ਡੇਢ ਲੱਖ ਰੁਪਏ ਹੜੱਪਣ ਲਈ ਡਰਾਮਾ ਰਚਣ ਵਾਲਾ ਸੁਪਰਵਾਈਜ਼ਰ ਕਾਬੂ

09/14/2019 11:27:08 AM

ਮੋਗਾ (ਆਜ਼ਾਦ)—ਕਲੀਅਰ ਸਕਿਓਰਿਟੀ ਸਰਵਿਸ ਪ੍ਰਾਈਵੇਟ ਲਿਮਟਿਡ ਲੁਧਿਆਣਾ, ਜੋ ਏ. ਟੀ. ਐੱਮ. ਮਸ਼ੀਨਾਂ ਦੀ ਦੇਖ-ਭਾਲ ਦਾ ਕੰਮ ਕਰਦੀ ਹੈ, ਦੇ ਇਕ ਸੁਪਰਵਾਈਜ਼ਰ ਮੰਗਲ ਸਿੰਘ ਨੇ ਮੁਲਾਜ਼ਮਾਂ ਦੀ ਤਨਖਾਹ 'ਚੋਂ ਡੇਢ ਲੱਖ ਰੁਪਏ ਹੜੱਪਣ ਲਈ ਮਨਘੜਤ ਕਹਾਣੀ ਰਚੀ ਅਤੇ ਕਿਹਾ ਕਿ ਅੱਖਾਂ 'ਚ ਮਿਰਚਾਂ ਪਾ ਕੇ ਅਣਪਛਾਤੇ ਲੁਟੇਰੇ ਉਸ ਕੋਲੋਂ ਡੇਢ ਲੱਖ ਰੁਪਏ ਖੋਹ ਕੇ ਲੈ ਗਏ ਹਨ। ਇਸ ਦੌਰਾਨ ਪੁਲਸ ਨੇ ਜਾਂਚ ਦੇ ਬਾਅਦ ਸੁਪਰਵਾਈਜ਼ਰ ਮੰਗਲ ਸਿੰਘ ਨਿਵਾਸੀ ਪਿੰਡ ਮਸੀਤਾਂ ਨੂੰ ਕਾਬੂ ਕਰ ਲਿਆ।

ਕੀ ਹੈ ਸਾਰਾ ਮਾਮਲਾ
ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 12 ਸਤੰਬਰ ਨੂੰ ਮੰਗਲ ਸਿੰਘ ਪੁੱਤਰ ਸਤਪਾਲ ਸਿੰਘ ਨਿਵਾਸੀ ਪਿੰਡ ਮਸੀਤਾਂ ਨੇ ਸ਼ਿਕਾਇਤ ਪੱਤਰ ਦੇ ਕੇ ਕਿਹਾ ਕਿ ਉਹ ਆਪਣੀ ਕੰਪਨੀ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਜਦੋਂ ਡੇਢ ਲੱਖ ਰੁਪਏ ਲੈ ਕੇ ਮੋਟਰਸਾਈਕਲ 'ਤੇ ਕੋਟ ਈਸੇ ਖਾਂ ਤੋਂ ਮੋਗਾ ਆ ਰਿਹਾ ਸੀ ਤਾਂ ਰਸਤੇ ਵਿਚ ਲੁਹਾਰਾ ਬਾਈਪਾਸ 'ਤੇ ਇਕ ਢਾਬੇ ਕੋਲ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਦੀਆਂ ਅੱਖਾਂ ਵਿਚ ਮਿਰਚਾ ਪਾ ਕੇ ਉਸ ਕੋਲੋਂ ਡੇਢ ਲੱਖ ਰੁਪਏ ਖੋਹ ਲਏ, ਜਦ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਉਕਤ ਮਾਮਲਾ ਸ਼ੱਕ ਦੇ ਘੇਰੇ ਵਿਚ ਆ ਗਿਆ। ਇਸ ਦੌਰਾਨ ਪੁਲਸ ਨੇ ਜਦੋਂ ਮੰਗਲ ਸਿੰਘ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਕਿਹਾ ਕਿ ਡੇਢ ਲੱਖ ਰੁਪਏ ਹੜੱਪਣ ਲਈ ਹੀ ਮੈਂ ਇਹ ਲੁੱਟ ਦਾ ਡਰਾਮਾ ਰਚਿਆ ਸੀ।

