3 ਸਾਲ ਤੋਂ ਵਧੇਰੇ ਦਾ ਸਮਾਂ ਬੀਤਣ ਦੇ ਬਾਵਜੂਦ ਅਜੇ ਵੀ ਸ਼ੁਰੂ ਨਹੀਂ ਹੋਇਆ ਬਾਇਓ ਈਥਾਨੋਲ ਪਲਾਂਟ

02/07/2020 4:31:46 PM

ਤਲਵੰਡੀ ਸਾਬੋ (ਮਨੀਸ਼) : ਪੰਜਾਬ ਵਿਚ ਪਰਾਲੀ ਸਾੜਨ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੀ ਸਮੱਸਿਆ ਹੱਲ ਕਰਨ ਅਤੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡ ਨਸੀਬਪੁਰਾ (ਕੈਲੇਬਾਂਦਰ) ਵਿਖੇ ਪੰਜਾਬ ਦਾ ਪਹਿਲੇ ਬਾਇਓ ਈਥਾਨੋਲ ਪਲਾਂਟ ਦਾ ਨੀਂਹ ਪੱਥਰ ਰੱਖਿਆ ਸੀ ਪਰ 3 ਸਾਲ ਤੋਂ ਵਧੇਰੇ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਸ ਜਗ੍ਹਾ 'ਤੇ ਸਿਰਫ ਚਾਰਦੀਵਾਰੀ ਹੀ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਇਸ ਪ੍ਰਜੈਕਟ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਤੇਜੀ ਨਾਲ ਕੰਮ ਚੱਲ ਰਿਹਾ ਹੈ ਇਸ ਪ੍ਰਾਜੈਕਟ ਨੂੰ ਸ਼ੁਰੂ ਹੋਣ ਵਿਚ ਅਜੇ ਹੋਰ ਸਮਾਂ ਲੱਗੇਗਾ।

ਦੱਸਦਯੋਗ ਹੈ ਕਿ ਪਿੰਡ ਨਸੀਬਪੁਰਾ ਵਿਚ 49 ਏਕੜ ਜ਼ਮੀਨ ਵਿਚ ਸਥਾਪਿਤ ਹੋਣ ਵਾਲੇ ਬਾਇਓ ਈਥਾਨੋਲ ਪਲਾਂਟ ਦਾ 25 ਦਸੰਬਰ 2016 ਨੂੰ ਰਸਮੀ ਤੌਰ 'ਤੇ ਨੀਂਹ ਪੱਥਰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹਿੰਦੁਸਤਾਨ ਪੈਟਰੋਲੀਅਮ ਦੇ ਕਾਰਜਕਾਰੀ ਡਾਇਰੈਕਟਰ ਅਨਿਲ ਪਾਂਡੇ ਦੀ ਹਾਜ਼ਰੀ ਵਿਚ ਰੱਖਿਆ ਸੀ। ਇਸ ਦੀ ਸਥਾਪਤੀ ਨਾਲ ਕਿਸਾਨਾਂ ਦੇ ਨਾਲ-ਨਾਲ ਪੰਜਾਬ ਨੂੰ ਅਤੇ ਦੇਸ਼ ਨੂੰ ਵੱਡਾ ਫਾਇਦਾ ਹੋਣ ਦਾ ਦਾਅਵਾ ਵੀ ਕੀਤਾ ਗਿਆ ਸੀ, ਕਿਉਂਕਿ ਇਸ ਪਲਾਂਟ ਦੀ ਸਥਾਪਤੀ ਨਾਲ ਜਿੱਥੇ ਪ੍ਰਦੂਸ਼ਿਤ ਵਾਤਾਵਰਨ ਨੂੰ ਠੱਲ੍ਹ ਪਾਈ ਜਾ ਸਕੇਗੀ, ਉੱਥੇ ਹੀ ਕਿਸਾਨਾਂ ਦੀ ਆਮਦਨੀ ਵਿਚ ਵੀ ਵਾਧਾ ਹੋਵੇਗਾ। ਇਸ ਪਲਾਂਟ ਵਿਚ ਰੋਜ਼ਾਨਾ 400 ਟਨ ਪਰਾਲੀ ਦੀ ਖਪਤ ਹੋ ਸਕੇਗੀ 3.20 ਕਰੋੜ ਲੀਟਰ ਐਥਨੋਲ ਸਾਲਾਨਾ ਬਣੇਗੀ। ਇਸ ਨਾਲ ਸੂਬੇ ਦੀ 26 ਫੀਸਦੀ ਈਥਾਨੋਲ ਸੰਬੰਧੀ ਜ਼ਰੂਰਤ ਪੂਰੀ ਹੋ ਸਕੇਗੀ। ਇਸ ਪ੍ਰੋਜੈਕਟ ਰਾਹੀਂ 3 ਲੱਖ ਕਿਸਾਨਾਂ ਨੂੰ ਸਾਲਾਨਾ 19.20 ਕਰੋੜ ਰੁਪਏ ਦੀ ਸਾਲਾਨਾ ਵਾਧੂ ਆਮਦਨ ਹੋਵੇਗੀ। ਇਸ ਪ੍ਰੋਜੈਕਟ ਨਾਲ 32000 ਮੀਟ੍ਰਿਕ ਟਨ ਸਾਲਾਨਾ ਬਾਇਓ ਖਾਦ ਤਿਆਰ ਹੋਵੇਗੀ, ਜੋ ਕਿ ਸੂਬੇ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿਚ ਸਹਾਈ ਹੋਵੇਗੀ।

ਉਸ ਸਮੇਂ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਬਾਇਓ ਈਥਾਨੋਲ ਪਲਾਂਟ ਦੇ ਨਸੀਬਪੁਰਾ ਵਿਚ ਲੱਗਣ ਨਾਲ ਇਲਾਕੇ ਦੇ ਨੋਜਵਾਨਾਂ ਨੂੰ ਰੁਜ਼ਗਾਰ ਮਿਲਣ ਦਾ ਦਾਅਵਾ ਕੀਤਾ ਸੀ ਪਰ ਇਸ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋਣ ਦੇ ਬਾਵਜੂਦ ਅਜੇ ਸਿਰਫ ਇਸ ਦੀ ਚਾਰਦੀਵਾਰੀ ਹੀ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਸ ਪ੍ਰਾਜੈਕਟ ਨੂੰ ਜਲਦੀ ਪੂਰਾ ਕਰਕੇ ਕਿਸਾਨਾਂ ਤੋਂ ਪਰਾਲੀ ਲੈਣੀ ਸ਼ੁਰੂ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਆਮਦਨ ਦੇ ਨਾਲ-ਨਾਲ ਪਰਾਲੀ ਨੂੰ ਸਾੜਨ ਤੋਂ ਰਾਹਤ ਮਿਲ ਸਕੇ।

cherry

This news is Content Editor cherry