ਕਰਤਾਰਪੁਰ ਲਾਂਘਾ : ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਖੁੱਲ੍ਹਾ ਸਹਾਇਤਾ ਕੇਂਦਰ

11/30/2019 12:46:44 PM

ਤਲਵੰਡੀ ਸਾਬੋ (ਮੁਨੀਸ਼) : ਕਰਤਾਰਪੁਰ ਲਾਂਘਾ ਖੁੱਲ੍ਹਣ ਮਗਰੋਂ ਸੰਗਤਾਂ 'ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਉਤਸ਼ਾਹ ਠਾਠਾਂ ਮਾਰ ਰਿਹਾ ਹੈ।

ਅਜਿਹੇ 'ਚ ਸ਼ਰਧਾਲੂਆਂ ਨੂੰ ਰਜਿਸਟ੍ਰੇਸ਼ਨ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਿਕ ਗੁਰੂਘਰਾਂ ਵਿਚ ਸ਼ਰਧਾਲੂਆਂ ਲਈ ਸਹਾਇਤਾ ਕੇਂਦਰ ਖੋਲਣ ਦੀ ਲੜੀ ਤਹਿਤ ਅੱਜ ਸਿੱਖ ਕੌਮ ਦੇ ਚੌਥੇ ਤਖ਼ਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਕਾਊਂਟਰ ਦੀ ਰਸਮੀ ਸ਼ੁਰੂਆਤ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸਮੂਹਿਕ ਤੌਰ 'ਤੇ ਕਾਰਵਾਈ।

ਇਸ ਮੌਕੇ ਹਲਕਾ ਤਲਵੰਡੀ ਸਾਬੋ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮੋਹਣ ਸਿੰਘ ਬੰਗੀ ਨੇ ਕਿਹਾ ਕਿ ਉਕਤ ਸਹਾਇਤਾ ਕਾਊਂਟਰ ਦੇ ਚਾਲੂ ਹੋ ਜਾਣ ਨਾਲ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਰਜਿਸਟ੍ਰੇਸ਼ਨ 'ਚ ਕੋਈ ਮੁਸ਼ਕਿਲ ਪੇਸ਼ ਨਹੀਂ ਆਵੇਗੀ ਤੇ ਹੁਣ ਲੋਕਾਂ ਨੂੰ ਪ੍ਰਾਈਵੇਟ ਕੰਪਿਊਟਰ ਆਪ੍ਰੇਟਰਾਂ ਤੋਂ ਆਰਥਕ ਲੁੱਟ ਕਰਵਾਉਣ ਦੀ ਕੋਈ ਲੋੜ ਨਹੀਂ। ਉਹ ਤਖਤ ਸਾਹਿਬ ਪੁੱਜ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਾਣ ਦੇ ਚਾਹਵਾਨ ਸ਼ਰਧਾਲੂ ਆਪਣਾ ਪਾਸਪੋਰਟ, ਆਧਾਰ ਕਾਰਡ ਦੀ ਰੰਗੀਨ ਫੋਟੋ ਕਾਪੀ ਅਤੇ ਰੰਗੀਨ ਪਾਸਪੋਰਟ ਸਾਈਜ਼ ਫੋਟੋਆਂ ਲਿਆ ਕੇ ਸਹਾਇਤਾ ਕਾਊਂਟਰ 'ਤੇ ਪੁੱਜ ਕੇ ਆਨਲਾਈਨ ਫਾਰਮ ਭਰ ਸਕਦੇ ਹਨ। ਉੱਧਰ ਵਿਸ਼ੇਸ਼ ਤੌਰ 'ਤੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਭਾਈ ਜਗਸੀਰ ਸਿੰਘ ਮਾਂਗੇਆਣਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾਲੂਆਂ ਨੂੰ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਲੈ ਜਾਣ ਅਤੇ ਲਿਆਉਣ ਲਈ ਬੱਸ ਸੇਵਾ ਵੀ ਜਲਦ ਸ਼ੁਰੂ ਕੀਤੀ ਜਾ ਰਹੀ ਹੈ ਤਾਂਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਉਨ੍ਹਾਂ ਮੰਗ ਕੀਤੀ ਕਿ ਜੇਕਰ ਪਾਸਪੋਰਟ ਦੀ ਸ਼ਰਤ ਦੋਵੇਂ ਸਰਕਾਰਾਂ ਖਤਮ ਕਰ ਦੇਣ ਤਾਂ ਸੰਗਤਾਂ ਵੱਡੀ ਗਿਣਤੀ 'ਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੀਆਂ।

ਇਸ ਮੌਕੇ ਭਾਈ ਜਗਸੀਰ ਸਿੰਘ ਮਾਂਗੇਆਣਾ ਅੰਤ੍ਰਿਗ ਮੈਂਬਰ, ਜਥੇ. ਗੁਰਤੇਜ ਸਿੰਘ ਢੱਡੇ, ਬੀਬੀ ਜੋਗਿੰਦਰ ਕੌਰ ਅਤੇ ਭਾਈ ਗੁਰਪ੍ਰੀਤ ਸਿੰਘ ਝੱਬਰ ਤਿੰਨੇ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਮਨਜੀਤ ਸਿੰਘ ਬੱਪੀਆਣਾ ਮੈਂਬਰ ਧਰਮ ਪ੍ਰਚਾਰ, ਭਾਈ ਪਰਮਜੀਤ ਸਿੰਘ ਮੈਨੇਜਰ ਤਖਤ ਸਾਹਿਬ, ਕੁਲਵਿੰਦਰ ਸਿੰਘ ਬੰਗੀ, ਗੁਰਦੇਵ ਸਿੰਘ ਸੰਧੂ ਅਤੇ ਗੁਰਸੇਵਕ ਸਿੰਘ ਕਿੰਗਰਾ ਆਦਿ ਹਾਜ਼ਰ ਸਨ।


cherry

Content Editor

Related News