ਕੀ ਹੋਈ ਪੁਲਸ ਕਾਰਵਾਈ
ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਲੀਅਰ ਸਕਿਓਰਿਟੀ ਸਰਵਿਸ ਪ੍ਰਾਈਵੇਟ ਲਿਮਟਿਡ ਦੇ ਰਿਜਨਲ ਮੁਖੀ ਰਾਮਕੇਸ਼ ਪੁੱਤਰ ਚੰਦਰਪਾਲ ਨਿਵਾਸੀ ਸ਼ਿਮਲਾਪੁਰੀ (ਲੁਧਿਆਣਾ) ਦੀ ਸ਼ਿਕਾਇਤ 'ਤੇ ਉਕਤ ਕੰਪਨੀ ਦੇ ਸੁਪਰਵਾਈਜ਼ਰ ਮੰਗਲ ਸਿੰਘ ਨਿਵਾਸੀ ਪਿੰਡ ਮਸੀਤਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਨੇ ਪੁਲਸ ਨੂੰ ਦੱਸਿਆ ਕਿ ਸਾਡੀ ਕੰਪਨੀ ਏ. ਟੀ. ਐੱਮ. ਮਸ਼ੀਨਾਂ ਦੀ ਦੇਖ-ਭਾਲ ਦਾ ਕੰਮ ਕਰਦੀ ਹੈ, ਜਿਸ ਦਾ ਮੁੱਖ ਦਫਤਰ ਮੁੰਬਈ ਹੈ। ਮੰਗਲ ਸਿੰਘ ਜਗਰਾਓਂ ਸਰਕਲ ਦਾ ਸੁਪਰਵਾਈਜ਼ਰ ਹੈ। ਬੀਤੀ 9 ਸਤੰਬਰ ਨੂੰ ਕੰਪਨੀ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਡੇਢ ਲੱਖ ਰੁਪਏ ਮੁਲਾਜ਼ਮਾਂ ਨੂੰ ਦੇਣ ਲਈ ਮੰਗਲ ਸਿੰਘ ਦੇ ਖਾਤੇ ਵਿਚ ਪਾ ਦਿੱਤੇ ਗਏ ਪਰ ਉਸ ਨੇ ਉਸ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੱਤੀ ਅਤੇ 3-4 ਦਿਨਾਂ ਤੋਂ ਟਾਲ-ਮਟੋਲ ਕਰਦਾ ਰਿਹਾ। ਅੱਜ ਸਾਨੂੰ ਮੁੱਖ ਦਫਤਰ ਤੋਂ ਫੋਨ ਆਇਆ ਕਿ ਮੰਗਲ ਸਿੰਘ ਸੁਪਰਵਾਈਜ਼ਰ, ਜੋ ਮੁਲਾਜ਼ਮਾਂ ਨੂੰ ਤਨਖਾਹ ਦੇ ਡੇਢ ਲੱਖ ਦੇਣ ਲਈ ਕੋਟ ਈਸੇ ਖਾਂ ਤੋਂ ਮੋਗਾ ਆ ਰਿਹਾ ਸੀ ਤਾਂ ਰਸਤੇ ਵਿਚ ਲੁਟੇਰਿਆਂ ਨੇ ਉਸ ਦੀਆਂ ਅੱਖਾਂ ਵਿਚ ਮਿਰਚਾ ਪਾ ਕੇ ਪੈਸਿਆਂ ਵਾਲਾ ਬੈਗ ਖੋਹ ਲਿਆ ਹੈ ਅਤੇ ਫਰਾਰ ਹੋ ਗਏ, ਜਿਸ 'ਤੇ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ ਪਰ ਉਸ ਵੱਲੋਂ ਮੁਲਾਜ਼ਮਾਂ ਦੀ ਤਨਖਾਹ ਹੜੱਪਣ ਲਈ ਮਨਘੜਤ ਕਹਾਣੀ ਬਣਾ ਕੇ ਪੈਸੇ ਹੜੱਪਣ ਦਾ ਯਤਨ ਕੀਤਾ ਗਿਆ।

ਅਦਾਲਤ ਨੇ ਦਿੱਤਾ 1 ਦਿਨ ਦਾ ਪੁਲਸ ਰਿਮਾਂਡ
ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਥਾਣੇਦਾਰ ਸੰਦੀਪ ਸਿੰਘ ਨੇ ਕਿਹਾ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਦਾ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ। ਪੁੱਛਗਿੱਛ ਜਾਰੀ ਹੈ।


Shyna

Content Editor

Related News