ਕਾਂਗਰਸ ਸਰਕਾਰ ''ਚ ਆਮ ਵਿਅਕਤੀ ਦੀ ਨਹੀਂ ਹੋ ਰਹੀ ਕੋਈ ਸੁਣਵਾਈ : ਬਲਜਿੰਦਰ ਕੌਰ

01/07/2020 11:39:56 AM

ਰਾਮਾਂ ਮੰਡੀ (ਪਰਮਜੀਤ, ਮਨੀਸ਼) : ਰਾਮਾਂ ਮੰਡੀ 'ਚ ਸੀਵਰੇਜ ਦੀ ਸਮੱਸਿਆ ਅਤੇ ਪਾਵਰਕਾਮ ਵੱਲੋਂ ਰਿਫਾਇਨਰੀ ਨੂੰ ਸਪਲਾਈ ਦੇਣ ਲਈ ਕਿਸਾਨਾਂ ਦੇ ਖੇਤਾਂ 'ਚ ਲਗਾਏ ਜਾ ਬਿਜਲੀ ਖੰਭਿਆਂ ਕਾਰਨ ਹਲਕਾ ਤਲਵੰਡੀ ਸਾਬੋ ਤੋਂ ਐੱਮ. ਐੱਲ. ਏ. ਪ੍ਰੋ. ਬਲਜਿੰਦਰ ਕੌਰ ਨੇ ਨਗਰ ਕੌਂਸਲ ਰਾਮਾਂ 'ਚ ਪ੍ਰੈੱਸ ਕਾਨਫਰੰਸ ਕੀਤੀ।

ਐੱਮ.ਐੱਲ.ਏ. ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਚ ਆਮ ਵਿਅਕਤੀ ਦੀ ਕੋਈ ਸੁਣਵਾਈ ਨਹੀਂ ਹੈ, ਦਿਨ-ਦਿਹਾੜੇ ਰਾਮਾਂ ਮੰਡੀ ਵਿਚ ਚਿੱਟਾ ਵਿਕ ਰਿਹਾ ਹੈ, ਹਰਿਆਣਾ ਤੋਂ ਨਾਜਾਇਜ਼ ਸ਼ਰਾਬ ਆ ਰਹੀ ਹੈ, ਕੈਪਟਨ ਸਰਕਾਰ ਨਸ਼ੇ ਬੰਦ ਕਰਨ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਝੂਠਾ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਅਕਾਲੀ ਦਲ ਨੇ ਪੰਜਾਬ ਨੂੰ ਖਤਮ ਕੀਤਾ ਸੀ, ਉਸ ਰਾਹ 'ਤੇ ਕਾਂਗਰਸ ਸਰਕਾਰ ਪੰਜਾਬ ਨੂੰ ਤਬਾਹ ਕਰਨ 'ਤੇ ਚੱਲੀ ਹੋਈ ਹੈ। ਐੱਮ.ਐੱਲ.ਏ. ਪ੍ਰੋ. ਬਲਜਿੰਦਰ ਕੌਰ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਵੱਲੋਂ ਕਿਸਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤੇ ਕਿਸਾਨਾਂ ਦੇ ਖੇਤਾਂ ਵਿਚ ਬਿਜਲੀ ਦੇ ਖੰਭੇ ਲਗਾਏ ਤਾਂ ਆਮ ਆਦਮੀ ਪਾਰਟੀ ਸੜਕਾਂ 'ਤੇ ਉੱਤਰ ਕੇ ਸੰਘਰਸ਼ ਸ਼ੁਰੂ ਕਰੇਗੀ। ਐੱਮ.ਐੱਲ.ਏ. ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਰਾਮਾਂ ਮੰਡੀ ਵਾਸੀਆਂ ਦੀ ਪੁਰਾਣੀ ਮੰਗ ਹਸਪਤਾਲ ਵਿਚ ਡਾਕਟਰ ਤਾਇਨਾਤ ਕਰਨ ਦੀ ਸੀ, ਜਿਸ ਨੂੰ ਸਰਕਾਰ ਪੂਰਾ ਨਹੀਂ ਕਰ ਸਕੀ।

ਇਸ ਮੌਕੇ ਐੱਮ.ਐੱਲ.ਏ. ਬਲਜਿੰਦਰ ਕੌਰ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਲੋਕਾਂ ਦੇ ਨਾਲ ਕਈ ਵਾਅਦੇ ਕੀਤਾ ਸਨ ਪਰ ਕਾਂਗਰਸ ਸਰਕਾਰ ਬਣਨ ਤੋਂ ਬਆਦ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਵਿਧਾਇਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਹਲਕੇ ਤਲਵੰਡੀ ਸਾਬੋ ਵਿਚ ਚੋਰੀਆਂ ਅਤੇ ਲੁੱਟ-ਖਸੁੱਟ ਹੋ ਰਹੀ ਹੈ, ਜਿਸ ਕਾਰਣ ਸਭ ਤੋਂ ਵੱਧ ਪੀੜਤ ਰਾਮਾਂ ਮੰਡੀ ਦੇ ਲੋਕ ਹਨ। ਸੀਵਰੇਜ ਸਿਸਟਮ ਦਾ ਬੁਰਾ ਹਾਲ ਹੋਣ ਕਾਰਨ ਰਾਮਾਂ ਮੰਡੀ ਦੇ ਲੋਕਾਂ ਦੇ ਘਰਾਂ ਵਿਚ ਗੰਦਾ ਪਾਣੀ ਫਿਰ ਰਿਹਾ ਹੈ ਅਤੇ ਲੋਕ ਦੂਸ਼ਿਤ ਪਾਣੀ ਪੀ ਕੇ ਬੀਮਾਰੀਆਂ ਨਾਲ ਪੀੜਤ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਇਸ ਮੌਕੇ ਉਨ੍ਹਾਂ ਨਾਲ ਸਰਪੰਚ ਨਛੱਤਰ ਸਿੰਘ, ਐਡਵੋਕੇਟ ਸੰਜੀਵ ਲਹਿਰੀ ਆਦਿ ਆਗੂ ਹਾਜ਼ਰ ਸਨ।

cherry

This news is Content Editor cherry