ਗੱਤਕਾ ਨੂੰ ਪੇਟੈਂਟ ਕਰਾਉਣ ਸਬੰਧੀ ਦਸਤਾਵੇਜ਼ਾਂ ਨਾਲ ਕੀਤੀ ਛੇਡ਼ਛਾਡ਼ : ਗਰੇਵਾਲ

03/24/2019 2:43:36 AM

ਚੰਡੀਗਡ਼੍ਹ, (ਰਮਨਜੀਤ)- ਗੱਤਕਾ ਨੂੰ ਟਰੇਡ ਮਾਰਕ ਕਾਨੂੰਨ ਤਹਿਤ ਪੇਟੈਂਟ ਕਰਵਾਉਣ ਵਿਰੁੱਧ ਦੇਸ਼-ਵਿਦੇਸ਼ ਵਿਚ ਵਸਦੇ ਸਮੁੱਚੇ ਸਿੱਖਾਂ ਅਤੇ ਗੱਤਕਾ ਜਥੇਬੰਦੀਆਂ ਪੂਰਨ ਰੋਹ ਵਿਚ ਹਨ। ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਸਬੰਧਤ ਵਿਅਕਤੀ ਨੂੰ ਤਲਬ ਕਰਨ ਅਤੇ ਇਸ ਪੇਟੈਂਟ ਨੂੰ ਤੁਰੰਤ ਰੱਦ ਕਰਵਾਉਣ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਕੋਲ ਵੀ ਪਹੁੰਚ ਚੁੱਕੀ ਹੈ ਪਰ ਇਸੇ ਦੌਰਾਨ ਪੇਟੈਂਟ ਕਰਵਾਉਣ ਵਾਲੀ ਕੰਪਨੀ ਅਤੇ ਉਸ ਦੇ ਮਾਲਕ ਵੱਲੋਂ ਦਿੱਲੀ ਵਿਚ 20 ਕਰੋਡ਼ ਰੁਪਏ ਖਰਚ ਕੇ ਗੱਤਕੇ ਦੀ ਵਰਲਡ ਲੀਗ ਕਰਾਉਣ, ਜਾਅਲੀ ਬੁਕਿੰਗ ਦੀਆਂ ਰਸੀਦਾਂ ਛਾਪਣ ਅਤੇ ਕੰਪਨੀਆਂ ਸਥਾਪਤ ਕਰਨ ਨੂੰ ਲੈ ਕੇ ਕਾਫੀ ਨਵੇਂ ਰਾਜ਼ ਸਾਹਮਣੇ ਆਏ ਹਨ।
  ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ (ਸਟੇਟ ਐਵਾਰਡੀ) ਨੇ ਦੱਸਿਆ ਕਿ ਦਿੱਲੀ ਦੇ ਜਿਸ ਸ਼ਖਸ, ਹਰਪ੍ਰੀਤ ਸਿੰਘ ਖਾਲਸਾ ਨੇ ਟਰੇਡ ਮਾਰਕ ਕਾਨੂੰਨ ਤਹਿਤ ਗੱਤਕਾ ਅਤੇ ਸਿੱਖ ਯੁੱਧ ਕਲਾ ਨੂੰ ਪੇਟੈਂਟ ਕਰਵਾਇਆ ਹੈ ਉਸ ਵਲੋਂ 22  ਤੋਂ 28 ਮਾਰਚ ਤੱਕ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਜਨਤਕ ਤੌਰ ’ਤੇ ਐਲਾਨੀ ਵਰਲਡ ਗੱਤਕਾ ਲੀਗ ਕਰਵਾਉਣਾ ਵੀ ਇੱਕ ਕੋਰਾ ਝੂਠ ਸਾਬਤ ਹੋਇਆ ਹੈ। ਕਿਉਂਕਿ ਸਬੰਧਤ ਵਿਅਕਤੀ ਵਲੋਂ ਆਪਣੀ ਵੈੱਬਸਾਈਟ ’ਤੇ ਸਟੇਡੀਅਮ ਬੁੱਕ ਕੀਤੇ ਜਾਣ ਸਬੰਧੀ ਰਸੀਦਾਂ ਵੀ ਅਪਲੋਡ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਵੈਰੀਫਾਈ ਕੀਤੇ ਜਾਣ ’ਤੇ ਸਪੋਰਟਸ ਅਥਾਰਟੀ ਆਫ਼ ਇੰਡੀਆ ਨੇ ਸਪੱਸ਼ਟ ਕੀਤਾ ਹੈ ਕਿ ਉਕਤ ਸਟੇਡੀਅਮ ਵਿਚ ਕੋਈ ਬੁਕਿੰਗ ਨਹੀਂ ਹੋਈ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਗੱਤਕਾ, ਜੋ ਕਿ ਓਲੰਪਿਕ ਸਪੋਰਟਸ ਨਹੀਂ ਹੈ, ਲਈ ਸਟੇਡੀਅਮ ਕਿਸੇ ਵੀ ਹਾਲਤ ਵਿਚ ਬੁੱਕ ਨਹੀਂ ਕੀਤਾ ਜਾ ਸਕਦਾ। 
 ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਟਰੇਡ ਮਾਰਕ ਅਥਾਰਟੀ ਤੋਂ ਆਰ.ਟੀ.ਆਈ. ਰਾਹੀਂ ਗੱਤਕਾ ਅਤੇ ਸਿੱਖ ਯੁੱਧ ਕਲਾ ਨੂੰ ਪੇਟੈਂਟ ਕਰਵਾਉਣ ਸਬੰਧੀ ਅਰਜ਼ੀਕਾਰ ਵੱਲੋਂ ਦਾਖਲ ਕੀਤੇ ਸਾਰੇ ਦਸਤਾਵੇਜ਼ ਮੰਗੇ ਹਨ ਤਾਂ ਜੋ ਗੁਰੂ ਸਾਹਿਬਾਨ ਵਲੋਂ ਸਿੱਖਾਂ ਨੂੰ ਬਖਸ਼ੀ ਇਸ ਦਾਤ ਅਤੇ ਪੁਰਾਤਨ ਯੁੱਧ ਵਿੱਦਿਆ ਨੂੰ ਕਿਸੇ ਇੱਕ ਵਿਅਕਤੀ ਵੱਲੋਂ ਆਪਣੇ ਨਾਂ  ਹੇਠ ਮਲਕੀਅਤ ਦਰਜ ਕਰਾਉਣ ਸਬੰਧੀ ਦਿੱਤੇ ਸਬੂਤਾਂ ਅਤੇ ਦਸਤਾਵੇਜ਼ਾਂ ਦੀ ਪਡ਼ਚੋਲ ਕੀਤੀ ਜਾ ਸਕੇ।
 


KamalJeet Singh

Content Editor

Related News