ਸੰਘਣੀ ਧੁੰਦ ਕਾਰਨ ਘੋਨੇ ਪੁਲ਼ ਤੋਂ ਰਜਵਾਹੇ 'ਚ ਡਿੱਗੀ ਸਵਿਫਟ ਕਾਰ, JCB ਨਾਲ ਕੱਢੀ ਬਾਹਰ

01/02/2023 7:17:18 PM

ਭਵਾਨੀਗੜ੍ਹ (ਵਿਕਾਸ ਮਿੱਤਲ/ਤਰਸੇਮ ਕਾਂਸਲ)- ਬੀਤੀ ਰਾਤ ਸੰਘਣੀ ਧੁੰਦ ਦੌਰਾਨ ਪਿੰਡ ਬਲਿਆਲ ਨੇੜੇ ਰਜਵਾਹੇ ਦੇ ਬਿਨਾਂ ਰੇਲਿੰਗ ਵਾਲੇ ਘੋਨੇ ਪੁਲ਼ ਤੋਂ ਇਕ ਕਾਰ ਬੇਕਾਬੂ ਹੋ ਕੇ ਅਚਾਨਕ ਰਜਵਾਹੇ ਵਿਚ ਜਾ ਡਿੱਗੀ। ਰਾਹਤ ਦੀ ਗੱਲ ਰਹੀ ਕਿ ਹਾਦਸੇ ਸਮੇਂ ਰਜਵਾਹੇ 'ਚ ਪਾਣੀ ਨਹੀਂ ਸੀ ਜਿਸ ਕਾਰਨ ਕਾਰ 'ਚ ਸਵਾਰ 4 ਲੋਕਾਂ ਦਾ ਵਾਲ-ਵਾਲ ਬਚਾਅ ਹੋ ਗਿਆ ਪਰੰਤੂ ਅੰਦਰੂਨੀ ਸੱਟਾਂ ਵੱਜਣ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਂਦਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਅਗਲੇ ਹਫ਼ਤੇ ਜਾਣਾ ਸੀ ਵਿਦੇਸ਼, ਪਹਿਲਾਂ ਹੀ ਵਾਪਰ ਗਿਆ ਦਰਦਨਾਕ ਹਾਦਸਾ, ਮੌਤ

ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਦਸਾ ਰਾਤ 10 ਵਜੇ ਦੇ ਕਰੀਬ ਵਾਪਰਿਆ। ਲੋਕਾਂ ਦੇ ਦੱਸਣ ਮੁਤਾਬਕ ਬਲਿਆਲ ਵੱਲੋਂ ਆਉਂਦੀ ਇਕ ਸਵਿਫਟ ਡਿਜ਼ਾਇਰ ਕਾਰ ਜਿਸ ਵਿਚ 4 ਲੋਕ ਸਵਾਰ ਸਨ, ਭਵਾਨੀਗੜ੍ਹ ਜਾਂਦੇ ਸਮੇਂ ਸੰਘਣੀ ਧੁੰਦ, ਘੱਟ ਰੋਸ਼ਨੀ ਅਤੇ ਪੁਲ਼ 'ਤੇ ਕੋਈ ਰੇਲਿੰਗ ਵਗੈਰਾ ਨਾ ਹੋਣ ਕਾਰਨ ਅਚਾਨਕ ਬੇਕਾਬੂ ਹੋ ਕੇ ਰਜਵਾਹੇ ਵਿਚ ਜਾ ਡਿੱਗੀ। ਹਾਦਸੇ ਤੋਂ ਬਾਅਦ ਭਾਰੀ ਜੱਦੋ ਜਹਿਦ ਮਗਰੋਂ ਕਾਰ ਸਵਾਰਾਂ ਨੂੰ ਰਜਵਾਹੇ 'ਚੋਂ ਬਾਹਰ ਕੱਢਿਆ ਗਿਆ। ਲੋਕਾਂ ਨੇ ਦੱਸਿਆ ਕਿ ਹਾਦਸੇ ਵਿਚ ਕਾਰ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਹਾਦਸੇ ਦਾ ਸ਼ਿਕਾਰ ਹੋਈ ਕਾਰ ਨੂੰ ਅੱਜ ਸਵੇਰੇ ਜੇਸੀਬੀ ਮਸ਼ੀਨ ਦੀ ਮਦਦ ਨਾਲ ਰਾਜਵਾਹੇ 'ਚੋਂ ਬਾਹਰ ਕੱਢਿਆ ਗਿਆ।

ਇਹ ਖ਼ਬਰ ਵੀ ਪੜ੍ਹੋ - ਪੇਕੇ ਗਈ ਪਤਨੀ ਨੂੰ ਫ਼ੋਨ ਕਰ ਕੇ ਕਿਹਾ 'ਮੈਂ ਖੁਦਕੁਸ਼ੀ ਕਰ ਰਿਹਾ ਹਾਂ' ਤੇ ਫਾਹੇ ਨਾਲ ਝੂਲ ਗਿਆ ਪਤੀ

ਉੱਧਰ, ਸਥਾਨਕ ਲੋਕਾਂ ਦਾ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਦੇ ਖ਼ਿਲਾਫ਼ ਭਾਰੀ ਰੋਸ ਵੇਖਣ ਨੂੰ ਮਿਲਿਆ। ਆਸਪਾਸ ਦੇ ਲੋਕਾਂ ਦਾ ਆਖਣਾ ਸੀ ਕਿ ਪ੍ਰਸ਼ਾਸਨ ਵੱਲੋਂ ਰਜਵਾਹੇ ਦੀਆਂ ਕੰਢਿਆਂ 'ਤੇ ਕੋਈ ਰੇਲਿੰਗ ਜਾਂ ਦੀਵਾਰ ਨਹੀਂ ਬਣਾਈ ਗਈ। ਹੋਰ ਤਾਂ ਹੋਰ ਰਾਤ ਸਮੇਂ ਪੁਲ਼ ਨੇੜੇ ਕੋਈ ਰੌਸ਼ਨੀ ਦਾ ਪ੍ਰਬੰਧ ਵੀ ਨਹੀਂ ਕੀਤਾ ਗਿਆ ਜਿਸ ਕਾਰਨ ਇਸ ਰਜਵਾਹੇ ਦੇ ਘੋਨੇ ਪੁਲ਼ ਕਾਰਨ ਵਾਹਨ ਚਾਲਕਾਂ ਨਾਲ ਨਿੱਤ ਛੋਟੇ-ਵੱਡੇ ਹਾਦਸੇ ਵਾਪਰਦੇ ਹਨ। ਉਨ੍ਹਾਂ ਦੱਸਿਆ ਕਿ ਪੁਲ਼ 'ਤੇ ਰਲਿੰਗ ਵਗੈਰਾ ਲਗਾਉਣ ਸਬੰਧੀ ਕਈ ਵਾਰ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਮੰਗ ਕਰ ਚੁੱਕੇ ਹਨ ਪਰੰਤੂ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਵੱਲ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra