਦੇ ਹਨ। ਇਹ ਸਮੱਸਿਆ ਭਾਵੇਂ ਰਾਸ਼ਟਰ ਪੱਧਰ ਦੀ ਹੈ ਅਤੇ ਗਊਆਂ ਪ੍ਰਤੀ ਧਾਰਮਕ ਆਸਥਾ ਵੀ ਇਕ ਵੱਡਾ ਮੁੱਦਾ ਹੈ ਪਰ ਦਿਨ-ਬ-ਦਿਨ ਵਧਦੀ ਜਾ ਰਹੀ ਹੈ, ਇਸ ਉਲਝਣ ਦਾ ਹੱਲ ਤਾਂ ਸਰਕਾਰਾਂ ਨੂੰ ਆਖਰ ਨੂੰ ਲੱਭਣਾ ਹੀ ਪਵੇਗਾ।

cherry

This news is Content Editor cherry