ਸਫਾਈ ਪੱਖੋਂ ਤਪਾ ਮੰਡੀ ਨੂੰ ਨਮੂਨੇ ਦੇ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇਗਾ : ਅਨਿਲ ਕੁਮਾਰ

04/27/2021 11:45:36 AM

ਤਪਾ ਮੰਡੀ (ਸ਼ਾਮ, ਗਰਗ)-ਨਗਰ ਕੌਂਸਲ ਤਪਾ ਮੰਡੀ ਦੇ ਨਵ-ਨਿਯੁਕਤ ਪ੍ਰਧਾਨ ਅਨਿਲ ਕੁਮਾਰ ਭੂਤ (ਕਾਲਾ) ਅਤੇ ਮੀਤ ਪ੍ਰਧਾਨ ਸੋਨਿਕਾ ਬਾਂਸਲ ਦੇ ਪਤੀ ਡਾ. ਬਾਲ ਚੰਦ ਬਾਂਸਲ ਵੱਲੋਂ ਆਪਣੀ ਸਮੂਹ ਟੀਮ ਨਾਲ ਸ਼ਹਿਰ ਅੰਦਰ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਤਪਾ ਮੰਡੀ ਦਾ ਰੇਲਵੇ ਸਟੇਸ਼ਨ, ਜਿਸ ਉਪਰੋਂ ਹਰ ਰੋਜ਼ ਹਜ਼ਾਰਾਂ ਯਾਤਰੀ ਲੰਘਦੇ ਹਨ, ਨੂੰ ਸਾਫ-ਸੁਥਰਾ ਬਣਾ ਕੇ ਰੱਖਣ ਨਾਲ ਜਿਥੇ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ, ਉਥੇ ਹੀ ਇਸ ਦੀ ਸਾਫ-ਸਫਾਈ ਕਾਰਨ ਸ਼ਹਿਰ ਦਾ ਨਾਂ ਸਫਾਈ ਵਾਲੇ ਸ਼ਹਿਰਾਂ ਦੀ ਸੂਚੀ ’ਚ ਆਉਣ ਲੱਗ ਪਵੇਗਾ। ਇਸ ਤੋਂ ਇਲਾਵਾ ਸ਼ਹਿਰ ਦੀਆਂ ਸਰਕਾਰੀ ਸੰਸਥਾਵਾਂ ਨੂੰ ਸਾਫ-ਸੁਥਰਾ ਰੱਖਿਆ ਜਾਵੇਗਾ, ਜਿਸ ਦੀ ਸ਼ੁੁਰੂਆਤ ਡਾਕਘਰ ਚੌਕ ਤੋਂ ਕਰ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਨਮੂਨੇ ਦੇ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇਗਾ, ਜਿਸ ਨਾਲ ਕਿਸੇ ਵੀ ਵਾਰਡ ਜਾਂ ਵਿਅਕਤੀ ਵਿਸ਼ੇਸ਼ ਨਾਲ ਕੋਈ ਭੇਦਭਾਵ ਨਹੀਂ ਰੱਖਿਆ ਜਾਵੇਗਾ ਕਿਉਂਕਿ ਸ਼ਹਿਰ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਹੋਣ ਦੇ ਨਾਤੇ ਸਾਡਾ ਮੁੱਢਲਾ ਫਰਜ਼ ਬਣਦਾ ਹੈ ਕਿ ਚੋਣ ਸਮੇਂ ਜਾਂ ਚੋਣਾਂ ਤੋਂ ਪਹਿਲਾਂ ਹੋਈਆਂ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਭੁੱਲ ਕੇ ਹਰ ਕਿਸੇ ਨਾਲ ਆਪਣੇ ਹੋਣ ਦਾ ਸਬੂਤ ਦੇ ਕੇ ਅਪਣੇ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਾਂਗੇ। ਉਨ੍ਹਾਂ ਸਫਾਈ ਸੇਵਕਾਂ ਨੂੰ ਕਿਹਾ ਕਿ ਕੋਵਿਡ-19 ਕਾਰਨ ਬੇਸ਼ੱਕ ਉਨ੍ਹਾਂ ਨੂੰ ਅਪਣੀ ਡਿਊਟੀ ਫਰੰਟ ਲਾਈਨ ’ਤੇ ਹੋ ਕੇ ਨਿਭਾਉਣੀ ਪਵੇਗੀ ਪਰ ਸਾਫ-ਸਫਾਈ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਦਾ ਖਿਆਲ ਵੀ ਰੱਖਿਆ ਜਾਵੇਗਾ। ਆਉਣ ਵਾਲੇ ਦਿਨਾਂ ’ਚ ਇਨ੍ਹਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੀ ਮੁਹੱਈਆਂ ਕਰਵਾਏ ਜਾਣਗੇ।

ਉਨ੍ਹਾਂ ਦੁੁਕਾਨਦਾਰਾਂ ਸਮੇਤ ਸਮੁੱਚੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰਾਂ ਅਤੇ ਦੁਕਾਨਾਂ ਮੂਹਰੇ ਰੱਖੇ ਡਸਟਬਿਨਾਂ ’ਚ ਕੂੜਾ ਪਾਉਣ, ਜਿਸ ਨਾਲ ਅਸੀਂ ਆਪਣੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਦਾ ਫਰਜ਼ ਨਿਭਾ ਸਕੀਏ। ਸਿਟੀ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸਤਪਾਲ ਗੋਇਲ ਨੇ ਪ੍ਰਧਾਨ ਅਤੇ ਮੀਤ ਪ੍ਰਧਾਨ ਵੱਲੋਂ ਚਲਾਈ ਸਫਾਈ ਮੁਹਿੰਮ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਕਂੌਸਲਰ ਰਣਜੀਤ ਲਾਡੀ, ਕੌਂਸਲਰ ਡਾ. ਲਾਭ ਸਿੰਘ ਚਹਿਲ, ਟਰੱਕ ਯੂਨੀਅਨ ਦੇ ਪ੍ਰਧਾਨ ਅਸ਼ੋੋਕ ਕੁਮਾਰ ਭੂਤ, ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਭੋਲੂ ਰਾਮ, ਸਾਬਕਾ ਪ੍ਰਧਾਨ ਮਦਨ ਲਾਲ ਗਰਗ, ਐਡਵੋਕੇਟ ਨਿਰਭੈ ਸਿੰਘ ਸਿੱਧੂ, ਦੀਪਕ ਗੱਗ ਕੇਬਲ ਵਾਲਾ, ਜਗਦੇਵ ਸਿੰਘ ਜੱਗਾ, ਸੰਜੀਵ ਕੁਮਾਰ ਟਾਂਡਾ, ਪਵਨ ਕੁਮਾਰ ਬਤਾਰਾ, ਪਵਨ ਕੁਮਾਰ ਅਰੋੜਾ, ਸਫਾਈ ਇੰਸਪੈਕਟਰ ਅਮਨਦੀਪ ਸ਼ਰਮਾ ਆਦਿ ਮੰਡੀ ਨਿਵਾਸੀ, ਸਮੂਹ ਨਗਰ ਕੌਂਸਲ ਦੇ ਕਰਮਚਾਰੀ ਅਤੇ ਸਫਾਈ ਸੇਵਕ ਹਾਜ਼ਰ ਸਨ। 


Manoj

Content Editor

Related News