ਵਿਦੇਸ਼ਾਂ ''ਚ ਫਸੇ ਸੈਂਕੜੇ ਨੌਜਵਾਨਾਂ ਦੀ ਸੁਸ਼ਮਾ ਸਵਰਾਜ ਨੇ ਕਰਵਾਈ ਦੇਸ਼ ਵਾਪਸੀ : ਭਗਵੰਤ ਮਾਨ

08/07/2019 8:59:36 PM

ਸੰਗਰੂਰ/ਸ਼ੇਰਪੁਰ,(ਸਿੰਗਲਾ) : ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਹੋਈ ਬੇਵਕਤੀ ਮੌਤ 'ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਦੂਜੀ ਵਾਰ ਚੁਣੇ ਗਏ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪ੍ਰਧਾਨ 'ਆਪ' ਪੰਜਾਬ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਸੁਸ਼ਮਾ ਸਵਰਾਜ ਦੇ ਵਿਦੇਸ਼ ਮੰਤਰੀ ਹੁੰਦੇ ਸਮੇਂ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਰੋਜ਼ਗਾਰ ਦੀ ਭਾਲ 'ਚ ਤੇ ਏਜੰਟਾਂ ਵੱਲੋਂ ਗਲਤ ਤਰੀਕੇ ਨਾਲ ਭੇਜੇ ਗਏ ਤੇ ਵਿਦੇਸ਼ਾਂ 'ਚ ਫਸੇ ਸੈਂਕੜੇ ਨੌਜਵਾਨਾਂ ਦੀ ਦੇਸ਼ ਵਾਪਸੀ ਕਰਵਾਈ ਹੈ। ਸੁਸ਼ਮਾ ਸਵਰਾਜ ਵੱਲੋਂ ਸਮਾਜ ਪ੍ਰਤੀ ਕੀਤੇ ਚੰਗੇ ਕੰਮਾਂ ਨੂੰ ਅਤੇ ਉਨ੍ਹਾਂ ਦੇ ਨਿੱਘੇ ਤੇ ਮਿਲਣਸਾਰ ਸੁਭਾਅ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਹਲਕਾ ਲਹਿਰਾਗਾਗਾ, ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਪੀ. ਆਰ. ਟੀ. ਸੀ. ਦੇ ਸਾਬਕਾ ਉਪ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ ਆਦਿ ਆਗੂਆਂ ਨੇ ਵੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ।