ਦਾਖਲਾ ਨਾ ਮਿਲਣ ਤੇ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ

07/22/2019 3:10:42 PM

ਤਲਵੰਡੀ ਸਾਬੋ(ਮੁਨੀਸ਼) : ਸਥਾਨਕ ਗੁਰੁ ਕਾਸ਼ੀ ਕਾਲਜ ਵਿਚ ਬੀ. ਏ ਵਿਚ ਦਾਖਲਾ ਨਾ ਮਿਲਣ ਅਤੇ ਸੀਟਾਂ ਵਧਾਉਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਵਲੋਂ ਕਾਲਜ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਨੇ ਤਲਵੰਡੀ ਸਾਬੋ ਰਿਫਾਈਨਰੀ ਰੋਡ ਜਾਮ ਕਰਕੇ ਕਾਲਜ ਦੇ ਗੇਟ ਤੇ ਧਰਨਾ ਲਗਾ ਦਿੱਤਾ। ਵਿਦਿਆਰਥੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੀ ਵਾਰ ਬੀ. ਏ ਦੀਆਂ ਉਕਤ ਕਾਲਜ ਵਿਚ 470 ਸੀਟਾਂ ਭਰੀਆਂ ਗਈਆਂ ਸਨ ਪਰ ਇਸ ਵਾਰ 330 ਦੇ ਕਰੀਬ ਵਿਦਿਆਰਥੀਆਂ ਨੂੰ ਦਾਖਲੇ ਦੇ ਕੇ ਹੀ ਇਹ ਕਹਿ ਦਿੱਤਾ ਗਿਆ ਹੈ ਕਿ ਸੀਟਾਂ ਭਰ ਗਈਆਂ ਹਨ। ਉਨ੍ਹਾਂ ਕਥਿਤ ਦੋਸ਼ ਲਾਏ ਕਿ ਕਾਲਜ ਵਿਚ ਸੀਟਾਂ ਪਈਆਂ ਹੋਈਆਂ ਹਨ ਪਰ ਪ੍ਰਬੰਧਕ ਜਾਣਬੁੱਝ ਕੇ ਉਕਤ ਇਲਾਕੇ ਦੇ ਵਿਦਿਆਰਥੀਆਂ ਨੂੰ ਦਾਖਲੇ ਨਹੀਂ ਦੇ ਰਹੇ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਪਿਛਲੇ ਸਾਲ ਵਾਂਗ 470 ਸੀਟਾਂ ਹੀ ਭਰੀਆਂ ਜਾਣ।

ਉੱਧਰ ਰੋਡ ਜਾਮ ਦੀ ਸੂਚਨਾ ਮਿਲਦਿਆਂ ਹੀ ਤਲਵੰਡੀ ਸਾਬੋ ਥਾਣਾ ਮੁਖੀ ਗੁਰਵਿੰਦਰ ਸਿੰਘ ਸਰਾਂ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਮਨਾਉਣ ਦੀ ਕੋਸ਼ਿਸ ਕੀਤੀ ਪਰ ਵਿਦਿਆਰਥੀ ਆਪਣੀ ਮੰਗ ਤੇ ਅੜੇ ਰਹੇ। ਥਾਣਾ ਮੁਖੀ ਗੁਰਵਿੰਦਰ ਸਿੰਘ ਸਰਾਂ ਵਲੋਂ ਵਿਦਿਆਰਥੀਆਂ ਦੀ ਪ੍ਰਿੰਸੀਪਲ ਨਾਲ ਮੀਟਿੰਗ ਕਰਵਾਉਣ ਉਪਰੰਤ ਦਾਖਲੇ ਦੀ ਸਹਿਮਤੀ ਮਿਲਣ 'ਤੇ ਵਿਦਿਆਰਥੀਆਂ ਨੇ ਧਰਨਾ ਚੁੱਕ ਲਿਆ।

ਸੀਟਾਂ ਵਧਾਉਣ ਅਤੇ ਸਟਾਫ ਦੀ ਮੰਗ ਨੂੰ ਲੈ ਕੇ ਯੂਨੀਵਰਸਿਟੀ ਨੂੰ ਲਿਖਿਆ ਜਾਵੇਗਾ : ਕਾਲਜ ਪ੍ਰਿੰਸੀਪਲ
ਕਾਲਜ ਪ੍ਰਿੰਸੀਪਲ ਡਾ. ਆਨੰਦ ਬਾਂਸਲ ਦੱਸਿਆ ਕਾਲਜ ਵਿਚ 330 ਦੇ ਕਰੀਬ ਹੀ ਸੀਟਾਂ ਹਨ ਜਿਸ ਲਈ ਕੌਂਸਲਿੰਗ ਚੱਲ ਰਹੀ ਹੈ ਤੇ ਜਿਨ੍ਹਾਂ ਵਿਦਿਆਰਥੀਆਂ ਨੇ ਫਾਰਮ ਭਰੇ ਹਨ ਉਨ੍ਹਾਂ ਨੂੰ ਦਾਖਲੇ ਦੇਵਾਂਗੇ। ਉਨ੍ਹਾਂ ਕਿਹਾ ਬੀ. ਏ. ਦੀਆਂ ਸੀਟਾਂ ਦੇ ਨਾਲ-ਨਾਲ ਸਟਾਫ ਵਧਾਉਣ ਲਈ ਯੂਨੀਵਰਸਿਟੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਜਾਵੇਗੀ।

ਸਾਬਕਾ ਅਕਾਲੀ ਵਿਧਾਇਕ ਉਤਰੇ ਵਿਦਿਆਰਥੀਆਂ ਦੇ ਹੱਕ ਵਿਚ :
ਵਿਦਿਆਰਥੀਆਂ ਦੇ ਸੰਘਰਸ਼ ਦੀ ਹਿਮਾਇਤ ਵਿਚ ਉਤਰਦਿਆਂ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ 2015 ਵਿਚ ਸਭ ਤੋਂ ਪਹਿਲਾਂ ਕਾਲਜ ਪ੍ਰਬੰਧਕਾਂ ਨੇ ਹਲਕੇ ਦੇ ਵਿਦਿਆਰਥੀਆਂ ਨੂੰ ਦਾਖਲੇ ਨਾ ਦੇਣ ਦੀ ਵਜ੍ਹਾ ਇਮਾਰਤ ਨਾ ਹੋਣਾ ਦੱਸਿਆ ਤਾਂ ਉਨ੍ਹਾਂ ਨੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦੌਰਾ ਕਰਵਾਕੇ 6 ਕਰੋੜ ਰੁਪਏ ਦਿਵਾ ਕੇ ਇਮਾਰਤ ਬਣਵਾਈ। ਫਿਰ ਵਿਦਿਆਰਥੀਆਂ ਦੀ ਮੰਗ 'ਤੇ ਉਨ੍ਹਾਂ ਨੇ ਬੀ. ਏ ਦੀਆਂ 100 ਸੀਟਾਂ ਯੂਨੀਵਰਸਿਟੀ ਤੋਂ ਵਧਵਾ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਹੁਣ ਸੀਟਾਂ ਖਾਲੀ ਪਈਆਂ ਹੋਣ ਦੇ ਬਾਵਜੂਦ ਇਲਾਕੇ ਦੇ ਵਿਦਿਆਰਥੀਆਂ ਨੂੰ ਜਾਣਬੁੱਝ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਪ੍ਰੰਤੂ ਅਜਿਹਾ ਹੋਣ ਨਹੀਂ ਦਿੱਤਾ ਜਾਵੇਗਾ।

ਜਾਮ ਕਰਕੇ ਰਿਫਾਈਨਰੀ ਦੀ ਆਵਜਾਈ ਵਿਚ ਮੁਸ਼ਕਲ
ਵਿਦਿਆਰਥੀਆਂ ਵੱਲ ਤਲਵੰਡੀ ਸਾਬੋ ਦੀ ਰਿਫਾਈਨਰੀ ਰੋਡ 'ਤੇ ਜਾਮ ਲਾਉਣ ਕਰਕੇ ਰਿਫਾਈਨਰੀ ਤੋਂ ਆਉਣ ਵਾਲੇ ਗੈਸ ਟੈਂਕਰ ਤੇ ਟੱਰਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਰਕੇ ਇਕ ਕਿਲੋਮੀਟਰ ਤੱਕ ਟਰੱਕਾਂ ਦੀ ਲਾਈਨ ਲੱਗ ਗਈ ਸੀ।

cherry

This news is Content Editor cherry